ਜਗਦੀਸ਼ ਗਗਨੇਜਾ ਮਾਮਲੇ ਵਿਚ ਪੰਜਾਬ ਪੁਲਿਸ ਵਲੋਂ ਕੀਤੀ ਜਾਂਚ ਤੋਂ ਸੀ.ਬੀ.ਆਈ. ਸੰਤੁਸ਼ਟ
ਵਾਰ-ਵਾਰ ਸਟੈਂਡ ਬਦਲਣ ਨਾਲ ਸਿੱਧੂ ਦੀ ਭਰੋਸੋਯੋਗਤਾ ਜ਼ੀਰੋ ਹੋਈ
ਫਿਲੌਰ ਵਿਖੇ ਸੰਗਤ ਦਰਸ਼ਨ ਦੌਰਾਨ ਯੋਗ ਵਿਅਕਤੀਆਂÎ ਦੇ ਨੀਲੇ ਕਾਰਡ ਬਣਾਉਣ ਦੇ ਨਿਰਦੇਸ਼
ਗੋਰਾਇਆ (ਜਲੰਧਰ), 23 ਸਤੰਬਰ 2016: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਰਤ ਨੂੰ ਉੜੀ ਵਿਖੇ ਪਾਕਿਸਤਾਨ ਵਲੋਂ ਕੀਤੇ ਹਮਲੇ ਦਾ ਢੁੱਕਵਾਂ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਪਾਕਿਸਾਤਨੀ ਏਜੰਸੀ ਆਈ.ਐਸ.ਆਈ. ਵਲੋਂ ਪੰਜਾਬ ਤੇ ਜੰਮੂ ਕਸ਼ਮੀਰ ਵਿਚ ਸ਼ਾਂਤੀ ਭੰਗ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅੱਜ ਇੱਥੇ ਫਿਲੌਰ ਹਲਕੇ ਦੇ ਲੋਕਾਂÎ ਦੀਆਂ ਸਮੱਸਿਆਵਾਂ ਸੁਣਨ ਤੇ ਵਿਕਾਸ ਲਈ ਗ੍ਰਾਂਟਾਂ ਜਾਰੀ ਕਰਨ ਲਈ ਕੀਤੇ ਜਾ ਰਹੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਈ.ਐਸ.ਆਈ. ਵਲੋਂ ਸੂਬੇ ਵਿਚ ਗੜਬੜੀ ਫੈਲਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਜਾਣੂੰ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਕੋਲ ਸ਼੍ਰੀ ਨਰਿੰਦਰ ਮੋਦੀ ਦੇ ਰੂਪ ਵਿਚ ਇਕ ਮਜ਼ਬੂਤ ਪ੍ਰਧਾਨ ਮੰਤਰੀ ਹਨ , ਜੋ ਕਿ ਪਾਕਿਸਤਾਨ ਨੂੰ ਸਹੀ ਸਮੇਂ 'ਤੇ ਢੁੱਕਵਾਂ ਜਵਾਬ ਦੇਣਗੇ।
ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਹਰਾਉਣ ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਣ ਬਾਰੇ ਕੀਤੇ ਦਾਅਵਿਆਂ ਬਾਰੇ ਸ. ਬਾਦਲ ਨੇ ਕਿਹਾ ਕਿ 'ਕੈਪਟਨ ਅਮਰਿੰਦਰ ਸਿੰਘ ਪਹਿਲਾਂ ਆਪਣੀ ਪਾਰਟੀ ਵਿਚਲੀ ਲੜਾਈ ਜਿੱਤਣ ਤੇ ਫਿਰ ਅਕਾਲੀ ਦਲ ਨਾਲ ਮੁਕਾਬਲੇ ਦੀ ਗੱਲ ਕਰਨ'। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਪਹਿਲਾ ਮੁਕਾਬਲਾ ਕਾਂਗਰਸ ਨਾਲ ਹੀ ਹੋਵੇਗਾ।
ਉਪ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸ੍ਰੀ ਜਗਦੀਸ਼ ਗਗਨੇਜਾ 'ਤੇ ਹਮਲੇ ਬਾਰੇ ਪੰਜਾਬ ਪੁਲਿਸ ਵਲੋਂ ਕੇਂਦਰੀ ਜਾਂਚ ਬਿਊਰੋ ਨੂੰ ਸੌਂਪੀ ਜਾਂਚ ਰਿਪੋਰਟ 'ਤੇ ਏਜੰਸੀ ਵਲੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਤੇ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੀ.ਬੀ.ਆਈ. ਨੂੰ ਜਾਂਚ ਵਿਚ ਹੋਰ ਤੇਜੀ ਲਈ ਨਿਰਦੇਸ਼ਿਤ ਕਰੇ।
ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਬਾਰੇ ਸ. ਬਾਦਲ ਨੇ ਕਿਹਾ ਕਿ ਪਾਰਟੀ ਵਲੋਂ 99 ਫੀਸਦੀ ਉਮੀਦਵਾਰਾਂ ਨੂੰ ਉਨ੍ਹਾਂ ਦੀਆਂ ਸੀਟਾਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਵਲੋਂ ਵੱਖ-ਵੱਖ ਵਰਗਾਂ ਲਈ ਜਾਰੀ ਕੀਤੇ ਜਾ ਰਹੇ ਮੈਨੀਫੈਸਟੋ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਦਿੱਲੀ ਵਿਚ ਵੀ ਆਮ ਆਦਮੀ ਪਾਰਟੀ ਵਲੋਂ ਮੈਨੀਫੈਸਟੋ ਰਾਹੀਂ ਵੱਡੇ-ਵੱਡੇ ਵਾਅਦੇ ਕੀਤੇ ਗਏ ਸੀ, ਪਰ ਸਰਕਾਰ ਬਣਨ ਪਿੱਛੋਂ ਉਸਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਹੁਣ ਦੇਸ਼ ਭਰ ਦੇ ਸ਼ਹਿਰਾਂÎ ਨਾਲੋਂ ਸਭ ਤੋਂ ਜਿਆਦਾ ਅਪਰਾਧ ਹਨ ਅਤੇ ਆਮ ਆਦਮੀ ਪਾਰਟੀ ਵਲੋਂ ਔਰਤਾਂ ਦੀ ਸੁਰੱਖਿਆ ਲਈ ਕਮਾਂਡੋ ਤਾਇਨਾਤ ਕਰਨ ਦਾ ਵਾਅਦਾ ਕਿੱਥੇ ਗਿਆ?
ਨਵਜੋਤ ਸਿੰਘ ਸਿੱਧੂ ਵਲੋਂ ਨਵੀਂ ਸਿਆਸੀ ਪਾਰਟੀ ਨਾ ਬਣਾਉਣ ਬਾਰੇ ਕੀਤੇ ਗਏ ਐਲਾਨ ਬਾਰੇ ਸ. ਬਾਦਲ ਨੇ ਕਿਹਾ ਕਿ ਸ਼੍ਰੀ ਸਿੱਧੂ ਕੇਵਲ ਕਾਮੇਡੀ ਵਿਚ ਹੀ ਪ੍ਰਪੱਕ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੇ ਪਾਰਟੀ ਬਣਾਉਣ ਜਾਂ ਨਾ ਬਣਾਉਣ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਹੈ ਕਿਉਂਜੋ ਉਹ ਵਾਰ-ਵਾਰ ਆਪਣਾ ਸਟੈਂਡ ਬਦਲਣ ਕਾਰਨ ਆਪਣੀ ਭਰੋਸਯੋਗਤਾ ਪਹਿਲਾਂ ਹੀ ਗਵਾ ਚੁੱਕੇ ਹਨ।
ਕਾਂਗਰਸੀ ਆਗੂ ਸ੍ਰੀ ਸੁਨੀਲ ਜਾਖੜ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਸ. ਬਾਦਲ ਨੇ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੇ ਨੇਤਾ ਤੋਂ ਹਟਾਏ ਜਾਣ ਪਿੱਛੋਂ ਉਹ ਨਿਰਾਸ਼ ਹਨ ਤੇ ਆਪਣੀ ਸ਼ਿਆਸੀ ਜ਼ਮੀਨ ਲੱਭਣ ਲਈ ਝੂਠ ਦਾ ਸਹਾਰਾ ਲੈ ਰਹੇ ਹਨ।
ਇਸ ਤੋਂ ਪਹਿਲਾਂ ਸ. ਬਾਦਲ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਹਦਾਇਤ ਕੀਤੀ ਗਈ ਕਿ ਉਹ ਨੀਲੇ ਕਾਰਡਾਂ ਤੋਂ ਵਾਂਝੇ ਰਹਿ ਗਏ ਯੋਗ ਵਿਅਕਤੀਆਂ ਦੇ ਨੀਲੇ ਕਾਰਡ ਬਣਾਉਣ ਲਈ ਮੁਹਿੰਮ ਸ਼ੁਰੂ ਕਰਨ। ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਵਲੋਂ ਫਿਲੌਰ ਵਿਖੇ ਆਟੋਮੈਟਿਡ ਡਰਾਈਵਿੰਗ ਟੈਸਟ ਟਰੈਕ ਦਾ ਵੀ ਉਦਘਾਟਨ ਕੀਤਾ ਗਿਆ ਜਿਸ ਰਾਹੀਂ ਲੋਕਾਂ ਨੂੰ 30 ਮਿੰਟ ਦੇ ਅੰਦਰ-ਅੰਦਰ ਡਰਾਈਵਿੰਗ ਲਾਇਸੈਂਸ ਜਾਰੀ ਹੋ ਸਕੇਗਾ।
ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਖਹਿਰਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਵਧੀਕ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਤੇ ਐਸ.ਐਸ.ਪੀ. ਹਰਮੋਹਨ ਸਿੰਘ ਹਾਜ਼ਰ ਸਨ।