ਨਵੀਂ ਦਿੱਲੀ, 23 ਸਤੰਬਰ, 2016 : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਬੱਚਿਆਂ ਦੇ ਹੱਕਾਂ ਨੂੰ ਰਾਖਵਾਂ ਰੱਖਣ ਲਈ ਕਮੇਟੀ ਦੇ ਵਿੱਦਿਅਕ ਅਦਾਰਿਆਂ ਨੂੰ ਘਟਗਿਣਤੀ ਵਿੱਦਿਅਕ ਅਦਾਰੇ ਵੱਜੋਂ ਮਾਨਤਾ ਦਿਵਾਉਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਪ੍ਰਵਾਨ ਚੜ੍ਹ ਗਈਆਂ ਹਨ। ਕਮੇਟੀ ਦੇ ਕਾਨੂੰਨੀ ਵਿਭਾਗ ਦੀ ਵਕੀਲ ਬੀਬਾ ਅਵਨੀਤ ਕੌਰ ਦੀ ਚੰਗੀ ਕਾਰਗੁਜਾਰੀ ਸੱਦਕਾ ਕਮੇਟੀ ਦੇ 7 ਸਕੂਲਾਂ ਅਤੇ 8 ਉੱਚ ਵਿੱਦਿਅਕ ਤੇ ਤਕਨੀਕੀ ਅਦਾਰਿਆਂ ਨੂੰ ਘਟਗਿਣਤੀ ਵਿੱਦਿਅਕ ਅਦਾਰੇ ਵੱਜੋਂ ਮਾਨਤਾ ਪ੍ਰਾਪਤ ਹੋ ਗਈ ਹੈ। ਕੌਮੀ ਘਟਗਿਣਤੀ ਵਿੱਦਿਅਕ ਅਦਾਰਾ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਹੋਣ ਉਪਰੰਤ ਉਕਤ ਅਦਾਰਿਆਂ ਨੂੰ ਜਿਥੇ ਸਰਕਾਰੀ ਸਕੀਮਾਂ ਰਾਹੀਂ ਮਾਲੀ ਸਹਾਇਤਾ ਪ੍ਰਾਪਤ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ ਉਥੇ ਹੀ ਸਿੱਖ ਬੱਚਿਆਂ ਨੂੰ ਪੜਾਈ ਦੇ ਵਾਧੂ ਮੌਕੇ ਵੀ ਹੁਣ ਨਸੀਬ ਹੋਣਗੇ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਕੋ-ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਜਸਵਿੰਦਰ ਸਿੰਘ ਜੌਲੀ ਨੇ ਇਸ ਕਾਰਜ ਨੂੰ ਕਮੇਟੀ ਦੀ ਵੱਡੀ ਪ੍ਰਾਪਤੀ ਵੱਜੋਂ ਗਿਣਾਇਆ। ਉਨ੍ਹਾਂ ਕਿਹਾ ਕਿ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਪ੍ਰਬੰਧਕੀਕਾਲ ਸਿੱਖ ਬੱਚਿਆਂ ਨੂੰ ਵਿੱਦਿਅਕ ਮੌਕੇ ਦਿਵਾਉਣ ਦੀ ਦਿਸ਼ਾ ਵਿਚ ਦਿੱਲੀ ਕਮੇਟੀ ਦੇ ਇਤਿਹਾਸ ਵਿਚ ਇੱਕ ਵਖਰਾ ਮੁਕਾਮ ਕਾਇਮ ਕਰੇਗਾ। ਕਮੇਟੀ ਨੇ ਦਿੱਲੀ ਯੂਨੀਵਰਸਿਟੀ ਦੇ ਅਧੀਨ ਚਲਦੇ ਆਪਣੇ ਚਾਰੋ ਖਾਲਸਾ ਕਾਲਜਾਂ ਵਿਚ ਇਸ ਵਰ੍ਹੇ ਤੋਂ ਸਿੱਖ ਬੱਚਿਆਂ ਲਈ 50 ਫੀਸਦੀ ਸੀਟਾਂ ਰਾਖਵੀ ਰੱਖਣ ’ਚ ਜਿਥੇ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ ਤੇ ਇਸਦੇ ਸਿੱਟੇ ਸੱਦਕਾ ਖਾਲਸਾ ਕਾਲਜਾਂ ਵਿਚ ਭਾਸ਼ਾ ਅਤੇ ਧਰਮ ਦੀ ਰਾਖੀ ਕਰਨ ਵਾਲੀ ਨਵੀਂ ਪਨੀਰ੍ਹੀ ਤਿਆਰ ਕਰਨ ਦੀ ਵੱਡੀ ਕਾਮਯਾਬੀ ਕੌਮ ਨੂੰ ਭਵਿੱਖ ’ਚ ਪ੍ਰਾਪਤ ਹੋਵੇਗੀ।
ਦਾਖਿਲੇ ਦਾ ਅਧਾਰ ਸਾਬਤ-ਸੂਰਤ ਸਿੱਖੀ ਸਰੂਪ ਅਤੇ ਮਾਂ-ਬੋਲੀ ਨੂੰ ਬਣਾਉਣ ਦੀ ਕਮੇਟੀ ਵੱਲੋਂ ਕੀਤੀ ਗਈ ਪਹਿਲ ਨੂੰ ਵੀ ਜੌਲੀ ਨੇ ਪੰਥ ਪੱਖੀ ਦੱਸਿਆ। ਜੌਲੀ ਨੇ ਦਿੱਲੀ ਕਮੇਟੀ ਦੇ ਪ੍ਰਬੰਧ ਤੋਂ ਬਾਹਰ ਦੇ ਬਾਕੀ ਖਾਲਸਾ ਸਕੂਲਾਂ ਨੂੰ ਘਟਗਿਣਤੀ ਅਦਾਰੇ ਵੱਜੋਂ ਮਾਨਤਾ ਦਿਵਾਉਣ ਵਾਸਤੇ ਕਮੇਟੀ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ਾਂ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਸਾਹਿਬ ਵੱਲੋਂ ਖਾਲਸਾ ਸਕੂਲਾਂ ਨੂੰ ਸਹਿਯੋਗ ਦੇਣ ਦੇ ਕਮੇਟੀ ਵੱਲੋਂ ਭੇਜੇ ਗਏ ਪੱਤਰ ਤੋਂ ਬਾਅਦ ਕਈ ਨਿਜ਼ੀ ਖਾਲਸਾ ਸਕੂਲ ਕਮੇਟੀ ਕੋਲ ਇਸ ਮਸਲੇ ’ਤੇ ਕਾਨੂੰਨੀ ਮਦਦ ਲੈਣ ਲਈ ਆਏ ਹਨ। ਸਾਡਾ ਟੀਚਾ ਦਿੱਲੀ ਕਮੇਟੀ ਦੇ ਨਾਲ ਹੀ ਦਿੱਲੀ ਦੇ ਸਮੂਹ ਖਾਲਸਾ ਸਕੂਲਾਂ ਨੂੰ ਘਟਗਿਣਤੀ ਅਦਾਰੇ ਦੇ ਦਰਜੇ ਵੱਜੌਂ ਮਾਨਤਾ ਦਿਵਾ ਕੇ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਦਾ ਹੈ।
ਘਟਗਿਣਤੀ ਅਦਾਰੇ ਵੱਜੋਂ ਮਾਨਤਾ ਪ੍ਰਾਪਤ ਕਰਨ ਵਾਲੇ 7 ਸਕੂਲ ਹਨ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ, ਵਸੰਤ ਵਿਚਾਰ, ਲੋਨੀ ਰੋਡ, ਤਿਲਕ ਨਗਰ, ਹਰਗੋਬਿੰਦ ਐਨਕਲੇਵ, ਸੁਖੋ ਖਾਲਸਾ ਸਕੂਲ ਜੇਲ ਰੋਡ ਅਤੇ ਸ਼ੀ੍ਰ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦੇਵ ਨਗਰ। 8 ਉੱਚ ਵਿੱਦਿਅਕ ਅਦਾਰਿਆਂ ’ਚ ਗੁਰੂ ਰਾਮ ਦਾਸ ਕਾਲਜ ਆੱਫ਼ ਐਜੂਕੇਸ਼ਨ ਲੋਨੀ ਰੋਡ, ਗੁਰੂ ਨਾਨਕ ਦੇਵ ਕਾਲਜ ਆੱਫ਼ ਐਜੂਕੇਸ਼ਨ ਪੰਜਾਬੀ ਬਾਗ, ਗੁਰੂ ਤੇਗ ਬਹਾਦਰ ਇੰਸਟੀਟਿਯੂਟ ਆੱਫ਼ ਟੈਕਨੋਲੌਜੀ ਪੰਜਾਬੀ ਬਾਗ, ਗੁਰੂ ਤੇਗ ਬਹਾਦਰ ਪੌਲੀਟੈਕਨਿਕ ਵਸੰਤ ਵਿਹਾਰ, ਗੁਰੂ ਨਾਨਕ ਇੰਸਟੀਟਿਯੂਟ ਆੱਫ਼ ਮੈਨੇਜਮੈਂਟ ਪੰਜਾਬੀ ਬਾਗ, ਗੁਰੂ ਹਰਿਗੋਬਿੰਦ ਇੰਸਟੀਟਿਯੂਟ ਆੱਫ਼ ਮੈਨੇਜਮੈਂਟ ਹਰਿਗੋਬਿੰਦ ਐਨਕਲੇਵ ਅਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪ੍ਰਾਈਵੇਟ ਆਈ.ਟੀ.ਆਈ. ਤਿਲਕ ਨਗਰ ਸ਼ਾਮਿਲ ਹਨ।