← ਪਿਛੇ ਪਰਤੋ
ਚੰਡੀਗੜ੍ਹ, 25 ਸਤੰਬਰ, 2016 : ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਰਾਸ਼ਟਰੀ ਯੂਥ ਕਾਂਗਰਸ ਦੇ ਮੁਖੀ ਰਾਜਾ ਵੜਿੰਗ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਜਿਸ ਵਿਚ ਵੜਿੰਗ ਨੇ ਕਿਹਾ ਕਿ ਮੌਜੂਦਾ ਰਾਖਵਾਂਕਰਨ ਬੰਦ ਕਰਕੇ ਇਸਨੂੰ ਆਰਥਿਕ ਅਧਾਰ ‘ਤੇ ਕਰ ਦੇਣਾ ਚਾਹੀਦਾ ਹੈ। ਵੜਿੰਗ ਦੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਆਪ ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਕਾਂਗਰਸ ਦਾ ਦਲਿਤ ਅਤੇ ਪਿਛੜਾ ਵਰਗ ਵਿਰੋਧੀ ਚੇਹਰਾ ਲੋਕਾਂ ਸਾਹਮਣੇ ਆਇਆ ਹੈ। ਮਾਨ ਨੇ ਕਿਹਾ ਕਿ ਭਾਰਤ ਵਿਚ ਦਲਿਤਾਂ ਅਤੇ ਪਿਛੜਾ ਵਰਗ ਦੇ ਸ਼ੋਸ਼ਣ ਦਾ ਇਕ ਲੰਬਾ ਇਤਿਹਾਸ ਹੈ ਅਤੇ ਕਾਂਗਰਸ ਮੁਖ ਤੌਰ ਤੇ ਇਸ ਲਈ ਜਿੰਮੇਵਾਰ ਰਹੀ ਹੈ। ਮੌਜੂਦਾ ਅਕਾਲੀ ਭਾਜਪਾ ਰਾਜ ਦੌਰਾਨ ਦਲਿਤਾਂ ਅਤੇ ਪਿਛੜਾ ਵਰਗ ਨਾਲ ਸੰਬੰਧਤ ਲੋਕਾਂ ਉਤੇ ਅਤਿਅਚਾਰਾਂ ਵਿਚ ਵਾਧਾ ਹੋਇਆ ਹੈ। ਇਸ ਸਮੇਂ ਇਨਾਂ ਵਰਗਾਂ ਨੂੰ ਵੱਧ ਸੁਵਿਧਾਵਾਂ ਦੇ ਕੇ ਸਮਾਜ ਦੀ ਮੁੱਖ ਧਾਰਾ ਵਿਚ ਜੋੜਨਾ ਸਮੇਂ ਦੀ ਮੰਗ ਹੈ। ਅਜਿਹਾ ਕਰਨ ਲਈ ਮੌਜੂਦਾ ਰਾਖਵਾਂਕਰਨ ਸਿਸਟਮ ਉਸੇ ਤਰਾਂ ਹੀ ਚਲਦਾ ਰਹਿਣਾ ਚਾਹੀਦਾ ਹੈ। ਮਾਨ ਨੇ ਕਿਹਾ , ‘‘ਆਮ ਆਦਮੀ ਪਾਰਟੀ ਦਲਿਤਾਂ ਅਤੇ ਪਿਛੜਾ ਵਰਗ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਵਚਨਬੱਧ ਹੈ। ਇਸ ਕਾਰਜ ਲਈ ਆਪ ਇਨਾਂ ਵਰਗਾਂ ਲਈ ਵੱਖਰਾ ਮੈਨੀਫੈਸਟੋ ਵੀ ਤਿਆਰ ਕਰ ਰਹੀ ਹੈ।’’ ਵੜਿੰਗ ਨੂੰ ਸਵਾਲ ਕਰਦਿਆਂ ਮਾਨ ਨੇ ਪੁੱਛਿਆ ਕਿ ਕੀ ਰਾਜਾ ਵੜਿੰਗ ਸੋਚਦੇ ਹਨ ਕਿ ਦਲਿਤਾਂ ਅਤੇ ਪਿਛੜਾ ਵਰਗ ਮੌਜੂਦਾ ਸਮੇਂ ਵਿਚ ਸਮਾਜ ਦੇ ਬਾਕੀ ਵਰਗਾਂ ਦੇ ਬਰਾਬਰ ਹਨ? ਪੰਜਾਬ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਜਾ ਵੜਿੰਗ ਦੇ ਬਿਆਨ ਸੰਬੰਧੀ ਸਫਾਈ ਦੇਣ ਲਈ ਕਹਿੰਦਿਆਂ ਮਾਨ ਨੇ ਕਿਹਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਦੇ ਮੈਂਬਰ ਦੇ ਅਜਿਹੇ ਬਿਆਨ ਨਾਲ ਰਾਬਤਾ ਰੱਖਦੇ ਹਨ? ਜੇਕਰ ਨਹੀਂ ਤਾਂ ਕੀ ਕੈਪਟਨ ਵੜਿੰਗ ਦੇ ਇਸ ਬਿਆਨ ਦੀ ਨਿਖੇਧੀ ਕਰਨਗੇ?
Total Responses : 265