← ਪਿਛੇ ਪਰਤੋ
ਚੰਡੀਗੜ੍ਹ, 27 ਸਤੰਬਰ, 2016 : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਕਾਂਗਰਸ ਪਾਰਟੀ ਵੱਲੋਂ 'ਟਾਂਗਾ ਪਾਰਟੀ' ਨਾਲ ਚੋਣ ਗਠਜੋੜ ਦੇ ਮਾਮਲੇ 'ਤੇ ਆਪਣਾ ਸਟੈਂਡ ਸਪਸ਼ਟ ਕਰਨ। ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਕ ਬੜੀ ਹੀ ਗੈਰ ਸਾਧਾਰਣ ਸਥਿਤੀ ਉਪਜ ਗਈ ਹੈ ਤੇ ਸੂਬੇ ਦੇ ਲੋਕ ਰਾਜ ਵਿਚਲੀਆਂ ਵਿਰੋਧੀ ਪਾਰਟੀਆਂ/ਧੜਿਆਂ ਵੱਲੋਂ ਲਏ ਜਾ ਰਹੇ ਵੱਖ ਵੱਖ ਸਟੈਂਡ ਨੂੰ ਲੈ ਕੇ ਸਸ਼ੋਪੰਜ ਵਿਚ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਅਖੌਤੀ ਅਵਾਜ਼ ਏ ਪੰਜਾਬ ਨੂੰ 'ਟਾਂਗਾ ਪਾਰਟੀ' ਕਰਾਰ ਦੇ ਰਹੇ ਹਨ ਜਦਕਿ ਦੂਜੇ ਪਾਸੇ ਇਸ 'ਟਾਂਗਾ ਪਾਰਟੀ' ਦੇ ਆਗੂ ਇਸੇ ਕਾਂਗਰਸ ਪਾਰਟੀ ਨਾਲ ਗੈਰ ਸਿਧਾਂਤਕ ਗਠਜੋੜ ਕਰਨ ਦੀਆਂ ਗੱਲਾਂ ਕਰ ਰਹੇ ਹਨ। ਡਾ. ਚੀਮਾ ਨੇ ਹੋਰ ਕਿਹਾ ਕਿ ਇਹ ਬਹੁਤ ਹੀ ਸਪਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗਾ ਕਿਉਂਕਿ ਵਿਰੋਧੀ ਪਾਰਟੀਆਂ ਕੋਲ ਸਰਕਾਰ ਦੇ ਖਿਲਾਫ ਕਹਿਣ ਲਈ ਕੁਝ ਵੀ ਨਹੀਂ ਹੈ। ਉਹਨਾਂ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਕਾਰਜ ਆਪਣੇ ਆਪ ਵਿਚ ਇਕ ਰਿਕਾਰਡ ਹਨ। ਅਕਾਲੀ ਆਗੂ ਨੇ ਇਸ ਗੱਲ 'ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਇਕ ਪਾਸੇ ਤਾਂ ਆਵਾਜ਼ ਏ ਪੰਜਾਬ ਦੇ ਆਗੂ ਆਪਣੇ ਫਰੰਟ ਨੂੰ ਵਾਰ ਵਾਰ ਗੈਰ ਸਿਆਸੀ ਕਰਾਰ ਦੇ ਰਹੇ ਹਨ ਜਦਕਿ ਦੂਜੇ ਪਾਸੇ ਉਹ ਆਪੋ ਆਪਣੀਆਂ ਸੀਟਾਂ ਬਣਾਉਣ ਲਈ ਵਿਰੋਧੀ ਧਿਰਾਂ ਨਾਲ ਆਪਣੇ ਵਾਸਤੇ ਸਿਆਸੀ ਥਾਂ ਹਾਸਲ ਕਰਨ ਲਈ ਸੌਦੇਬਾਜ਼ੀ ਕਰ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਰਾਜ ਦੇ ਲੋਕਾਂ ਨੂੰ ਸਪਸ਼ਟ ਹੋ ਗਿਆ ਹੈ ਕਿ ਕਿਸੇ ਵੀ ਵਿਰੋਧੀ ਪਾਰਟੀ ਜਾਂ ਧੜੇ ਕੋਲ ਰਾਜ ਦੇ ਲੋਕਾਂ ਵਾਸਤੇ ਉਸਾਰੂ ਨੀਤੀ ਜਾਂ ਪ੍ਰੋਗਰਾਮ ਨਹੀਂ ਹੈ ਅਤੇ ਇਹ ਤੱਥ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਵਿਚ ਸਪਸ਼ਟ ਹੋ ਜਾਣਗੇ।
Total Responses : 265