ਚੰਡੀਗੜ੍ਹ, 27 ਸਤੰਬਰ, 2016 : 1962, 965 ਅਤੇ 1971 ਦੀ ਜੰਗ ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਸੈਂਕੜਿਆਂ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਵਾਰਿਸਾਂ ਵਲੋਂ ਅੱਜ ਮੰਗਲਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਰਕਾਰੀ ਘਰ ਦੇ ਸਾਹਮਣੇ ਰੋਸ਼ ਧਰਨੇ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਚੋਣ ਘੋਸ਼ਣਾ ਪੱਤਰ ਕਮੇਟੀ ਦੇ ਮੁੱਖੀ ਕੰਵਰ ਸੰਧੂ ਨੇ ਪਹੁੰਚ ਕੇ ਭਰੋਸਾ ਦਿੱਤਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਆਪਣੇ ਵਾਅਦੇ ਅਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਦੇ ਅਨੁਸਾਰ ਉਨਾਂ ਨੂੰ ਇਨਸਾਫ ਨਹੀਂ ਦਿੰਦਾ ਤਾਂ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨਾਂ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਉਨਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ ।
‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਕੰਵਰ ਸੰਧੂ ਨੇ ਦੱਸਿਆ ਕਿ 1962, 1965 ਅਤੇ 1971 ਦੀ ਜੰਗ ਵਿੱਚ ਸ਼ਹੀਦ ਹੋਏ ਪੰਜਾਬ ਦੇ ਕਰੀਬ ਡੇਢ ਹਜਾਰ ਫੌਜੀ ਦੀਆਂ ਵਿਧਵਾਵਾਂ ਅਤੇ ਉਨਾਂ ਦੇ ਵਾਰਿਸਾਂ ਨੂੰ ਦਸ ਏਕੜ ਖੇਤੀ ਯੋਗ ਜਮੀਨ ਦੇਣ ਦੀ ਘੋਸ਼ਣਾ ਕੀਤੀ ਗਈ ਸੀ। ਇਨਾਂ ਵਿਚੋਂ 161 ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਉਨਾਂ ਦੇ ਵਾਰਿਸਾਂ ਨੂੰ ਅਜੇ ਤੱਕ ਸਹੂਲਤ ਨਹੀਂ ਦਿੱਤੀ ਗਈ। ਜਿਸਦੇ ਮੱਦੇਨਜਰ ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਵਾਰਿਸਾਂ ਵਲੋਂ 11 ਅਪ੍ਰੈਲ 2016 ਤੋਂ ਡੀਸੀ ਦਫਤਰ ਪਟਿਆਲੇ ਦੇ ਸਾਹਮਣੇ ਧਰਨਾ ਲਗਾਇਆ ਹੋਇਆ ਹੈ।
ਇਸ ਲੜੀ ਵਿਚ ਸਾਬਕਾ ਸੈਨਿਕਾਂ ਉੱਤੇ ਆਧਾਰਿਤ ਸਟੇਟ ਐਕਸ ਸਰਵਿਸਮੈਨ ਵੇਲਫੇਅਰ ਐਸੋਸੀਏਸ਼ਨ ਦੇ ਕਰਨਲ ਕੁਲਦੀਪ ਸਿੰਘ ( ਸੇਵਾ ਮੁਕਤ) ਦੀ ਅਗਵਾਈ ਵਿੱਚ ਸ਼ਹੀਦਾਂ ਦੇ ਇਹ ਵਾਰਿਸ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਬਾਹਰ ਰੋਸ਼ ਧਰਨੇ ਉੱਤੇ ਬੈਠੇ ਸਨ, ਜਦੋਂ ਘੰਟਿਆਂ ਇੰਤਜਾਰ ਦੇ ਬਾਅਦ ਮੁੱਖ ਮੰਤਰੀ ਦਫਤਰ ਵਲੋਂ ਉਨਾਂ ਨਾਲ ਕੋਈ ਗੱਲ ਨਾ ਕੀਤੀ ਗਈ ਤਾਂ ਕੰਵਰ ਸੰਧੂ ਉਨਾਂ ਦੇ ਧਰਨੇ ਦੀ ਥਾਂ ਉੱਤੇ ਪਹੁੰਚ ਕੇ ਉਨਾਂ ਤੋਂ ਉਨਾਂ ਦਾ ਮੰਗ ਪੱਤਰ ਲਿਆ।
ਕੰਵਰ ਸੰਧੂ ਨੇ ਦੱਸਿਆ ਕਿ ਜਦੋਂ ਇਨਾਂ ਨੂੰ ਦਸ਼ਕਾਂ ਤੱਕ ਇਨਸਾਫ ਨਹੀਂ ਮਿਲਿਆ ਤਾਂ ਇਨਸਾਫ ਦੀ ਗੁਹਾਰ ਲੈ ਕੇ ਇਹ ਪੀੜਿਤ ਪਰਿਵਾਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਚਲੇ ਗਏ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਜੋ ਕੁਲੈਕਟਰ ਰੇਟ ਦੇ ਹਿਸਾਬ ਨਾਲ ਪ੍ਰਤੀ ਏਕੜ ਦੇ ਪੈਸੇ ਦਿੱਤੇ ਜਾਣ। ਸਰਕਾਰ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਉਹ ਪ੍ਰਤੀ ਪਰਿਵਾਰ ਨੂੰ ਦਸ ਏਕੜ ਭੂਮੀ ਅਤੇ ਕੁਲੈਕਟਰ ਰੇਟ ਦੇ ਹਿਸਾਬ ਨਾਲ ਪੈਸੇ ਦੇ ਦਿੱਤੇ ਜਾਣਗੇ। 11 ਅਗਸਤ 2016 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਭਰੋਸਾ ਦਿੱਤਾ ਸੀ ਪਰੰਤੂ ਵਾਅਦਾ ਪੁਰਾ ਨਹੀਂ ਕੀਤਾ ਗਿਆ। ਮੁੱਖ ਮੰਤਰੀ ਨੂੰ 14 ਸਤੰਬਰ ਨੂੰ ਫਿਰ ਤੋਂ ਬੇਨਤੀ ਕੀਤੀ ਗਈ ਅਤੇ ਬਾਦਲ ਨੇ ਅਧਿਕਾਰੀਆਂ ਨੂੰ ਨਕਦ ਰਾਸ਼ੀ ਤੈਅ ਕਰਣ ਲਈ ਕਿਹਾ, ਪਰੰਤੂ ਅੱਜ ਤੱਕ ਨਕਦ ਰਾਸ਼ੀ ਤੈਅ ਨਹੀਂ ਕੀਤੀ ਗਈ। ਜਦੋਂ ਕਿ ਹਾਈਕੋਰਟ ਦੇ 19 ਮਈ 2015 ਨੂੰ ਸੁਣਾਏ ਗਏ ਫੈਸਲੇ ਅਨੁਸਾਰ ਦੋ ਮਹੀਨੇ ਦੀ ਸਮਾਂ ਸੀਮਾ ਤੈਅ ਕੀਤੀ ਗਈ ਸੀ । ਕੰਵਰ ਸੰਧੂ ਨੇ ਕਿਹਾ ਕਿ ਬਾਦਲ ਸਰਕਾਰ ਦੀ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਪ੍ਰਤੀ ਅਸੰਦੇਨਸ਼ੀਲਤਾ ਬੇਹੱਦ ਨਿੰਦਣਯੋਗ ਹੈ ।