ਇਸਲਾਮਾਬਾਦ, 28 ਸਤੰਬਰ, 2016 : ਪਾਕਿਸਤਾਨੀ ਨੈਸ਼ਨਲ ਅਸੈਂਬਲੀ ਨੇ ਮੰਗਲਵਾਰ ਨੂੰ 'ਹਿੰਦੂ ਵਿਆਹ ਬਿੱਲ' ਪਾਸ ਕਰ ਦਿੱਤਾ ਹੈ। ਮਨੁੱਖੀ ਅਧਿਕਾਰ ਮਾਮਲਿਆਂ ਦੇ ਮੰਤਰੀ ਕਾਮਰਨ ਮਾਈਕਲ ਨੇ ਇਹ ਬਿੱਲ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਸ੍ਰੀ ਕਾਮਰਨ ਨੇ ਕਿਹਾ ਕਿ ਇਸ ਇਤਿਹਾਸਕ ਬਿੱਲ ਜ਼ਰੀਏ ਹਿੰਦੂ ਭਾਈਚਾਰੇ ਦੇ ਪ੍ਰਮੁੱਖ ਮੁੱਦਿਆਂ ਦਾ ਹੱਲ ਹੋਵੇਗਾ। ਇਸ 'ਚ ਵਿਆਹ ਦੀ ਰਜਿਸਟ੍ਰੇਸ਼ਨ, ਤਲਾਕ ਅਤੇ ਜਬਰਨ ਧਰਮ ਪਰਿਵਰਤਨ ਵਰਗੇ ਮਹੱਤਵਪੂਰਨ ਮੁੱਦੇ ਸ਼ਾਮਲ ਹਨ। ਦੇਸ਼ ਦਾ ਸੰਸਦੀ ਪੈਨਲ ਹਿੰਦੂ ਵਿਆਹ ਬਿੱਲ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਚੁੱਕਾ ਹੈ। ਨੈਸ਼ਨਲ ਅਸੈਂਬਲੀ ਦੀ ਕਾਨੂੰਨ ਅਤੇ ਨਿਆਂ ਸਬੰਧੀ ਸਥਾਈ ਕਮੇਟੀ ਨੇ ਪਿਛਲੇ ਮਹੀਨੇ ਹਿੰਦੂ ਵਿਆਹ ਬਿੱਲ 2015 ਦੇ ਅੰਤਿਮ ਖਰੜੇ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਸੀ। ਇਕ ਰਿਪੋਰਟ ਅਨੁਸਾਰ ਬਿੱਲ ਨੂੰ ਮਰਦਾਂ ਅਤੇ ਔਰਤਾਂ ਦੇ ਵਿਆਹ ਦੀ ਘੱਟੋ ਘੱਟ ਉਮਰ ਹੱਦ 18 ਸਾਲ ਤੈਅ ਕਰਨ ਲਈ ਦੋ ਸੋਧਾਂ ਕਰਨ ਦੇ ਨਾਲ ਪਾਸ ਕੀਤਾ ਗਿਆ ਹੈ। ਇਹ ਕਾਨੂੰਨ ਬਣ ਜਾਣ 'ਤੇ ਪੂਰੇ ਦੇਸ਼ 'ਚ ਲਾਗੂ ਹੋਵੇਗਾ।