ਚੰਡੀਗੜ੍ਹ, 30 ਸਤੰਬਰ, 2016 : ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਵਿਨੋਦ ਖੰਨਾ ਦੀ ਆਪਣੇ ਹਲਕੇ ਵਿਚੋਂ ਗੈਰ ਹਾਜਰੀ ਅਤੇ ਜੰਗ ਵਰਗੇ ਮੁਸ਼ਕਲ ਹਾਲਾਤਾਂ ਵਿਚ ਵੀ ਹਲਕਾ ਵਾਸੀਆਂ ਦੀ ਸਾਰ ਨਾ ਲੈਣ ਲਈ ਵਿਨੋਦ ਖੰਨਾ ਦੀ ਆਲੋਚਨਾ ਕੀਤੀ। ਪਾਰਟੀ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਅੱਜ ਜਦੋਂ ਗੁਆਂਢੀ ਮੁਲਕ ਦੀਆਂ ਚਾਲਾਂ ਕਾਰਨ ਪੂਰਾ ਮੁਲਕ ਚਿੰਤਾ ‘ਚ ਹੈ, ਉਥੇ ਹੀ ਪੰਜਾਬ ਦੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸੀਬਤਾਂ ਦੇ ਦੌਰ ‘ਚ ਲੰਘਣਾ ਪੈ ਰਿਹਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਇਸ ਮੁਸੀਬਤ ਦੇ ਦੌਰ ‘ਚ ਵੀ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਵਿਨੋਦ ਖੰਨਾ, ਆਪਣੇ ਵੋਟਰਾਂ ਦੀ ਖਬਰ ਪੁਛਣ ਤੱਕ ਵੀ ਨਹੀਂ ਪਹੁੰਚ ਸਕੇ। ਜਦਕਿ ਇਨਾਂ ਲੋਕਾਂ ਦਾ ਪ੍ਰਤੀਨਿਧ ਹੋਣ ਕਾਰਨ ਹੀ ਖੰਨਾ ਨੂੰ ਸਰਕਾਰੀ ਖਜਾਨੇ ਵਿਚੋਂ ਪ੍ਰਤੀ ਮਹੀਨਾ 6 ਲੱਖ ਰੁਪਏ ਪ੍ਰਾਪਤ ਹੁੰਦੇ ਹਨ।
ਪਾਰਟੀ ਦੇ ਆਰਟੀਆਈ ਵਿੰਗ ਰਾਹੀਂ ਪ੍ਰਾਪਤ ਕੀਤੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਵੜੈਚ ਨੇ ਕਿਹਾ ਕਿ ਆਪਣੇ ਹਲਕੇ ‘ਚ ਕਦੇ ਵੀ ਨਾ ਦਿਖਣ ਵਾਲੇ ਖੰਨਾ ਦਾ ਜਨਤਕ ਖਜਾਨੇ ਵਿਚੋਂ ਘੁੰਮਣ ਫਿਰਨ ਦਾ ਪ੍ਰਤੀ ਮਹੀਨਾ ਲਗਭਗ 4 ਲੱਖ ਰੁਪਏ ਤੱਕ ਦਾ ਖਰਚ ਹੈ। ਉਨਾਂ ਦੱਸਿਆ ਕਿ 1 ਮਈ 2015 ਤੋਂ 31 ਮਈ 2015 ਵਿਨੋਦ ਖੰਨਾ ਨੇ 3, 85, 963 ਰੁਪਏ ਯਾਤਰਾ ਅਤੇ ਰੋਜਾਨਾ ਭੱਤੇ ਦੇ ਵਸੂਲ ਕੀਤੇ ਹਨ। ਇਸ ਤਰਾਂ ਹੀ 1 ਮਾਰਚ ਤੋਂ 31 ਮਾਰਚ 2015 ਤੱਕ ਵਸੂਲ ਕੀਤੇ ਪੈਸੇ ਲੱਗਭਗ 2, 87, 646 ਬਣਦੇ ਹਨ।
ਇਸੇ ਤਰਾਂ 1 ਫਰਵਰੀ ਤੋਂ 28 ਫਰਵਰੀ 2015 ਤੱਕ 2, 53, 256 ਰੁਪਏ ਵਸੂਲ ਕੀਤੇ ਜਦਕਿ 1 ਨਵੰਬਰ ਤੋਂ 31 ਨਵੰਬਰ 2014 ਤੱਕ ਕੁਲ 2, 77, 913 ਰੁਪਏ ਸਰਕਾਰੀ ਖਜਾਨੇ ਵਿਚੋਂ ਖੰਨਾ ਨੂੰ ਦਿੱਤੇ ਗਏ। ਖੰਨਾ ਨੇ 1 ਜਨਵਰੀ 2016 ਤੋਂ 31 ਮਾਰਚ 2016 ਤੱਕ 4 ਲੱਖ 17 ਰੁਪਏ ਗੁਰਦਾਸਪੁਰ ਵਾਸੀਆਂ ਦਾ ਪ੍ਰਤੀਨਿਧ ਹੋਣ ਬਦਲੇ ਵਸੂਲ ਕੀਤੇ। ਖੰਨਾ ਨੇ 1 ਅਪ੍ਰੈਲ 2016 ਤੋਂ 30 ਜੂਨ 2016 ਤੱਕ 4, 17, 893 ਰੁਪਏ ਸਰਕਾਰੀ ਖਜਾਨੇ ਵਿਚੋਂ ਪ੍ਰਾਪਤ ਕੀਤੇ।
ਵੜੈਚ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਤੌਰ ਲੋਕ ਸਭਾ ਮੈਂਬਰ ਵਿਨੋਦ ਖੰਨਾ ਪ੍ਰਤੀ ਮਹੀਨਾ 1 ਲੱਖ ਰੁਪਏ ਤਨਖਾਹ, 90 ਹਜਾਰ ਰੁਪਏ ਹਲਕਾ ਭੱਤਾ, 30 ਹਜਾਰ ਰੁਪਏ ਦਫਤਰ ਦਾ ਖਰਚਾ ਅਤੇ 60 ਹਜਾਰ ਰੁਪਏ ਸਹਾਇਕ ਦੀ ਤਨਖਾਹ ਵਜੋਂ ਵਸੂਲ ਕਰ ਰਹੇ ਹਨ। ਉਨਾਂ ਕਿਹਾ ਕਿ ਅੱਜ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕ ਬੀਜੇਪੀ ਦੇ ਇਸ ਲੋਕ ਸਭਾ ਮੈਂਬਰ ਤੋਂ ਹਿਸਾਬ ਮੰਗਣਾ ਚਾਹੁੰਦੇ ਹਨ ਕਿ ਉਨਾਂ ਦੇ ਸਿਰ ‘ਤੇ 6 ਲੱਖ ਰੁਪਏ ਮਹੀਨੇ ਦਾ ਖਰਚਾ ਕਰਕੇ ਖੰਨਾ ਉਨਾਂ ਦੀ ਇਸ ਮੁਸੀਬਤ ਦੀ ਘੜੀ ਵਿਚ ਕੀ ਫਰਜ ਨਿਭਾ ਰਿਹਾ ਹੈ। ਆਪਣੇ ਹੀ ਹਲਕੇ ਦੇ ਲੋਕਾਂ ਦੀ ਸਾਰ ਨਾ ਲੈ ਕੇ ਅਤੇ ਜਨਤਕ ਪੈਸੇ ਦੀ ਦੁਰਵਰਤੋਂ ਕਰਨ ਦੀ ਬਜਾਏ ਵਿਨੋਦ ਖੰਨਾ ਨੂੰ ਚਾਹੀਦਾ ਹੈ ਕਿ ਉਹ ਉਸ ਬਾਰਡਰ ਲੋਕ ਸਭਾ ਇਲਾਕੇ ਦੇ ਇਸ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ ਜਿੰਨਾ ਨੇ ਖੰਨਾ ਨੂੰ 3 ਬਾਰ ਜਿੱਤਾ ਕਿ ਲੋਕ ਸਭਾ ਵਿਚ ਭੇਜਿਆ ਹੈ। ਵਿਨੋਦ ਖੰਨਾ ਨੂੰ ਚਾਹੀਦਾ ਹੈ ਕਿ ਉਹ ਇਸ ਮੁਸਿਬਤ ਦੀ ਘੜੀ ਵਿਚ ਬਾਰਡਰ ਇਲਾਕੇ ਦੇ ਆਪਣੀ ਲੋਕ ਸਭਾ ਦੇ ਲੋਕਾਂ ‘ਚ ਬੈਠ ਕੇ ਉਨਾਂ ਦਾ ਸਾਥ ਦੇਣ।