ਅਟਾਰੀ/ਚੰਡੀਗੜ, 1 ਅਕਤੂਬਰ, 2016 : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਵੜੈਚ ਨੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਸਰਹੱਦੀ ਪਿੰਡ ਧਨੋਏ ਕਲਾਂ ਅਤੇ ਨਾਲ ਲਗਦੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ।
ਇਸ ਸਰਹੱਦੀ ਖੇਤਰ ਦੇ ਲੋਕਾਂ ਦੀ ਬਹਾਦੁਰੀ ਦੀ ਪ੍ਰਸੰਸਾ ਕਰਦਿਆਂ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਭਾਵੇਂ ਉਹ ਪਾਕਿਸਤਾਨ ਨਾਲ ਲੜੀਆਂ ਲੜਾਈਆਂ ਹੋਣ ਜਾਂ ਅੱਤਵਾਦ ਦਾ ਸਮਾਂ, ਅੰਤਰਾਸ਼ਟਰੀ ਬਾਰਡਰ ਦੇ ਕੰਢੇ ਤੇ ਰਹਿ ਰਹੇ ਇੰਨਾਂ ਲੋਕਾਂ ਨੇ ਹਮੇਸ਼ਾ ਹੀ ਭਾਰਤ ‘ਤੇ ਹੋਏ ਹਮਲੇ ਨੂੰ ਆਪਣੇ ਉਪਰ ਹੰਡਾਇਆ ਹੈ ਅਤੇ ਬੜੀ ਹੀ ਬਹਾਦਰੀ ਨਾਲ ਦੁਸ਼ਮਣਾ ਦਾ ਸਾਹਮਣਾ ਕਰਨ ਲਈ ਭਾਰਤੀ ਫ਼ੌਜ ਦਾ ਸਾਥ ਦਿੱਤਾ ਹੈ। ਹੁਣ ਵੀ ਇਨਾਂ ਪਿੰਡਾਂ ਦੇ ਲੋਕਾਂ ਨੇ ਸਰਕਾਰ ਦੇ ਫੈਸਲੇ ਨੂੰ ਸਿਰ ਮੱਥੇ ਲਿਆ ਹੈ ਅਤੇ ਆਪਣੇ ਘਰ-ਬਾਰ, ਮਾਲ-ਡੰਗਰ ਅਤੇ ਪੱਕੀਆਂ ਹੋਈਆਂ ਫ਼ਸਲਾਂ ਛੱਡ ਕੇ ਜਾਣ ਲਈ ਤਿਆਰ ਹੋ ਗਏ ਹਨ।
ਵੜੈਚ ਨੇ ਕਿਹਾ ਕਿ ਤਰਾਸਦੀ ਇਹ ਹੈ ਕਿ ਇਨੀਂ ਕੁਰਬਾਨੀ ਕਰਨ ਦੇ ਬਾਵਜੂਦ ਵੀ ਸਰਕਾਰ ਅਤੇ ਪ੍ਰਸ਼ਾਸਨ ਉਨਾਂ ਪ੍ਰਤੀ ਗੰਭੀਰ ਨਹੀਂ ਹੈ। ਉਨਾਂ ਕਿਹਾ ਕਿ ਸਾਨੂੰ ਵਿਸ਼ੇਸ਼ ਤੋਰ ਤੇ ਸਰਹੱਦੀ ਲੋਕਾਂ ਦਾ ਧਿਆਨ ਰਖਣਾ ਚਾਹੀਦਾ ਹੈ ਅਤੇ ਬਾਕੀ ਨਾਗਰਿਕਾਂ ਨਾਲੋ ਜ਼ਿਆਦਾ ਉਹਨਾਂ ਦੀ ਪਹਿਲ ਦੇ ਅਧਾਰ ਤੇ ਸਹਾਇਤਾ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਆਮ ਆਦਮੀ ਪਾਰਟੀ ਸਰਹੱਦੀ ਇਲਾਕਿਆਂ ਵਿਚ ਵੱਸ ਰਹੇ ਇਨਾਂ ਪਿੰਡਾਂ ਦੇ ਵਸਨੀਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਉਨਾਂ ਦੇ ਹਿੱਤਾਂ ਦੀ ਰਾਖੀ ਕਰੇਗੀ। ਉਨਾਂ ਨੇ ਪੰਜਾਬ ਸਰਕਾਰ ਨੂੰ ਹਿਜ਼ਰਤ ਕਰ ਰਹੇ ਲੋਕਾਂ ਨੂੰ ਮੁੱਢਲਿਆਂ ਸਹਾਇਤਾਂ ਦੇਣ ਤੋਂ ਇਲਾਵਾਂ ਉਹਨਾਂ ਦੇ ਘਰਾਂ, ਮਾਲ-ਡੰਗਰ ਅਤੇ ਫ਼ਸਲਾਂ ਦੀ ਰਾਖੀ ਕਰਨ ਅਤੇ ਨੁਕਸਾਨ ਹੋਣ ਦੀ ਸੂਰਤ ਵਿੱਚ ਬਣਦਾ ਮੁਆਵਜ਼ਾ ਸਮੇਂ ਸਿਰ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਅੰਮਿ੍ਰਤਸਰ ਜੋਨ ਇੰਚਾਰਜ਼ ਅਤੇ ਹਲਕਾ ਅਟਾਰੀ ਤੋਂ ਉਮੀਦਵਾਰ ਜਸਵਿੰਦਰ ਸਿੰਘ ਜਹਾਂਗੀਰ ਤੋਂ ਇਲਾਵਾਂ ਨੈਸ਼ਨਲ ਕੌਂਸਲ ਮੈਂਬਰ ਅਸ਼ੋਕ ਤਲਵਾੜ, ਸੀਨੀਅਰ ਆਗੂ ਕੁਲਦੀਪ ਧਾਲੀਵਾਲ, ਅੰਮਿ੍ਰਤਸਰ ਜੋਨ ਲੀਗਲ ਸੈਲ ਦੇ ਇੰਚਾਰਜ਼ ਪਰਮਿੰਦਰ ਸਿੰਘ ਸੇਠੀ, ਐਸ.ਸੀ. ਵਿੰਗ ਦੇ ਜੋਨ ਇੰਚਾਰਜ਼ ਹਰਭਜਨ ਸਿੰਘ ਲਾਭ, ਜਸਪ੍ਰੀਤ ਬੱਲ, ਸੁਰੇਸ਼ ਸ਼ਰਮਾ, ਮਾਣ ਜਠੋਲ, ਪਰਮਜੀਤ ਸਿੰਘ, ਅਮੋਲਕ ਸਿੰਘ ਅਤੇ ਅਮਰਪ੍ਰੀਤ ਸਿੰਘ ਅਤੇ ਹੋਰ ਵਲੰਟੀਅਰ ਮੌਜੂਦ ਸਨ।