ਬੁਢਲਾਡਾ (ਮਾਨਸਾ), 2 ਅਕਤੂਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ 'ਤੇ ਨਜ਼ਰ ਰੱਖੀ ਬੈਠੀ ਭਾਜਪਾ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਪੰਜਾਬ ਨਾਲ ਲੱਗਦੀਆਂ ਸਰਹੱਦਾਂ 'ਤੇ ਗੈਰ ਜ਼ਰੂਰੀ ਜੰਗੀ ਮਾਹੌਲ ਤੇ ਪ੍ਰੇਸ਼ਾਨੀ ਪੈਦਾ ਕਰ ਰਹੀ ਹੈ। ਉਨ੍ਹਾਂ ਨੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਪਿੰਡ ਨਾ ਛੱਡਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਜ਼ਲਦੀ ਹੀ ਉਨ੍ਹਾਂ ਨਾਲ ਠਹਿਰਣ ਲਈ ਪਹੁੰਚਣਗੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਵੇਲੇ ਜੰਗ ਦੇ ਕੋਈ ਹਾਲਾਤ ਨਹੀਂ ਨਜ਼ਰ ਆ ਰਹੇ ਹਨ ਅਤੇ ਅਜਿਹੇ 'ਚ ਉਨ੍ਹਾਂ ਨੂੰ ਉਥੋਂ ਹਟਾਉਣ ਜਾਂ ਸੁਰੱਖਿਅਤ ਇਲਾਕਿਆਂ 'ਚ ਭੇਜਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਬਹਾਦਰੀ ਤੇ ਹਿੰਮਤ ਲਈ ਜਾਣਿਆ ਜਾਂਦਾ ਹੈ ਤੇ ਉਹ ਪਿੱਠ ਦਿਖਾ ਕੇ ਭੱਜਣ ਦੀ ਬਜਾਏ ਆਪਣੀ ਫੌਜ਼ ਨਾਲ ਲੜਨਾ ਪਸੰਦ ਕਰਨਗੇ। ਜੋ ਭਾਜਪਾ ਉਨ੍ਹਾਂ ਤੋਂ ਕਰਵਾਉਣਾ ਚਾਹ ਰਹੀ ਹੈ, ਉਹ ਕਦੇ ਵੀ ਨਹੀਂ ਕਰਨਗੇ। ਉਨ੍ਹਾਂ 'ਚ ਆਪਣੀਆਂ ਜ਼ਿੰਦਗੀਆਂ ਖਤਰੇ 'ਚ ਪਾ ਕੇ ਦੂਜਿਆਂ ਦੀ ਰਾਖੀ ਕਰਨ ਦੀ ਹਿੰਮਤ ਤੇ ਭਰੋਸਾ ਹੈ।
ਇਥੇ ਹਲਕੇ ਵਿਚ ਕੈਪਟਨ ਪ੍ਰੋਗਰਾਮ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਰਹੱਦ ਦੇ ਕਿਸੇ ਵੀ ਪਾਸੇ ਕੋਈ ਫੌਜ਼ੀ ਹਰਕਤ ਨਹੀਂ ਹੈ। ਸਾਡੀ ਫੌਜ਼ ਸ਼ਾਂਤੀ ਨਾਲ ਬੈਠੀ ਹੈ ਅਤੇ ਸਾਡੇ ਪਿੰਡਾਂ ਵਾਲਿਆਂ ਨੂੰ ਹਟਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੂ.ਪੀ. 'ਚ ਪੈਰ ਜਮ੍ਹਾਉਣ 'ਚ ਨਾਕਾਮ ਰਹੀ ਭਾਜਪਾ ਉਥੇ ਚੋਣਾਂ ਦੌਰਾਨ ਫਾਇਦਾ ਲੈਣ ਵਾਸਤੇ ਪੰਜਾਬੀਆਂ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ। ਇਸ ਦੌਰਾਨ ਪਿੰਡਾਂ ਨੂੰ ਖਾਲ੍ਹੀ ਕਰਵਾਏ ਜਾਣ ਖਿਲਾਫ ਆਪਣੇ ਵਿਰੋਧ ਨੂੰ ਸਪੱਸ਼ਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬਾਰਡਰ 'ਚ ਫੌਜ਼ ਦੀ ਕੋਈ ਹਰਕਤ ਨਹੀਂ ਹੈ। ਜੇ ਕੋਈ ਫੌਜ਼ੀ ਹਰਕਤ ਹੁੰਦੀ ਤਾਂ, ਭਾਰਤ ਨੇ ਉਸਨੂੰ ਪਛਾਣ ਲਿਆ ਹੁੰਦਾ। ਉਨ੍ਹਾਂ ਨੇ ਸਵਾਲ ਕੀਤਾ ਕਿ ਜਦੋਂ ਜੰਗ ਹੋਣ ਦੇ ਦੂਰ ਦੂਰ ਤੱਕ ਅਸਾਰ ਨਹੀਂ ਹਨ, ਤਾਂ ਫਿਰ ਕਿਉਂ ਗਰੀਬ ਕਿਸਾਨਾਂ ਨੂੰ ਹਟਾਇਆ ਜਾ ਰਿਹਾ ਹੈ ਤੇ ਉਹ ਵੀ ਉਸ ਵੇਲੇ ਜਦੋਂ ਉਨ੍ਹਾਂ ਦੀਆਂ ਫਸਲਾਂ ਵਾਢੀ ਲਈ ਤਿਆਰ ਹਨ?
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਖਾਲ੍ਹੀ ਕਰਵਾਏ ਜਾਣ ਦੇ ਆਦੇਸ਼ ਰੱਖਿਆ ਮੰਤਰਾਲੇ ਤੋਂ ਨਹੀਂ ਆਏ ਹਨ, ਬਲਕਿ ਇਹ ਗ੍ਰਹਿ ਮੰਤਰਾਲੇ ਦੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੇਂਦਰ ਦੇ ਨਿਰਦੇਸ਼ਾਂ ਨੂੰ ਸਿਰ ਝੁਕਾ ਕੇ ਮੰਨਣ ਦੀ ਬਜਾਏ ਖਾਲ੍ਹੀ ਕਰਵਾਏ ਜਾਣ ਖਿਲਾਫ ਪੱਖ ਰੱਖਣਾ ਚਾਹੀਦਾ ਹੈ, ਜੋ ਪੂਰੀ ਤਰ੍ਹਾਂ ਅਨੁਚਿਤ ਹੈ। ਜਦਕਿ 1965 ਜਾਂ 2002 'ਚ ਆਪ੍ਰੇਸ਼ਨ ਪਰਾਕ੍ਰਮ ਦੌਰਾਨ ਵੀ ਲੋਕਾਂ ਦਾ ਪਲਾਇਣ ਨਹੀਂ ਕਰਵਾਇਆ ਗਿਆ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਕੋਲ ਬਦਲਾ ਲੈਣ ਦਾ ਕੋਈ ਕਾਰਨ ਨਹੀਂ ਸੀ, ਕਿਉਂਕਿ ਭਾਰਤ ਨੇ ਪਾਕਿਸਤਾਨ ਦੀ ਫੌਜ਼ 'ਤੇ ਹਮਲਾ ਨਹੀਂ ਕੀਤਾ ਸੀ, ਬਲਕਿ ਸਿਰਫ ਕੰਟਰੋਲ ਰੇਖਾ ਨਾਲ ਲੱਗਦੇ ਅੱਤਵਾਦੀ ਕੈਂਪਾਂ ਤੇ ਲਾਂਚਪੈਡਾਂ ਨੂੰ ਤਬਾਹ ਕੀਤਾ ਸੀ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜੰਗ ਤੋਂ ਬੱਚਣ ਦਾ ਸੱਦਾ ਦਿੱਤਾ ਸੀ ਅਤੇ ਹਰ ਕੋਈ ਸੰਯਮ ਵਰਤਣ 'ਤੇ ਜ਼ੋਰ ਦੇ ਰਿਹਾ ਹੈ। ਇਕ ਹੋਰ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਰਤ ਨੂੰ ਇਕੱਲੇ ਪੈ ਚੁੱਕੇ ਪਾਕਿਸਤਾਨ ਪ੍ਰਤੀ ਕੂਟਨੀਤਿਕ ਕਾਰਵਾਈ ਜ਼ਾਰੀ ਰੱਖਣੀ ਚਾਹੀਦੀ ਹੈ ਤੇ ਇਸ ਦੌਰਾਨ ਉਸਨੂੰ ਗੱਲਬਾਤ ਦੇ ਵਿਕਲਪ ਵੀ ਬੰਦ ਨਹੀਂ ਕਰਨੇ ਚਾਹੀਦੇ ਹਨ। ਇਸ ਲੜੀ ਹੇਠ ਸਾਨੂੰ ਇਕ ਦੂਜੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਬੇਹਤਰ ਹੋਵੇਗਾ ਕਿ ਅਸੀਂ ਗਰੀਬੀ ਖਿਲਾਫ ਲੜਾਈ ਲੜੀਏ।