ਜਨਾਬ ਦਿਲਬਰ ਮੁਹੰਮਦ ਖ਼ਾਨ ਲੋਕ ਸੰਪਰਕ ਮੁਹਿੰਮ ਤਹਿਤ ਇਲਾਕੇ ਦਾ ਦੌਰਾ ਕਰਦੇ ਹੋਏ।
ਖੰਨਾ, 4 ਅਕਤੂਬਰ, 2016 : ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖ਼ਾਨ ਨੇ ਦਾਅਵਾ ਕੀਤਾ ਕਿ ਅਗਲੇ ਸਾਲ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ 'ਚੋਂ ਹਰ ਵਰਗ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ, ਜਿਸ ਨੂੰ ਵੇਖ ਕੇ ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣੀ ਸ਼ੁਰੂ ਹੋ ਗਈ ਹੈ।
ਦਿਲਬਰ ਮੁਹੰਮਦ ਖ਼ਾਨ ਨੇ ਲੋਕ ਸੰਪਰਕ ਮੁਹਿੰਮ ਤਹਿਤ ਇਲਾਕੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ। ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜਨਾਬ ਦਿਲਬਰ ਮੁਹੰਮਦ ਖ਼ਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਸੂਬੇ ਦੇ ਲੋਕ ਖ਼ੁਸ਼ਹਾਲ ਸਨ ਅਤੇ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਹਰੇਕ ਵਰਗ ਦੁਖੀ ਹੈ। ਉਨ੍ਹਾਂ ਕਿਹਾ ਅਕਾਲੀ ਭਾਜਪਾ ਸਰਕਾਰ ਦੇ ਸਾਢੇ ਨੌਂ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ਿਆਂ ਵਿੱਚ ਵਾਧਾ ਹੋਇਆ ਹੈ।
ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਸ਼ਬਦੀ ਹੱਲੇ ਕਰਦਿਆਂ ਕਿਹਾ ਕਿ ਥੋੜ੍ਹੇ ਹੀ ਦਿਨਾਂ ਵਿੱਚ ਇਹ ਪਾਰਟੀ ਆਪਣੀ ਅੰਦਰੂਨੀ ਲੜਾਈ ਕਾਰਨ ਖੇਰੂੰ ਖੇਰੂੰ ਹੋ ਜਾਵੇਗੀ। ਇਹ ਆਮ ਲੋਕਾਂ ਦੀ ਪਾਰਟੀ ਨਹੀਂ, ਇਸ ਵਿੱਚ ਸਾਰੇ ਹੀ ਖ਼ਾਸ ਆਦਮੀ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਚੋਣਾਂ ਅੰਦਰ ਬਹੁਤ ਘੱਟ ਸਮਾਂ ਰਹਿ ਗਿਆ ਹੈ ਇਸ ਲਈ ਸਾਰਿਆਂ ਨੂੰ ਹੁਣੇ ਤੋਂ ਚੋਣਾਂ ਲਈ ਕਮਰਕੱਸੇ ਕਰ ਲੈਣੇ ਚਾਹੀਦੇ ਹਨ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਾ ਚਾਹੀਦਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਹਾਕਮ ਦੀਨ, ਲਾਭ ਦੀਨ, ਆਤਿਸ਼ ਖ਼ਾਨ ਰਾਜੂ, ਜੰਗ ਸਿੰਘ, ਅਵਤਾਰ ਸਿੰਘ, ਰੌਸ਼ਨ ਸਿੰਘ, ਮਲਕੀਤ ਸਿੰਘ, ਬਲਜੀਤ ਸਿੰਘ, ਨਿਰਮਲ, ਸੁਖਦੇਵ, ਰਾਜੇਸ਼, ਮੱਖਣ, ਸਮਾਲਤ ਅਲੀ, ਸਲਾਮ ਦੀਨ, ਸੁਲਤਾਨ ਮੁਹੰਮਦ, ਰਘੁਵੀਰ ਸਿੰਘ, ਬਲਜੀਤ ਸਿੰਘ, ਸੰਦੀਪ ਸਿੰਘ, ਕਰਮਜੀਤ ਸਿੰਘ, ਪ੍ਰਦੀਪ, ਨਰਿੰਦਰ, ਕੁਲਵੀਰ ਸਿੰਘ, ਦਿਲਸ਼ਾਦ ਅਲੀ, ਰਹਿਮਾਨ ਦੇ ਨਾਲ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।