ਚੰਡੀਗੜ੍ਹ, 4 ਅਕਤੂਬਰ, 2016 : ਚਰਚਿਤ ਸਰਜੀਕਲ ਸਟ੍ਰੈਕ ਤੋਂ ਬਾਅਦ ਭਾਰਤ-ਪਾਕਿਸਤਾਨ ਸਰਹੱਦ ਉੱਤੇ ਸਥਿਤ ਪੰਜਾਬ ਦੇ 6 ਸਰਹੱਦੀ ਜਿਲਿਆਂ ਦੇ ਕਰੀਬ ਇੱਕ ਹਜਾਰ ਪਿੰਡਾਂ ਨੂੰ ਖਾਲੀ ਕਰਵਾਉਣ ਸੰਬੰਧੀ ਪਿਛਲੇ 29 ਸਤੰਬਰ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਨੂੰ ਲੈ ਕੇ ਪੈਦਾ ਹੋਏ ਭੰਬਲਭੂਸੇ ਉੱਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਸਥਿਤੀ ਸਪੱਸ਼ਟ ਕਰਣ ਦੀ ਮੰਗ ਕੀਤੀ ਹੈ।
ਮੰਗਲਵਾਰ ਨੂੰ ਬਾਰਡਰ ਸਿਕਿੳੂਰਟੀ ਫੋਰਸ ( ਬੀਐਸਐਫ) ਦੇ ਡੀਜੀਪੀ ਕੇ.ਕੇ. ਸ਼ਰਮਾ ਦੇ ਟਵੀਟ ਨੂੰ ਲੈ ਕੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ‘ਆਪ’ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ), ਉਪ-ਪ੍ਰਧਾਨ ਕਰਨਲ ਸੀ.ਡੀ. ਸਿੰਘ ਕੰਬੋਜ ਅਤੇ ਪਾਰਟੀ ਦੇ ਬਲਾਚੌਰ ਤੋਂ ਉਮੀਦਵਾਰ ਬਿਗੇ੍ਰਡਿਅਰ ਰਾਜ ਕੁਮਾਰ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲਗਦੇ 10 ਕਿਲੋਮੀਟਰ ਤੱਕ ਦੇ ਇਲਾਕਿਆਂ ਨੂੰ ਖਾਲੀ ਕਰਵਾਏ ਜਾਣ ਨੂੰ ਲੈ ਕੇ ਪੈਦਾ ਹੋਏ ਭੰਬਲਭੂਸੇ ਨੂੰ ਬੀਐਸਐਫ ਦੇ ਉੱਚ ਅਧਿਕਾਰੀ ਦੀ ਤਾਜ਼ਾ ਟਿੱਪਣੀ ਨੇ ਹੋਰ ਉਲਝਾ ਦਿੱਤਾ ਹੈ। ‘ਆਪ’ ਸਮੇਤ ਇਸ ਇਲਾਕਿਆਂ ਨਾਲ ਸਬੰਧਤ ਪੰਜਾਬ ਦੇ ਲੱਖਾਂ ਲੋਕ ਚਾਹੁੰਦੇ ਹਨ ਕਿ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਪੰਜਾਬ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਪੂਰੇ ਘਟਨਾਕ੍ਰਮ ਉਤੇ ਸਥਿਤੀ ਸਪੱਸ਼ਟ ਕਰਦੇ ਹੋਏ ਪੈਦਾ ਹੋਏ ਭੰਬਲਭੂਸੇ ਨੂੰ ਦੂਰ ਕਰੇ ।
ਗੁਰਪ੍ਰੀਤ ਸਿੰਘ ਵੜੈਚ ਨੇ ਪੱਤਰਕਾਰਾਂ ਨੂੰ ਬੀਐਸਐਫ ਅਧਿਕਾਰੀ ਦਾ ‘ਟਾਈਮਸ ਆਫ ਇੰਡੀਆ’ ਵਲੋਂ ਜਾਰੀ ਟਵੀਟ ਦਿਖਾਇਆ, ਜਿਸ ਵਿੱਚ ਬੀਐਸਐਫ ਦਾ ਡੀਜੀਪੀ ਦੱਸ ਰਿਹਾ ਹੈ ਕਿ ਅੰਤਰ ਰਾਸ਼ਟਰੀ ਸਰਹੱਦ ਨਾਲ ਲਗਦੇ ਪਿੰਡਾਂ ਨੂੰ ਖਾਲੀ ਕਰਵਾਉਣ ਸਬੰਧੀ ਕੋਈ ਹੁਕਮ ਜਾਰੀ ਨਹੀਂ ਹੋਏ। ਵੜੈਚ ਨੇ ਦੱਸਿਆ ਕਿ ਬੀਐਸਐਫ ਦੇ ਅਧਿਕਾਰੀ ਦਾ ਟਵੀਟ ਆਉਣ ‘ਤੇ ਉਨਾਂ ਨੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਦੇ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਅਰੋੜਾ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ (ਐਮਐਚ) ਦੇ ਵਰਵਲ ਆਰਡਰ ( ਜ਼ੁਬਾਨੀ ਹੁਕਮ ) ‘ਤੇ ਪਿੰਡ ਖਾਲੀ ਕਰਵਾਏ ਗਏ ਹਨ, ਪਰੰਤੂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੇਵਲ ਪੰਜਾਬ ਦੇ ਸਰਹੱਦੀ ਇਲਾਕਿਆਂ ਲਈ ਹੀ ਅਜਿਹੇ ਹੁਕਮ ਕਿਉਂ ਜਾਰੀ ਹੋਏ, ਜਿਸ ਕਾਰਣ ਹਾਹਾਕਾਰ ਮੱਚ ਗਈ ਹੈ।
ਕਰਨਲ ਸੀ.ਡੀ. ਸਿੰਘ ਕੰਬੋਜ ਨੇ ਕਿਹਾ ਕਿ ਸਰਹੱਦੀ ਇਲਾਕਾ ਖਾਲੀ ਕਰਵਾਉਣ ਸਬੰਧੀ ਕੇਵਲ ਪੰਜਾਬ ਵਿੱਚ ਹੀ ਜਾਰੀ ਹੋਏ ਹੁਕਮ ਸ਼ੱਕ ਦੇ ਘੇਰੇ ਵਿਚ ਸਨ, ਪਰੰਤੂ ਅੱਜ ਬੀਐਸਐਫ ਦੇ ਡੀਜੀਪੀ ਕੇ.ਕੇ. ਸ਼ਰਮਾ ਦੇ ਹੈਰਾਨੀਜਨਕ ਖੁਲਾਸੇ ਕਾਰਨ ਪੰਜਾਬ ਸਰਕਾਰ ਦੇ ਇਲਾਕੇ ਖਾਲੀ ਕਰਵਾਏ ਜਾਣ ਸਬੰਧੀ ਜਾਰੀ ਕੀਤੇ ਹੁਕਮ ਵਿੱਚੋਂ ਰਾਜਨੀਤਕ ਸਾਜਿਸ਼ ਦੀ ਬਦਬੂ ਆਉਣ ਲੱਗੀ ਹੈ ਤਾਂ ਕਿ ਚਾਰ ਮਹੀਨਿਆਂ ਬਾਅਦ ਹੋਣ ਜਾ ਰਹੇ ਪੰਜਾਬ ਦੇ ਚੋਣ ਟਾਲੇ ਜਾ ਸਕਣ। ਬਿਗ੍ਰੇਡਿਅਰ ਰਾਜ ਕੁਮਾਰ ਨੇ ਕਿਹਾ ਕਿ ਜੰਗ ਦੀ ਸਥਿਤੀ ਵਿੱਚ ਪੰਜਾਬ ਦੀ ਸਰਹੱਦ ਸਭ ਤੋਂ ਮਜਬੂਤ ਸਰਹੱਦ ਹੈ। ਪੰਜਾਬ ਦੇ ਸਰਹੱਦੀ ਇਲਾਕੇ ਖਾਲੀ ਕਰਵਾਉਣ ਤੋਂ ਪਹਿਲਾਂ ਰਾਜਸਥਾਨ, ਗੁਜਰਾਤ ਅਤੇ ਜੰਮੂ-ਕਸ਼ਮੀਰ ਦੇ ਇਲਾਕੇ ਖਾਲੀ ਕਰਵਾਏ ਜਾਂਦੇ ਹਨ, ਕਿਉਂਕਿ ਉਨਾਂ ਦੇ ਸਰਹੱਦਾਂ ‘ਤੇ ਦੁਸ਼ਮਣ ਮੁਲਕ ਦੇ ਹਮਲੇ ਦਾ ਖ਼ਤਰਾ ਜਿਆਦਾ ਹੁੰਦਾ ਹੈ ।
‘ਆਪ’ ਆਗੂਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਜਦੋਂ ਜੰਗ ਦੀ ਸਥਿਤੀ ਦੇ ਮੱਦੇਨਜਰ ਪੰਜਾਬ ਦੇ ਇਲਾਕੇ ਖਾਲੀ ਕਰਵਾਉਣ ਦੇ ਜ਼ੁਬਾਨੀ ਹੁਕਮ ਜਾਰੀ ਕੀਤੇ ਗਏ ਸਨ ਤਾਂ ਉਨਾਂ ਨੇ (ਬਾਦਲ) ਪੰਜਾਬ ਦੀਆਂ ਫਸਲਾਂ ਲਈ ਮੁਆਵਜਾ ਦੀ ਮੰਗ ਕਿਉਂ ਨਹੀਂ ਕੀਤੀ? ‘ਆਪ’ ਆਗੂਆਂ ਨੇ ਮੰਗ ਕੀਤੀ ਕਿ ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਕੇਂਦਰ ਤੋਂ ਪ੍ਰਤੀ ਏਕੜ ਘੱਟ ਤੋਂ ਘੱਟ ਪੰਜਾਹ ਹਜਾਰ ਰੁਪਏ ਦਾ ਮੁਆਵਜਾ ਮੰਗੇ ।
ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਕਰੀਬ ਇੱਕ ਹਫਤਾ ਪਹਿਲਾਂ ਪੰਜਾਬ ਸਰਕਾਰ ਨੇ ਇਲਾਕੇ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਸਨ ਪਰੰਤੂ ਹੁਕਮ ਜਾਰੀ ਕਰਕੇ ਨਾ ਤਾਂ ਲੋਕਾਂ ਅਤੇ ਉਨਾਂ ਦੇ ਪਸ਼ੂ ਆਦਿ ਲਈ ਕੋਈ ਠੋਸ ਪ੍ਰਬੰਧ ਕੀਤੇ ਅਤੇ ਨਾ ਹੀ ਆਪਣੇ ਜਾਰੀ ਕੀਤੇ ਹੁਕਮ ਨੂੰ ਲਾਗੂ ਕਰਵਾਏ। ਇਸ ਲਈ ਅਜਿਹਾ ਸ਼ੱਕ ਪੈਦਾ ਹੋ ਰਿਹਾ ਹੈ ਕਿ ਸਰਹੱਦ ਉਤੇ ਪੈਦਾ ਹੋਏ ਤਣਾਅ ਦੀ ਆੜ ਵਿੱਚ ਅਕਾਲੀ-ਭਾਜਪਾ ਸਰਕਾਰ ਅਗਲੀ ਵਿਧਾਨ ਸਭਾ ਚੋਣ ਟਾਲਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਪੰਜਾਬ ਦੀ ਜਨਤਾ ਚੰਗੀ ਤਰਾਂ ਜਾਣਦੀ ਹੈ ਕਿ ਅਕਾਲੀ-ਭਾਜਪਾ ਸਰਕਾਰ ਚੋਣ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ ।