ਬਠਿੰਡਾ, 4 ਅਕਤੂਬਰ, 2016 : ਕਮਿਸ਼ਨਰ ਫਰੀਦਕੋਟ ਡਵੀਜ਼ਨ ਸ਼੍ਰੀ ਵੀ. ਕੇ. ਮੀਨਾ ਨੇ ਅੱਜ ਇੱਥੇ ਚੋਣ ਰਜਿਸਟਰੇਸ਼ਨ ਅਫ਼ਸਰਾਂ, ਸਹਾਇਕ ਚੋਣ ਰਜਿਸਟਰੇਸ਼ਨ ਅਧਿਕਾਰੀਆਂ ਅਤੇ ਬਲਾਕ ਲੈਵਲ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਵੋਟਰ ਸੂਚੀਆਂ ਦੀ ਸੁਧਾਈ ਨੂੰ ਭਾਰਤੀ ਚੇਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਸਹੀ ਢੰਗ ਨਾਲ ਮੁਕੰਮਲ ਕਰਨ ਨੂੰ ਤਰਜੀਹ ਦਿੱਤੀ ਜਾਵੇ। ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਡਾ. ਬਸੰਤ ਗਰਗ ਸਮੇਤ ਵੋਟਰ ਸੂਚੀਆਂ ਦੀ ਸੁਧਾਈ ਨਾਲ ਸੰਬੰਧਤ ਅਮਲੇ ਨਾਲ ਸਮੀਖਿਆ ਮੀਟਿੰਗ ਕਰਦਿਆਂ ਸ਼੍ਰੀ ਮੀਨਾ ਨੇ ਕਿਹਾ ਕਿ ਚੋਣ ਰਜਿਸਟਰੇਸ਼ਨ ਅਫ਼ਸਰ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁਕੰਮਲ ਕਰਵਾਉਣ ਨੂੰ ਯਕੀਨੀ ਬਨਵਾਉਣ। ਸ਼੍ਰੀ ਮੀਨਾ ਨੇ ਕਿਹਾ ਕਿ ਬਲਾਕ ਲੈਵਲ ਅਫ਼ਸਰਾਂ (ਬੀ.ਐਲ.ਓਜ਼.) ਵਲੋਂ ਕੀਤੀ ਜਾ ਰਹੀ ਵੋਟਰ ਸੂਚੀਆਂ ਦੀ ਸੁਧਾਈ ਨੂੰ ਸੰਬੰਧਤ ਅਧਿਕਾਰੀ ਆਪਣੀ ਨਿਗਰਾਨੀ ਹੇਠ ਅੰਤਮ ਰੂਪ ਦੇਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ 7 ਅਕਤੂਬਰ ਤੱਕ ਇਸ ਕੰਮ ਨੂੰ ਪੂਰੀ ਤਰਜੀਹ ਨਾਲ ਨੇਪਰੇ ਚਾੜ੍ਹਨ। ਚੋਣ ਰਜਿਸਟਰੇਸ਼ਨ ਅਫ਼ਸਰਾ ਨੂੰ ਨਿਰਦੇਸ਼ ਦਿੰਦਿਆਂ ਸ਼੍ਰੀ ਮੀਨਾ ਨੇ ਕਿਹਾ ਕਿ ਉਹ ਸੁਧਾਈ ਦੌਰਾਨ ਲੋੜੀਂਦੇ ਨੋਟਿਸ ਖੁਦ ਆਪਣੇ ਵਲੋਂ ਜਾਰੀ ਕਰਨ।
18-19 ਸਾਲ ਉਮਰ ਦੇ ਨੌਜਵਾਨਾਂ ਦੇ ਨਾਮ ਵੋਟਰ ਸੂਚੀਆਂ ਵਿਚ ਸ਼ਾਮਲ ਕਰਨ ਦੀ ਪ੍ਰਕਿਰਿਆ ਦੀ ਸਮੀਖਿਆ ਕਰਦਿਆਂ ਸ਼੍ਰੀ ਮੀਨਾ ਨੇ ਕਿਹਾ ਚੋਣ ਕਮਿਸ਼ਨ ਵਲੋਂ ਦਿੱਤੇ ਟੀਚੇ ਅਨੁਸਾਰ ਇਸ ਕੰਮ ਨੂੰ ਵੀ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਦੱਸਿਆ ਕਿ ਇਸ ਸੰਦਰਭ ਵਿਚ ਤਾਇਨਾਤ ਅਮਲੇ ਵਲੋਂ ਜੰਗੀ ਪੱਧਰ 'ਤੇ ਜਾਰੀ ਹੈ ਤਾਂ ਜੋ ਇਹ ਟੀਚਾ ਮੁਕੰਮਲ ਕੀਤਾ ਜਾ ਸਕੇ। ਡਾ. ਗਰਗ ਨੇ ਸ਼੍ਰੀ ਮੀਨਾ ਨੂੰ ਦੱਸਿਆ ਕਿ ਚੋਣ ਕਮਿਸ਼ਨ ਦੇ 'ਸਵੀਪ' ਪ੍ਰੋਗਰਾਮ ਤਹਿਤ ਵੱਖ ਵੱਖ ਸਰਗਰਮੀਆਂ ਰਾਹੀਂ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਨਵੇਂ ਵੋਟਰਾਂ ਦੀ ਰਜਿਸਟਰੇਸ਼ਨ ਅਤੇ ਅੰਗਹੀਣਾਂ ਦੀ ਸਹੂਲਤ ਲਈ ਪ੍ਰਬੰਧਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਕਮਿਸ਼ਨਰ ਫਰੀਦਕੋਟ ਡਵੀਜ਼ਨ ਵਲੋਂ ਬਲਾਕ ਪੱਧਰੀ ਅਫ਼ਸਰਾਂ ਨਾਲ ਗੱਲਬਾਤ ਰਾਹੀਂ ਸੁਧਾਈ ਦੇ ਕੰਮ ਦਾ ਜਾਇਜ਼ਾ ਵੀ ਲਿਆ ਗਿਆ। ਉਨ੍ਹਾ ਕਿਹਾ ਕਿ ਰਹਿੰਦੇ ਤਿੰਨ ਦਿਨਾਂ ਵਿਚ ਪਹਿਲ ਦੇ ਆਧਾਰ 'ਤੇ ਸੁਧਾਈ ਦੇ ਕੰਮ ਨੂੰੰ ਨੇਪਰੇ ਚਾੜਿਆ ਜਾਵੇ। ਉਨ੍ਹਾਂ ਕਿਹਾ ਕਿ ਇਕ ਥਾਂ ਤੋਂ ਦੂਜੀ ਥਾਂ ਤਬਦੀਲ ਹੋ ਚੁੱਕੇ ਵੋਟਰਾਂ ਜਾਂ ਮ੍ਰਿਤਕਾਂ ਦੇ ਨਾਂ ਸੂਚੀ ਵਿਚੋਂ ਪੂਰੀ ਪ੍ਰਕਿਰਿਆ ਨੂੰ ਅਮਲ ਵਿਚ ਲਿਆ ਕੇ ਹੀ ਕੱਟੇ ਜਾਣ। ਸ਼੍ਰੀ ਮੀਨਾ ਨੇ ਸੁਧਾਈ ਦੇ ਕੰਮ 'ਚ ਲੱਗੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਹਰ ਇਕ ਪ੍ਰਕਿਰਿਆ ਦਾ ਆਪਣੇ ਕੋਲ ਲੋੜੀਂਦਾ ਰਿਕਾਰਡ ਜਰੂਰ ਰੱਖਣ।
ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਸ਼੍ਰੀ ਮੀਨਾ ਨੂੰ ਭਰੋਸਾ ਦਵਾਇਆ ਕਿ ਸੁਧਾਈ ਦਾ ਕੰਮ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਪਾਲ ਕੌਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ੇਨਾ ਅਗਰਵਾਲ, ਉਪ ਮੰਡਲ ਮੈਜਿਸਟਰੇਟ ਸ਼੍ਰੀ ਵਰਿੰਦਰ ਸਿੰਘ,ਸ੍ਰੀ ਨਰਿੰਦਰ ਸਿੰਘ ਧਾਲੀਵਾਲ ਅਤੇ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਤੋ ਇਲਾਵਾ ਸਬੰਧਤ ਅਧਿਕਾਰੀ ਮੌਜੂਦ ਸਨ।