← ਪਿਛੇ ਪਰਤੋ
ਫ਼ਰੀਦਕੋਟ, 4 ਸਤੰਬਰ, 2016 : ਫਰੀਦਕੋਟ ਜਿਲ੍ਹੇ ਦੇ ਪਿੰਡ ਮੰਡਵਾਲਾ ਦੇ ਸੀਨੀਅਰ ਅਕਾਲੀ ਆਗੂਆਂ ਦੇ ਆਪਸੀ ਜਮੀਨੀ ਝਗੜੇ ਵਿੱਚ ਕਥਿਤ ਤੌਰ ਤੇ ਕਾਨੂੰਨ ਦੀ ਅਣਦੇਗੀ ਕਰਨ ਅਤੇ ਲਾਪਰਵਾਹੀ ਵਰਤਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਫਰੀਦਕੋਟ ਦੇ ਤਹਿਸੀਲਦਾਰ ਜਰਨੈਲ ਸਿੰਘ, ਕਨੂੰਗੋ ਰਣਵੀਰ ਸਿੰਘ ਅਤੇ ਪਟਵਾਰੀ ਇਕਬਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਸੂਚਨਾ ਅਨੁਸਾਰ ਸੀਨੀਅਰ ਅਕਾਲੀ ਆਗੂ ਅਤੇ ਐੱਸ.ਜੀ.ਪੀ.ਸੀ. ਮੈਂਬਰ ਸ਼ੇਰ ਸਿੰਘ ਮੰਡਵਾਲਾ ਅਤੇ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਦਰਸ਼ਨ ਸਿੰਘ ਮੰਡਵਾਲਾ ਦਰਮਿਆਨ ਵਿਰਾਸਤੀ ਜਮੀਨ ਨੂੰ ਲੈ ਕੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਝਗੜਾ ਚਲ ਰਿਹਾ ਸੀ ਅਤੇ ਤਹਿਸੀਲਦਾਰ ਦੀ ਅਦਾਲਤ ਨੇ ਝਗੜੇ ਵਾਲੀ ਜਮੀਨ ਦੇ ਇੰਤਕਾਲ ਬਾਰੇ ਫੈਸਲਾ ਕਰਨਾ ਸੀ ਸ਼ਿਕਾਇਤ ਅਨੁਸਾਰ ਤਹਿਸੀਲਦਾਰ ਨੇ ਇੰਤਕਾਲ ਦਾ ਫੈਸਲਾ ਕਰਨ ਵੇਲੇ ਕਥਿਤ ਤੌਰ ਤੇ ਰਜਿਸਟਰਡ ਵਸੀਅਤ ਦੀ ਅਣਦੇਖੀ ਕੀਤੀ। ਸੂਚਨਾ ਅਨੁਸਾਰ ਦੋਵਾਂ ਅਕਾਲੀ ਆਗੂਆਂ ਦਰਮਿਆਨ 45 ਕਨਾਲਾਂ ਜਮੀਨ ਦੀ ਮਾਲਕੀ ਨੂੰ ਲੈ ਕੇ ਝਗੜਾ ਸੀ। ਸੰਪਰਕ ਕਰਨ ਤੇ ਤਹਿਸੀਲਦਾਰ ਜਰਨੈਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਕਾਨੂੰਨ ਮੁਤਾਬਿਕ ਹੀ ਇੰਤਕਾਲ ਦਾ ਫੈਸਲਾ ਕੀਤਾ ਸੀ। ਫਾਇਨਾਂਸ ਕਮਿਸ਼ਨਰ ਪੰਜਾਬ ਨੇ ਫਰੀਦਕੋਟ ਡਵੀਜਨ ਦੇ ਕਮਿਸ਼ਨਰ ਨੂੰ ਲਿਖਤੀ ਹੁਕਮ ਭੇਜ ਕੇ ਸੂਚਿਤ ਕੀਤਾ ਹੈ ਕਿ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਮਾਮਲੇ ਵਿੱਚ ਤਹਿਸੀਲਦਾਰ ਕਾਨੂੰਗੋ ਅਤੇ ਪਟਵਾਰੀ ਨੂੰ ਤੁਰੰਤ ਮੁਅੱਤਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਐੱਮ.ਐੱਸ.ਜੱਗੀ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਬਾਰੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਜਦੋਂ ਕਿ ਤਹਿਸੀਲਦਾਰ ਦਫਤਰ ਫਰੀਦਕੋਟ ਨੇ ਮੁਅੱਤਲੀ ਦੇ ਹੁਕਮਾਂ ਦੀ ਪੁਸ਼ਟੀ ਕੀਤੀ ਹੈ।
Total Responses : 265