ਨਵੀਂ ਦਿੱਲੀ 06 ਅਕਤੂਬਰ 2016: ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਮੂਹ ਕਾਰਕੁਨਾਂ ਨੂੰ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੂਰੀ ਤਨਦੇਹੀ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਨਿੱਤਰਣ ਦਾ ਆਦੇਸ਼ ਦਿੱਤਾ ਹੈ। ਪਾਰਟੀ ਦਫ਼ਤਰ ਵਿਖੇ ਕਮੇਟੀ ਚੋਣਾਂ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਪੁਰਬ ਦੀ ਤਿਆਰੀਆਂ ਸੰਬੰਧੀ ਬੁਲਾਈ ਗਈ ਮੀਟਿੰਗ ਦੌਰਾਨ ਜੀ.ਕੇ. ਨੇ 2017 ਦੀਆਂ ਕਮੇਟੀ ਚੋਣਾਂ ਵਿਰੋਧੀਆਂ ਦੇ ਮੁਕਾਬਲੇ ਵੱਡੇ ਅੰਤਰ ਨਾਲ ਜਿੱਤਣ ਦਾ ਦਾਅਵਾ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਦੀਆਂ ਸੰਗਤਾਂ ਨਾਲ 2013 ਦੀਆਂ ਕਮੇਟੀ ਚੋਣਾਂ ਦੌਰਾਨ ਜੋ ਵਾਇਦੇ ਕੀਤੇ ਸੀ ਉਹ ਲਗਭਗ 90 ਫੀਸ਼ਦੀ ਨੇਪਰੇ ਚੜ੍ਹ ਗਏ ਹਨ।
ਉਨ੍ਹਾਂ ਦੱਸਿਆ ਕਿ ਵਾਰਡਾ ਦੀ ਨਵੀਂ ਹੱਦਬੰਦੀ ਕਰਕੇ ਆਏ ਭੋਗੌਲਿਕ ਬਦਲਾਵ ਦੇ ਕਾਰਨ ਕਈ ਮੈਂਬਰਾਂ ਦੀਆਂ ਸੀਟਾਂ ਵਿਚ ਹੋਈ ਤਬਦੀਲੀ ’ਤੇ ਪਾਰਟੀ ਨੇ ਪੂਰੀ ਨਜ਼ਰ ਬਣਾ ਰੱਖੀ ਹੈ ਤੇ ਸਮਾਂ ਆਉਣ ’ਤੇ ਸਮੂਹ 46 ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਕਮੇਟੀ ਵੱਲੋਂ ਕੀਤੇ ਗਏ ਉਸਾਰੂ ਕਾਰਜਾਂ ਨੂੰ ਘਰ-ਘਰ ਤਕ ਪਹੁੰਚਾਉਣ ਦਾ ਸੱਦਾ ਦਿੰਦੇ ਹੋਏ ਜੀ.ਕੇ. ਨੇ ਕਾਰਕੁਨਾਂ ਨੂੰ ਆਲਸ ਤਿਆਗਣ ਦੀ ਵੀ ਹਿਦਾਇਤ ਦਿੱਤੀ। ਜੀ.ਕੇ. ਨੇ ਕਿਹਾ ਕਿ ਸਾਡਾ ਮੁਕਾਬਲਾ ਕਿਸੇ ਸਿਆਸ਼ੀ ਦਲ ਨਾਲ ਨਹੀਂ ਹੈ ਸਗੋਂ ਸਾਡਾ ਮੁਕਾਬਲਾ ਆਪਣੇ ਅੰਦਰ ਮੌਜੂਦ ਆਲਸ ਦੇ ਨਾਲ ਹੈ ਕਿਊਂਕਿ ਕਿਸੇ ਵੀ ਸਿਆਸ਼ੀ ਦਲ ਦਾ ਕੂੜ ਪ੍ਰਚਾਰ ਤਦ ਤਕ ਹੋਂਦ ਵਿਚ ਰਹਿੰਦਾ ਹੈ ਜਦੋਂ ਤਕ ਸਾਡੇ ਕਾਰਕੁਨ ਉਸਦਾ ਤੱਥਾਂ ਦੇ ਨਾਲ ਮੂੰਹ ਤੋੜ ਜਵਾਬ ਨਹੀਂ ਦਿੰਦੇ।
ਜੀ.ਕੇ. ਨੇ ਵਿਰੋਧੀ ਧਿਰਾਂ ਵੱਲੋਂ ਕਮੇਟੀ ਦੀ ਐਫ.ਡੀ.ਆਰ. ਬਾਰੇ ਕੀਤੀਆਂ ਜਾ ਰਹੀਆਂ ਗੱਲਾਂ ਨੂੰ ਭੰਡੀ ਪ੍ਰਚਾਰ ਦੱਸਦੇ ਹੋਏ ਵਿਰੋਧੀਆਂ ਨੂੰ ਐਫ.ਡੀ.ਆਰ. ਦੀ ਰਕਮ ਦੇ ਨਾਲ ਹੀ ਕਮੇਟੀ ਸਿਰ ਛੱਡ ਕੇ ਗਏ ਕਰਜ਼ੇ ਦਾ ਵੀ ਬਿਓਰਾ ਦੇਣ ਦੀ ਨਸੀਹਤ ਦਿੱਤੀ। ਜੀ.ਕੇ. ਨੇ ਕਾਰਕੁਨਾਂ ਨੂੰ ਪੂਰੀ ਮੁਸਤੈਦੀ ਦੇ ਨਾਲ ਵੋਟਾ ਬਣਾਉਣ ਦੀ ਤਾਕੀਦ ਕਰਦੇ ਹੋਏ ਕਮੇਟੀ ਵੱਲੋਂ ਅਰਧ ਸ਼ਤਾਬਦੀ ਸਮਾਗਮਾਂ ਲਈ ਤਿਆਰ ਕੀਤੇ ਗਏ ਖਰੜੇ ਦੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਤਨਵੰਤ ਸਿੰਘ, ਗੁਰਮੀਤ ਸਿੰਘ ਮੀਤਾ, ਹਰਦੇਵ ਸਿੰਘ ਧਨੋਆ, ਰਵੇਲ ਸਿੰਘ, ਬੀਬੀ ਧੀਰਜ ਕੌਰ, ਹਰਵਿੰਦਰ ਸਿੰਘ ਕੇ.ਪੀ., ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਅਨੰਦ, ਗੁਰਮਿੰਦਰ ਸਿੰਘ ਮਠਾਰੂ ਤੇ ਅਕਾਲੀ ਆਗੂ ਹਰਚਰਣ ਸਿੰਘ ਗੁਲਸ਼ਨ, ਵਿਕਰਮ ਸਿੰਘ ਅਤੇ ਵੱਡੀ ਗਿਣਤੀ ਵਿਚ ਅਹੁੱਦੇਦਾਰ ਮੌਜੂਦ ਸਨ।