ਪੇਂਡੂ ਮਜ਼ਦੂਰ ਤੇ ਕਿਰਤੀ ਕਿਸਾਨ ਪੁਤਲਾ ਫੂਕਦੇ ਹੋਏ।
ਜਲੰਧਰ, 9 ਅਕਤੂਬਰ, 2016 : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਪਿੰਡ ਜਲੂਰ (ਸੰਗਰੂਰ) ਦੇ ਜ਼ਮੀਨ ਦਾ ਹੱਕ ਮੰਗਦੇ ਦਲਿਤ ਕਿਰਤੀਆਂ ਉੱਪਰ ਸਾਜਿਸ਼ੀ ਨਿਸ਼ਾਨਾ ਬਣਾ ਕੇ ਜਾਨਲੇਵਾ ਹਮਲੇ, ਦਲਿਤ ਘਰਾਂ ਦੀ ਭੰਨ-ਤੋੜ ਕਰਨ, ਐਲਾਨੀਆ ਸਮਾਜਿਕ ਬਾਈਕਾਟ ਕਰਨ ਵਾਲੇ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਸਿਸ਼ਕਾਰੇ ਪੇਂਡੂ ਧਨਾਢਾਂ, ਅਫਸਰਸ਼ਾਹੀ ਤੇ ਹਾਕਮ ਧਿਰ ਦੇ ਸਾਂਝੇ ਗਠਜੋੜ ਦੇ ਪੁਤਲੇ ਫੂਕੇ ਗਏ ਤੇ ਮੁਜਾਹਰੇ ਕੀਤੇ ਗਏ। ਇਸ ਮੌਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਇਸ ਮਾਮਲੇ ਦੀ ਪੜਤਾਲ ਲਈ ਐਸ.ਡੀ.ਐਮ. ਲਹਿਰਾਗਾਗਾ ਦੀ ਅਗਵਾਈ 'ਚ ਬਣਾਈ ਟੀਮ ਨੂੰ ਸਿਰੇ ਤੋਂ ਰੱਦ ਕੀਤਾ ਗਿਆ। ਦੋਵਾਂ ਜੱਥੇਬੰਦੀਆਂ ਦੇ ਸੂਬਾ ਪ੍ਰਧਾਨ ਤੇ ਜਨਰਲ ਸਕੱਤਰਾਂ ਤਰਸੇਮ ਪੀਟਰ, ਨਿਰਭੈ ਸਿੰਘ ਢੁੱਡੀਕੇ, ਦਾਤਾਰ ਸਿੰਘ ਅਤੇ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਵੈਰੋਕੇ (ਮੋਗਾ), ਫੱਤੂਢੀਂਗਾ (ਕਪੂਰਥਲਾ), ਭੁੱਚੋ ਖੁਰਦ (ਬਠਿੰਡਾ), ਦਿਆਲਪੁਰ, ਸਮਰਾਏ, ਦੁੱਗਰੀ, ਸਿਆਣੀਵਾਲ (ਜਲੰਧਰ) ਆਦਿ ਵਿਖੇ ਪੁਤਲੇ ਫੂਕੇ ਗਏ ਅਤੇ ਮੁਜਾਹਰੇ ਕਰਕੇ ਪੇਂਡੂ ਧਨਾਢਾਂ ਵੱਲੋਂ ਕੀਤੇ ਦਲਿਤ ਅੱਤਿਆਚਾਰ ਦਾ ਵਿਰੋਧ ਕੀਤਾ ਗਿਆ।
ਪੇਂਡੂ ਮਜ਼ਦੂਰ ਤੇ ਕਿਰਤੀ ਕਿਸਾਨ ਆਗੂਆਂ ਨੇ ਕਿਹਾ ਕਿ ਐਸ.ਸੀ. ਕਮਿਸ਼ਨ ਵੱਲੋਂ ਜਲੂਰ ਦਲਿਤ ਅੱਤਿਆਚਾਰ ਦੇ ਮਾਮਲੇ 'ਚ ਬਣਾਈ ਗਈ ਜਾਂਚ ਕਮੇਟੀ 'ਚ ਉਸ ਐਸ.ਡੀ.ਐਮ. ਨੂੰ ਅਗਵਾਈ ਦਿੱਤੀ ਗਈ ਹੈ ਜਿਸ ਵੱਲੋਂ ਡੀ.ਐਸ.ਪੀ. ਲਹਿਰਾਗਾਗਾ ਸਮੇਤ 5 ਅਕਤੂਬਰ ਨੂੰ ਦਲਿਤਾਂ ਨੂੰ ਖੁਦ ਸੁਰੱਖਿਅਤ ਪਿੰਡ ਛੱਡ ਕੇ ਆਉਣ ਦਾ ਭਰੋਸਾ ਦਿੱਤਾ ਸੀ ਪਰ ਸਿਵਲ ਤੇ ਪੁਲੀਸ ਅਧਿਕਾਰੀ ਪਿੰਡ ਗਏ ਹੀ ਨਹੀਂ ਅਤੇ ਸਾਜਿਸ਼ ਤਹਿਤ ਦਲਿਤਾਂ ਨੂੰ ਪਿੰਡ ਭੇਜ ਕੇ ਪੇਂਡੂ ਧਨਾਢਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਸੰਗਰੂਰ ਦਾ ਪ੍ਰਸਾਸ਼ਨ ਕੈਬਨਿਟ ਮੰਤਰੀ ਢੀਂਡਸਾ ਦੇ ਇਸ਼ਾਰੇ 'ਤੇ ਪੇਂਡੂ ਧਨਾਢਾਂ ਦਾ ਨੰਗੇ-ਚਿੱਟੇ ਰੂਪ 'ਚ ਸਾਥ ਦੇ ਰਿਹਾ ਹੈ। ਦਲਿਤ ਅੱਤਿਆਚਾਰ ਕਰਨ ਵਾਲੇ ਧਨਾਢਾਂ ਤੇ ਹਾਕਮ ਧਿਰ ਦੀ ਸਾਬਾਸ਼ ਲੈਣ ਲਈ ਪੀੜਤ ਦਲਿਤਾਂ ਨੂੰ ਪੁਲੀਸ ਪ੍ਰਸਾਸ਼ਨ ਨੇ ਡਰਾ-ਧਮਕਾ ਕੇ ਹਸਪਤਾਲ ਤੋਂ ਭਜਾ ਦਿੱਤਾ। 5 ਕਿਰਤੀਆਂ ਨੂੰ ਇਲਾਜ ਦੀ ਬਜਾਇ ਜੇਲ੍ਹ 'ਚ ਬੰਦ ਕਰ ਦਿੱਤਾ, ਹਮਲੇ 'ਚ ਸ਼ਿਕਾਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਜਲੂਰ ਤੇ ਬਲਬੀਰ ਜਲੂਰ ਦੀ ਬਿਰਧ ਮਾਤਾ ਰਜਿੰਦਰਾ ਮੈਡੀਕਲ ਕਾਲਜ 'ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। ਅਨੇਕਾਂ ਦਲਿਤ ਕਿਰਤੀਆਂ ਨੂੰ ਕਈ-ਕਈ ਦਿਨ ਵੱਖ-ਵੱਖ ਥਾਣਿਆਂ 'ਚ ਪੁਲੀਸ ਨੇ ਗੈਰ-ਕਾਨੂੰਨੀ ਹਿਰਾਸਤ 'ਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਜਿਹਨਾਂ ਦੀ ਥਾਂ ਜੇਲ੍ਹ 'ਚ ਹੋਣੀ ਚਾਹੀਦੀ ਹੈ, ਉਹ ਸ਼ਰੇਆਮ ਘੁੰਮ ਰਹੇ ਹਨ।
ਉਨ੍ਹਾਂ ਕਿਹਾ ਕਿ ਆਪਣੇ ਹੱਕ ਲੈਣ ਲਈ ਦਲਿਤ ਕਿਰਤੀਆਂ 'ਚ ਆਈ ਚੇਤਨਾ ਅਤੇ ਜੱਥੇਬੰਦ ਹੋਣ ਦੀ ਸੋਝੀ ਤੋਂ ਪੇਂਡੂ ਧਨਾਢਾਂ ਤੇ ਹਾਕਮ ਧਿਰ ਵੱਲੋਂ ਬੁਖਲਾਹਟ ਵਿੱਚ ਆ ਕੇ ਅਤੇ ਦਲਿਤ ਕਿਰਤੀਆਂ ਨੂੰ ਜ਼ਮੀਨਾਂ ਤੋਂ ਵਾਂਝੇ ਰੱਖਣ ਲਈ ਇਹ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਜਬਰ ਹੈ, ਉਥੇ ਟਾਕਰਾ ਵੀ ਹੈ ਦੇ ਸਿਧਾਂਤ 'ਤੇ ਪਹਿਰਾ ਦਿੰਦੇ ਹੋਏ ਮਿਹਨਤੀ ਅਤੇ ਇਨਸਾਫ ਪਸੰਦ ਲੋਕ ਜਿੱਤ ਤੱਕ ਸੰਘਰਸ਼ ਨੂੰ ਹਰ ਹੀਲੇ ਲੈ ਕੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਗ੍ਰਿਫਤਾਰ ਦਲਿਤ ਕਿਰਤੀਆਂ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਫੌਰੀ ਰਿਹਾਅ ਕੀਤਾ ਜਾਵੇ, ਝੂਠੇ ਕੇਸ ਰੱਦ ਕੀਤੇ ਜਾਣ, ਦਲਿਤ ਕਿਰਤੀਆਂ 'ਤੇ ਹਮਲੇ ਕਰਨ ਵਾਲੇ ਪੇਂਡੂ ਧਨਾਢਾਂ, ਹਾਕਮ ਧਿਰ ਦੇ ਲੱਠਮਾਰਾਂ ਅਤੇ ਸਿਵਲ ਤੇ ਪੁਲੀਸ ਅਧਿਕਾਰੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜ਼ਖ਼ਮੀ ਕਿਰਤੀਆਂ ਦਾ ਸਹੀ ਤੇ ਢੁੱਕਵਾਂ ਇਲਾਜ ਕਰਵਾਇਆ ਜਾਵੇ। ਮੁਜਾਹਰਿਆਂ ਦੀ ਅਗਵਾਈ ਹੰਸ ਰਾਜ ਪੱਬਵਾਂ, ਕਸ਼ਮੀਰ ਸਿੰਘ ਘੱਗਸ਼ੋਰ, ਸੁਰਜੀਤ ਸਿੰਘ ਸਮਰਾ, ਮੰਗਾ ਸਿੰਘ ਵੈਰੋਕੇ, ਹਨੀ ਬਠਿੰਡਾ ਆਦਿ ਨੇ ਕੀਤੀ।