ਚੰਡੀਗੜ੍ਹ, 9 ਅਕਤੂਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਸਰ ਇੰਪਰੂਵਮੇਂਟ ਟਰੱਸਟ ਵੱਲੋਂ ਉਨ੍ਹਾਂ ਤੇ ਹੋਰਨਾਂ ਨੂੰ ਜ਼ਮੀਨ 'ਚ ਛੋਟ ਦੇ ਮਾਮਲੇ 'ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੇਸ ਨੂੰ ਬੰਦ ਕਰਨ ਦਾ ਕਦਮ ਸਿਰਫ ਉਨ੍ਹਾਂ ਦੇ ਪੱਖ ਨੂੰ ਸਾਬਤ ਕਰਦਾ ਹੈ ਅਤੇ ਇਸਦਾ ਕੋਈ ਕਾਨੂੰਨੀ ਅਧਾਰ ਨਹੀਂ ਸੀ। ਇਸ ਦੌਰਾਨ ਉਨ੍ਹਾਂ ਤੇ ਬਾਦਲਾਂ ਵਿਚਾਲੇ ਮਿਲੀਭੁਗਤ ਦਾ ਦੋਸ਼ ਲਗਾਉਣ ਵਾਲੇ ਦਿੰਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵੀ ਕੈਪਟਨ ਅਮਰਿੰਦਰ ਵਰ੍ਹੇ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਕੇਜਰੀਵਾਲ ਜਾਣਦੇ ਹਨ ਕਿ ਕੇਸ ਨੂੰ ਸੁਪਰੀਮ ਕੋਰਟ ਵੱਲੋਂ ਵਿਧਾਨ ਸਭਾ 'ਚ ਉਨ੍ਹਾਂ ਦੀ ਮੈਂਬਰਸ਼ਿਪ ਨੂੰ ਮੁੜ ਕਾਇਮ ਕਰਨ ਬਾਰੇ ਉਨ੍ਹਾਂ ਦੇ ਹੱਕ 'ਚ ਦਿੱਤੇ ਫੈਸਲੇ ਦੇ ਅਧਾਰ 'ਤੇ ਬੰਦ ਕੀਤਾ ਗਿਆ ਹੈ? ਜਾਂ ਉਹ ਸੁਪਰੀਮ ਕੋਰਟ ਦੇ ਫੈਸਲੇ ਉਪਰ ਵੀ ਸਵਾਲ ਕਰ ਰਹੇ ਹਨ? ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਹ ਹਾਲੇ ਪੁਖਤਾ ਨਹੀਂ ਹੋ ਸਕਿਆ ਹੈ ਕਿ ਕੀ ਵਿਜੀਲੈਂਸ ਬਿਊਰੋ ਨੇ ਕੇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਜਾਂ ਫਿਰ ਨਹੀਂ, ਲੇਕਿਨ ਬਿਊਰੋ ਕੋਲ ਕੇਸ ਨੂੰ ਬੰਦ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ, ਜਿਸਦਾ ਕੋਈ ਕਾਨੂੰਨੀ ਅਧਾਰ ਨਹੀਂ ਸੀ ਅਤੇ ਇਹ ਬਾਦਲਾਂ ਵੱਲੋਂ ਉਨ੍ਹਾਂ ਖਿਲਾਫ ਦੁਸ਼ਮਣੀ ਦੀ ਸਿਆਸਤ ਹੇਠ ਚੁੱਕਿਆ ਗਿਆ ਕਦਮ ਸੀ, ਕਿਉਂਕਿ ਉਨ੍ਹਾਂ ਨੇ ਇਨ੍ਹਾਂ ਨੂੰ ਬਤੌਰ ਮੁੱਖ ਮੰਤਰੀ ਆਪਣੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ 'ਚ ਜੇਲ੍ਹ ਭੇਜਿਆ ਸੀ।
ਉਨ੍ਹਾਂ ਨੇ ਖੁਲਾਸਾ ਕਿ ਉਨ੍ਹਾਂ ਨੂੰ ਵਿਧਾਨ ਸਭਾ 'ਚੋਂ ਕੱਢਣ ਦਾ ਫੈਸਲਾ ਅਕਾਲੀਆਂ ਨੇ ਲਿੱਖਿਆ ਸੀ, ਜਿਸਨੂੰ ਸੁਪਰੀਮ ਕੋਰਟ ਦੀ 5 ਮੈਂਬਰੀ ਸੰਵਿਧਾਨਿਕ ਬੈਂਚ ਨੇ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਵਿਧਾਨ ਸਭਾ 'ਚੋਂ ਕੱਢਣ ਵਾਸਤੇ ਬਹੁਮਤ ਦੀ ਦੁਰਵਰਤੋਂ ਕਰਨ ਵਾਸਤੇ ਸਰਕਾਰ ਦੀ ਸਖ਼ਤ ਸਬਦਾਂ 'ਚ ਨਿੰਦਾ ਕੀਤੀ ਸੀ। ਜਦਕਿ ਅੰਮ੍ਰਿਤਸਰ ਇੰਪਰੂਵਮੇਂਟ ਟਰੱਸਟ ਵੱਲੋ ਜਨਵਰੀ 2006 'ਚ ਵੀਰ ਬਿਲਡਰਜ਼ ਨੂੰ ਦਿੱਤੀ ਛੋਟ, ਜਿਹੜੀ ਉਨ੍ਹ੍ਟਾਂ ਨੂੰ ਵਿਧਾਨ ਸਭਾ 'ਚੋਂ ਕੱਢਣ ਤੇ ਫਿਰ ਕੇਸ ਦਰਜ ਕਰਨ ਦਾ ਅਧਾਰ ਬਣੀ ਸੀ, ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿਰਫ ਬਾਦਲ ਵੱਲੋਂ ਬਣਾਈ ਨੀਤੀ 'ਤੇ ਕੰਮ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਟਰੱਸਟ ਨੇ 1996 'ਚ 275 ਏਕੜ ਜ਼ਮੀਨ ਅਕਵਾਇਰ ਕੀਤੀ ਸੀ। ਬਾਦਲ ਨੇ 11 ਮਈ, 2001 ਨੂੰ ਮੋਹਨ ਵਿਹਾਰ, ਅਮਰਜੀਤ ਵਿਹਾਰ ਤੇ ਡਾਕਟਰਜ਼ ਹਾਊਸਿੰਗ ਕੋਆਪ੍ਰੇਟਿਵ ਸੁਸਾਇਟੀ ਨੂੰ ਛੋਟ ਦਿੱਤੀ ਸੀ। ਉਸੇ ਨੀਤੀ ਹੇਠ ਉਨ੍ਹਾਂ ਦੀ ਸਰਕਾਰ ਨੇ ਵੀਰ ਬਿਲਡਰਜ਼ ਨੂੰ 33.1 ਏਕੜ ਦੀ ਛੋਟ ਦਿੱਤੀ ਸੀ। ਅਸੀਂ ਛੋਟ ਸਬੰਧੀ ਬਾਦਲ ਦੀ ਨੀਤੀ ਦੀ ਪਾਲਣਾ ਕੀਤੀ ਸੀ, ਜੋ ਉਨ੍ਹਾਂ ਨੂੰ ਵਿਧਾਨ ਸਭਾ 'ਚੋਂ ਗੈਰ ਸੰਵਿਧਾਨਿਕ ਤਰੀਕੇ ਨਾਲ ਕੱਢਣ ਦਾ ਅਧਾਰ ਬਣੀ। ਜਿਸਦੇ ਉਲਟ ਉਨ੍ਹਾਂ (ਕੈਪਟਨ ਅਮਰਿੰਦਰ) ਦੀ ਸਰਕਾਰ ਵੱਲੋਂ ਬਣਾਈ ਗਈ ਨੀਤੀ ਜ਼ਿਆਦਾ ਮਜ਼ਬੂਤ ਸੀ। ਆਪ ਵੱਲੋਂ ਕਾਂਗਰਸ ਤੇ ਅਕਾਲੀਆਂ ਉਪਰ ਫਿਕਸ ਮੈਚ ਖੇਡਣ ਬਾਰੇ ਲਗਾਏ ਦੋਸ਼ਾਂ ਸਬੰਧੀ ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਸਪੱਸ਼ਟ ਕਰਨ ਵਾਸਤੇ ਕਿਹਾ ਹੈ ਕਿ ਕੀ ਜੋ ਅਕਾਲੀਆਂ ਨੇ ਕੀਤਾ ਉਹ ਠੀਕ ਸੀ। ਕੀ ਇਹ ਕੇਸ ਦੁਸ਼ਮਣੀ ਦੀ ਸਿਆਸਤ ਨਹੀਂ ਹੈ ਜਾਂ ਇਹ ਸੁਪਰੀਮ ਕੋਰਟ 'ਤੇ ਵਿਸ਼ਵਾਸ ਨਹੀਂ ਕਰਦੇ ਜਾਂ ਫਿਰ ਇਨ੍ਹਾਂ ਦਾ ਮੰਨਣਾ ਹੈ ਕਿ ਸੁਪਰੀਮ ਕੋਰਟ ਨੇ ਵੀ ਮੇਰੀ ਪੰਜਾਬ ਵਿਧਾਨ ਸਭਾ 'ਚ ਮੈਂਬਰਸ਼ਿਪ ਬਹਾਲ ਕਰਕੇ ਸਾਡੇ ਨਾਲ ਫਿਕਸ ਮੈਚ ਖੇਡਿਆ ਹੈ।