ਚੰਡੀਗੜ੍ਹ, 10 ਅਕਤੂਬਰ, 2016 : ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੀ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਪ੍ਰੋਮੋਸ਼ਨਾਂ ਕਰਨ ਵਿੱਚ ਦਿਖਾਈ ਜਾ ਰਹੀ ਢਿੱਲੀ ਕਾਰਗੁਜ਼ਾਰੀ ਤੋਂ ਅੱਕੇ 14000 ਅਧਿਆਪਕਾਂ ਦੀ ਨੁਮਾਇੰਦਗੀ ਕਰਦੇ ਬੀ. ਐੱਡ. ਅਧਿਆਪਕ ਫਰੰਟ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਪ੍ਰੋਮੋਸ਼ਨਾਂ ਜਲਦ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦੇ ਹਲਕੇ ਰੋਪੜ ਵਿਖੇ 17 ਅਕਤੂਬਰ ਨੂੰ ਰੋਸ ਰੈਲੀ ਕਰਨ ਦਾ ਫੈਸਲਾ ਲਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀ. ਐੱਡ. ਅਧਿਆਪਕ ਫਰੰਟ ਦੇ ਆਗੂਆਂ ਨਵਨੀਤ ਅਨਾਇਤਪੁਰੀ, ਹਾਕਮ ਸਿੰਘ ਖਨੌੜਾ, ਤਲਵਿੰਦਰ ਸਿੰਘ ਸਮਾਣਾ, ਦਵਿੰਦਰ ਸਿੰਘ ਠਰੂਆ, ਸੁਖਜਿੰਦਰ ਸਿੰਘ, ਕੇਵਲ ਕੁਮਾਰ, ਬਲਵਿੰਦਰ ਸਿੰਘ, ਰਾਜਵੰਤ ਸਿੰਘ, ਸੰਜੇ ਕੁਮਾਰ, ਗੁਰਵਿੰਦਰ ਕੌਰ, ਨਿਰੰਜਣ ਸਿੰਘ, ਅਵਤਾਰ ਸਿੰਘ, ਪਰਮਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਮੀਤ ਬਾਂਸਲ, ਜਸਵਿੰਦਰ ਸਿੰਘ, ਦੀਪਕ ਵਰਮਾ, ਮੋਨਿਕਾ ਸ਼ਰਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਈ.ਟੀ.ਟੀ. ਤੋਂ ਮਾਸਟਰ ਕਾਡਰ ਦੀਆਂ ਪ੍ਰੋਮੋਸ਼ਨਾਂ ਲਈ ਯੋਗਤਾ ਪੂਰੀ ਕਰਨ ਵਾਲੇ ਅਧਿਆਪਕਾਂ ਤੋਂ 22 ਜੁਲਾਈ ਤੱਕ ਕੇਸ ਮੰਗੇ ਸਨ । ਪਰੰਤੂ ਢਾਈ ਮਹੀਨੇ ਬੀਤਣ ਉਪਰੰਤ ਵੀ ਇਹ ਪ੍ਰੋਮੋਸ਼ਨਾਂ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਅਧਿਆਪਕਾਂ ਵਿੱਚ ਸਿੱਖਿਆ ਮੰਤਰੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਪ੍ਰਤੀ ਭਾਰੀ ਰੋਸ ਹੈ । ਇਸੇ ਕਾਰਨ ਫਰੰਟ ਵੱਲੋਂ 17 ਅਕਤੂਬਰ ਦੀ ਰੋਪੜ ਰੈਲੀ ਸਫਲ ਬਣਾਉਣ ਲਈ ਸਮੂਹ ਜਿਲ੍ਹਿਆਂ ਦੇ ਸਮੁੱਚੇ ਬਲਾਕਾਂ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ । ਜਿਲ੍ਹਾ ਪਟਿਆਲਾ ਵਿੱਚ ਅਧਿਆਪਕਾਂ ਨਾਲ ਨਿੱਜੀ ਸੰਪਰਕ ਮੁਹਿੰਮ ਰਾਹੀਂ ਰਾਬਤਾ ਬਣਾਇਆ ਜਾ ਰਿਹਾ ਹੈ । ਨਵਨੀਤ ਅਨਾਇਤਪੁਰੀ ਨੇ ਕਿਹਾ ਕਿ ਜੇਕਰ 17 ਅਕਤੂਬਰ ਤੋਂ ਪਹਿਲਾਂ ਪ੍ਰੌਮੋਸ਼ਨ ਸੂਚੀ ਜਾਰੀ ਨਹੀਂ ਕੀਤੀ ਜਾਂਦੀ ਤਾਂ ਇਸ ਰੋਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਪਹੁੰਚ ਕੇ ਰੋਪੜ ਜਾਮ ਕਰ ਦੇਣਗੇ ।