ਚੰਡੀਗੜ੍ਹ, 11 ਅਕਤੂਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ 'ਚ ਵਾਪਿਸ ਆਉਣ ਤੋਂ ਬਾਅਦ ਸੂਬੇ 'ਚ ਅਨਾਜ ਦੇ ਸਟਾਕਾਂ ਦੀ ਫਿਜਿਕਲ ਵੈਰੀਫਿਕੇਸ਼ਨ ਕਰਵਾਉਣਗੇ। ਇਸ ਲੜੀ ਹੇਠ ਸੂਬੇ ਦੇ ਲੋਕਾਂ ਦੀ ਮਿਹਨਤ ਦਾ ਇਕ ਇਕ ਪੈਸਾ ਭ੍ਰਿਸ਼ਟ ਬਾਦਲ ਐਂਡ ਕੰਪਨੀ ਤੋਂ ਵਸੂਲਿਆ ਜਾਵੇਗਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪਹਿਲਾਂ ਵੀ ਅਸੀਂ ਪੁਖਤਾ ਕੀਤਾ ਸੀ ਅਤੇ ਇਕ ਵਾਰ ਫਿਰ ਤੋਂ ਕਾਨੂੰਨੀ ਪ੍ਰੀਕ੍ਰਿਆ ਪੂਰੀ ਕਰਨ ਤੋਂ ਬਾਅਦ ਇਨ੍ਹਾਂ ਦੇ ਗੁਨਾਹਾਂ ਲਈ ਇਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ। ਅਸੀਂ ਇਕ ਵਾਰ ਫਿਰ ਤੋਂ ਬਾਦਲਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹੱਟਾਂਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੱਤਾ 'ਚ ਵਾਪਿਸੀ ਤੋਂ ਬਾਅਦ ਅਸੀਂ ਪੁਖਤਾ ਕਰਾਂਗੇ ਕਿ ਬਾਦਲਾਂ ਵੱਲੋਂ ਚੋਰੀ ਕੀਤਾ ਪੈਸਾ ਸੂਬੇ ਦੇ ਖਜ਼ਾਨੇ 'ਚ ਵਾਪਿਸ ਲਿਆਉਂਦਾ ਜਾਵੇ। 2007 'ਚ ਸਰਕਾਰ ਬਣਾਉਣ ਤੋਂ ਬਾਅਦ ਬਾਦਲ ਸੂਬੇ ਨੂੰ ਲੁੱਟਦੇ ਆ ਰਹੇ ਹਨ ਅਤੇ ਇਹ ਬਹੁ ਕਰੋੜੀ ਅਨਾਜ਼ ਘੁਟਾਲਾ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਇਨ੍ਹਾਂ ਦੇ ਸਿਰ ਦਾ ਤਾਜ਼ ਹੈ। ਜਿਹੜੀ ਅਕਾਲੀ ਸਰਕਾਰ ਇਸ ਮੈਗਾ ਸਕੈਂਡਲ ਨੂੰ ਲੋਨ 'ਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ 2002 'ਚ ਅਕਾਲੀਆਂ ਤੋਂ ਸੂਬੇ ਦੀ ਕਮਾਂਡ ਸੰਭਾਲਣ ਮੌਕੇ ਪੰਜਾਬ ਸਿਰ ਕੇਂਦਰ ਸਰਕਾਰ ਦਾ 4,500 ਕਰੋੜ ਰੁਪਏ ਦਾ ਬਕਾਇਆ ਸੀ। ਉਨ੍ਹਾਂ ਦੀ ਸਰਕਾਰ ਨੇ ਸਫਲਤਾਪੂਰਵਕ ਉਹ ਕਰਜ਼ਾ ਉਤਾਰ ਦਿੱਤਾ ਸੀ। ਲੇਕਿਨ ਜਦੋਂ ਬਾਦਲ ਸੱਤਾ 'ਚ ਵਾਪਿਸ ਪਰਤੇ, ਤਾਂ ਸੂਬਾ ਇਕ ਵਾਰ ਫਿਰ ਤੋਂ ਕਰਜ਼ੇ ਦੇ ਜਾਅਲ 'ਚ ਫੱਸਦਾ ਗਿਆ, ਜਿਹੜੀ ਰਕਮ ਬਹੁਤ ਵੱਡੀ ਹੋ ਚੁੱਕੀ ਹੈ। ਉਨ੍ਹਾਂ ਨੇ ਅਕਾਲੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਤਾਜ਼ਾ ਮਾਮਲੇ 'ਚ ਆਰ.ਬੀ.ਆਈ ਕੋਲ 30,000 ਕਰੋੜ ਰੁਪਏ ਦੇ ਲੋਨ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਅਜਿਹੇ 'ਚ ਸੂਬੇ ਸਿਰ ਚੜ੍ਹਿਆ ਕਰਜ਼ਾ ਅਗਲੇ 20 ਸਾਲਾਂ 'ਚ 50,000 ਕਰੋੜ ਰੁਪਏ ਨੂੰ ਪਹੁੰਚ ਜਾਵੇਗਾ।
ਕੈਪਟਨ ਅਮਰਿੰਦਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਬਾਦਲਾਂ ਨੂੰ ਅਜਿਹਾ ਨਹੀਂ ਕਰਨ ਦੇਣਗੇ। ਘੁਟਾਲੇ 'ਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕੈਗ ਨੇ ਵੀ ਆਪਣੀ ਜਾਂਚ 'ਚ ਘੁਟਾਲੇ ਹੇਠ ਬਾਦਲ ਸਰਕਾਰ 'ਤੇ ਨੱਥ ਪਾਉਣ ਲਈ ਪੁਖਤਾ ਸਬੂਤ ਇਕੱਠੇ ਕੀਤੇ ਹਨ। ਬਾਦਲਾਂ ਦੇ ਅਪਰਾਧਾਂ ਦਾ ਹਰਜ਼ਾਨਾ ਪੰਜਾਬ ਦੇ ਲੋਕ ਨਹੀਂ ਭੁਗਤਣਗੇ। ਇਸ ਸਾਲ ਅਪ੍ਰੈਲ 'ਚ ਵਿਜੀਲੈਂਸ ਬਿਊਰੋ ਨੂੰ ਦਿੱਤੀ ਸ਼ਿਕਾਇਤ 'ਚ ਸੂਬਾ ਕਾਂਗਰਸ ਨੇ ਕਿਹਾ ਸੀ ਕਿ ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਤੇ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ) ਨੇ ਸ਼ੁਰੂਆਤੀ ਜਾਂਚ 'ਚ ਪਾਇਆ ਸੀ ਕਿ 32,000 ਕਰੋੜ ਰੁਪਏ ਦੇ ਸਟਾਕ ਦਾ ਗਾਇਬ ਹੋਣਾ ਕੇਂਦਰੀ ਫੰਡਾਂ 'ਚ ਬੇਨਿਯਮੀ ਤੇ ਅਨਾਜ ਦਾ ਹੋਰਨਾਂ ਉਦੇਸ਼ਾਂ ਵਾਸਤੇ ਇਸਤੇਮਾਲ ਦਾ ਮਾਮਲਾ ਹੈ।
ਇਸ ਬਾਰੇ ਪਾਰਟੀ ਦੇ ਬੁਲਾਰੇ ਸੁਨੀਲ ਜਾਖੜ ਨੇ ਕਿਹਾ ਸੀ ਕਿ ਮਾਮਲੇ 'ਚ ਸੂਬੇ ਦੀਆਂ ਖ੍ਰੀਦ ਏਜੰਸੀਆਂ ਵੱਲੋਂ ਅਨਾਜ਼ ਦੀ ਢੁਲਾਈ ਵਾਸਤੇ 3,319 ਟਰੱਕਾਂ ਦੇ ਇਸਤੇਮਾਲ ਦਾ ਦਾਅਵਾ ਕੀਤਾ ਗਿਆ ਸੀ, ਲੇਕਿਨ ਕੈਗ ਨੇ ਰਜਿਸਟ੍ਰੇਸ਼ਨ ਨੰਬਰਾਂ ਦੀ ਜਾਂਚ ਦੌਰਾਨ ਪਾਇਆ ਸੀ ਕਿ ਵੱਡੀ ਗਿਣਤੀ 'ਚ 87 ਵਾਹਨ ਅਸਲਿਅਤ 'ਚ ਦੁਪਹਿਆ ਵਾਹਨ ਤੇ ਕਾਰਾਂ ਸਨ। ਜਦਕਿ ਬਾਕੀਆਂ ਦੀ ਪਛਾਣ ਨਹੀਂ ਹੋ ਸਕੀ ਸੀ, ਜੋ ਸਪੱਸ਼ਟ ਤੌਰ 'ਤੇ ਖੁਲਾਸਾ ਕਰਦਾ ਹੈ ਕਿ ਅਨਾਜ ਕਦੇ ਵੀ ਗੋਦਾਮਾਂ ਤੱਕ ਨਹੀਂ ਪਹੁੰਚਿਆ ਸੀ, ਬਲਕਿ ਮਾਰਕੀਟ 'ਚੋਂ ਖੁਦ ਹੀ ਗਾਇਬ ਹੋ ਗਿਆ ਸੀ। ਇਸ ਲੜੀ ਹੇਠ ਪੰਜਾਬ ਕਾਂਗਰਸ ਨੇ ਮਾਮਲੇ ਦੀ ਜਾਂ ਤਾਂ ਸੀ.ਬੀ.ਆਈ ਪਾਸੋਂ ਜਾਂ ਫਿਰ ਹਾਈ ਕੋਰਟ ਦੇ ਜੱਜ ਪਾਸੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਸੀ। ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਹੈ ਕਿ ਉਹ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਉਣ ਤੱਕ ਅਤੇ ਪੰਜਾਬ ਦੇ ਲੋਕਾਂ ਨੂੰ ਬਾਦਲ ਸਰਕਾਰ ਦੇ ਸੂਬੇ 'ਚ ਮਾਫੀਆ ਰਾਜ ਦੇ ਅਪਰਾਧਿਕ ਚੁੰਗਲ ਤੋਂ ਬਚਾਉਣ ਤੱਕ ਅਰਾਮ ਨਾਲ ਨਹੀਂ ਬੈਠਣਗੇ।