ਦੋਸ਼ੀਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਦਸਤਖਤ ਮੁਹਿੰਮ 'ਚ ਹਿੱਸਾ ਲੈਂਦੇ ਹੋਏ ਲੋਕ।
ਫਰੀਦਕੋਟ, 11 ਅਕਤੂਬਰ, 2016 : ਇੱਥੋਂ ਦੇ ਸੁਸਾਇਟੀ ਨਗਰ ਦੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਵੱਲੋਂ ਕਥਿਤ ਤੌਰ 'ਤੇ ਪੁਲੀਸ ਅਤੇ ਅਕਾਲੀ ਆਗੂਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਅਕਾਲੀ ਆਗੂਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਬਣੀ ਖੁਦਕੁਸ਼ੀ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਸ਼ਹਿਰ ਵਿੱਚ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਹੈ। ਇੱਥੋਂ ਦੇ ਘੰਟਾ ਘਰ ਚੌਂਕ ਵਿੱਚ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਐਕਸ਼ਨ ਕਮੇਟੀ ਦੇ ਆਗੂ ਸ਼ਵਿੰਦਰਪਾਲ ਸਿੰਘ ਸੰਧੂ, ਕਰਨਦੀਪ ਸਿੰਘ, ਬੂਟਾ ਸਿੰਘ, ਗੁਰਦਿੱਤ ਸਿੰਘ ਸੇਖੋਂ ਅਤੇ ਅਮਨ ਵੜਿੰਗ ਨੇ ਕਿਹਾ ਕਿ ਖੁਦਕੁਸ਼ੀ ਕਾਂਡ ਨੂੰ ਇੱਕ ਮਹੀਨਾ ਪੂਰਾ ਹੋਣ ਵਾਲਾ ਹੈ ਪਰੰਤੂ ਅਜੇ ਤੱਕ ਖੁਦਕੁਸ਼ੀ ਨੋਟ ਵਿੱਚ ਦਰਜ ਤਿੰਨ ਅਕਾਲੀ ਆਗੂਆਂ ਖਿਲਾਫ਼ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਪੁਲੀਸ ਜਾਂਚ ਦੇ ਨਾਮ 'ਤੇ ਮਾਮਲਾ ਲਗਾਤਾਰ ਲਮਕਾ ਰਹੀ ਹੈ ਅਤੇ ਅਕਾਲੀ ਆਗੂਆਂ ਨੂੰ ਬਚਾਇਆ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਪੀੜਤ ਪਰਿਵਾਰ ਨੇ ਵੀ ਸ਼ਮੂਲੀਅਤ ਕੀਤੀ ਅਤੇ ਦੋਸ਼ ਲਾਇਆ ਕਿ ਉਹਨਾਂ ਨੂੰ ਚੁੱਪ ਰਹਿਣ ਲਈ ਡਰਾਇਆ ਧਮਕਾਇਆ ਜਾ ਰਿਹਾ ਹੈ। ਮ੍ਰਿਤਕ ਜਗਤਾਰ ਸਿੰਘ ਦੀ ਲੜਕੀ ਮਨਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਲਾਨੀ ਦਸ ਲੱਖ ਦੀ ਰਾਸ਼ੀ ਵੀ ਪੀੜਤ ਪਰਿਵਾਰ ਨੂੰ ਅਜੇ ਤੱਕ ਨਹੀਂ ਮਿਲੀ ਅਤੇ ਵਾਅਦੇ ਮੁਤਾਬਿਕ ਦੋਸ਼ੀਆਂ ਖਿਲਾਫ਼ ਕਾਰਵਾਈ ਵੀ ਨਹੀਂ ਹੋਈ। ਦੱਸਣਯੋਗ ਹੈ ਕਿ ਪੀੜਤ ਪਰਿਵਾਰ ਇਸ ਤੋਂ ਪਹਿਲਾਂ ਇਨਸਾਫ਼ ਨਾ ਮਿਲਣ 'ਤੇ ਪ੍ਰਸ਼ਾਸ਼ਨ ਨੂੰ ਜਾਨ ਦੇਣ ਦੀ ਚੇਤਾਵਨੀ ਵੀ ਦੇ ਚੁੱਕਾ ਹੈ। ਜਿਲ੍ਹਾ ਪੁਲੀਸ ਮੁਖੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਖੁਦਕੁਸ਼ੀ ਕਾਂਡ ਦੀ ਵਿਸ਼ੇਸ਼ ਜਾਂਚ ਟੀਮ ਪੜਤਾਲ ਕਰ ਰਹੀ ਹੈ ਅਤੇ ਜਲਦ ਹੀ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।