ਕੋਟਲੀ ਸੂਰਤ ਮੱਲ੍ਹੀ (ਗੁਰਦਾਸਪੁਰ), 12 ਅਕਤੂਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਥਾਨਕ ਪੁਲਿਸ ਸਟੇਸ਼ਨ 'ਚ ਪਹੁੰਚ ਕੇ ਐਸ.ਐਚ.ਓ ਮਨਜੀਤ ਸਿੰਘ ਨੂੰ ਅਲਟੀਮੇਟਮ ਦਿੰਦਿਆਂ ਕਾਂਗਰਸੀ ਵਰਕਰਾਂ ਖਿਲਾਫ ਅੱਤਿਆਚਾਰ ਬੰਦ ਕਰਨ ਲਈ ਕਿਹਾ। ਅਜਿਹੇ ਪੁਲਿਸ ਅਫਸਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇ ਉਨ੍ਹਾਂ ਨੇ ਆਪਣੀਆਂ ਹਰਕਤਾਂ ਨਾਲ ਸੁਧਾਰੀਆਂ, ਤਾਂ ਉਹ ਧਾਰਾ 311 ਅਧੀਨ ਸਰਕਾਰ ਦੀਆਂ ਵਿਸ਼ੇਸ਼ ਤਾਕਤਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਸਾਰਿਆਂ ਨੂੰ ਬਰਖਾਸਤ ਕਰ ਦੇਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬਹੁਤ ਹੋ ਚੁੱਕਾ ਹੈ। ਉਹ ਕਿਸੇ ਨੂੰ ਵੀ ਆਪਣੇ ਪਾਰਟੀ ਵਰਕਰਾਂ ਉਪਰ ਅੱਤਿਆਚਾਰ ਨਹੀਂ ਕਰਨ ਦੇਣਗੇ। ਇਸ ਲੜੀ ਹੇਠ ਕਈ ਸਥਾਨਕ ਪਾਰਟੀ ਵਰਕਰਾਂ ਦੀਆਂ ਸ਼ਿਕਾਇਤਾਂ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਜਿਨ੍ਹਾਂ ਦਾ ਦੋਸ਼ ਸੀ ਕਿ ਐਸ.ਐਚ.ਓ ਉਨ੍ਹਾਂ ਨੂੰ ਸਰ੍ਹੇਆਮ ਧਮਕਾ ਰਿਹਾ ਹੈ ਅਤੇ ਅਕਾਲੀ ਦਲ 'ਚ ਸ਼ਾਮਿਲ ਹੋਣ ਲਈ ਕਹਿ ਰਿਹਾ ਹੈ, ਪ੍ਰਦੇਸ਼ ਕਾਂਗਰਸ ਪ੍ਰਧਾਨ ਰੋਸ ਪ੍ਰਗਟਾਉਣ ਲਈ ਵਿਅਕਤੀਗਤ ਤੌਰ 'ਤੇ ਪੁਲਿਸ ਸਟੇਸ਼ਨ ਗਏ ਅਤੇ ਉਸ ਦੋਸ਼ੀ ਪੁਲਿਸ ਅਫਸਰ ਨੂੰ ਚੇਤਾਵਨੀ ਦਿੱਤੀ। ਕੈਪਟਨ ਅਮਰਿੰਦਰ ਨਾਲ ਸਥਾਨਕ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੀ ਸਨ।
ਪੁਲਿਸ ਸਟੇਸ਼ਨ 'ਚ ਇਕੱਠੇ ਹੋਏ ਵੱਡੀ ਗਿਣਤੀ 'ਚ ਪਾਰਟੀ ਵਰਕਰਾਂ ਨੇ ਕੈਪਟਨ ਅਮਰਿੰਦਰ ਨੂੰ ਦੱਸਿਆ ਕਿ ਐਸ.ਐਚ.ਓ ਤੇ ਲੋਕਲ ਡੀ.ਐਸ.ਪੀ. ਨੇ ਕਾਂਗਰਸੀ ਵਰਕਰਾਂ ਉਪਰ ਬਹੁਤ ਅੱਤਿਆਚਾਰ ਕੀਤੇ ਹਨ। ਇਸ ਤੋਂ ਇਲਾਵਾ, ਇਥੋਂ ਦੇ ਪੁਲਿਸ ਅਫਸਰ ਨਸ਼ਿਆਂ ਦੇ ਵਪਾਰ ਨੂੰ ਵੀ ਸ਼ੈਅ ਦੇ ਰਹੇ ਹਨ। ਇਸ ਦੌਰਾਨ ਇਕ ਪਾਰਟੀ ਵਰਕਰ ਨੇ ਪੁਲਿਸ ਸਟੇਸ਼ਨ ਦਾ ਚਾਰਜ਼ ਰੱਖਣ ਵਾਲੇ ਐਸ.ਪੀ. ਸਾਹਮਣੇ ਐਸ.ਐਚ.ਓ ਵੱਲੋਂ ਉਸਨੂੰ ਅਕਾਲੀ ਦਲ 'ਚ ਸ਼ਾਮਿਲ ਹੋਣ ਲਈ ਧਮਕਾਉਣ ਦੇ ਸਬੂਤ ਵੀ ਪੇਸ਼ ਕੀਤੇ। ਉਸਨੇ ਦੱਸਿਆ ਕਿ ਜਦੋਂ ਉਸਨੇ ਇਨਕਾਰ ਕੀਤਾ, ਤਾਂ ਉਸ ਉਪਰ ਝੂਠਾ ਕੇਸ ਪਾ ਦਿੱਤਾ ਗਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਦੀ ਫੇਰੀ ਦੌਰਾਨ ਐਸ.ਐਚ.ਓ ਤੇ ਡੀ.ਐਸ.ਪੀ ਪੁਲਿਸ ਸਟੇਸ਼ਨ 'ਚ ਮੌਜ਼ੂਦ ਨਹੀਂ ਸਨ।
ਵਰਕਰਾਂ ਨੇ ਕਿਹਾ ਕਿ ਇਹ ਇਲਾਕਾ ਅਕਾਲੀ ਆਗੂਆਂ ਦੇ ਇਸ਼ਾਰੇ 'ਤੇ ਦਰਜ਼ ਕੀਤੇ ਗਏ ਝੂਠੇ ਕੇਸਾਂ ਨਾਲ ਬਹੁਤ ਪ੍ਰਭਾਵਿਤ ਹੈ। ਜਿਸ 'ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਸਰਕਾਰ ਦੀਆਂ ਵਿਸ਼ੇਸ਼ ਤਾਕਤਾਂ ਦਾ ਇਸਤੇਮਾਲ ਕਰਦਿਆਂ ਅਜਿਹੇ ਸਾਰੇ ਪੁਲਿਸ ਅਫਸਰਾਂ ਨੂੰ ਬਰਖਾਸਤ ਕਰ ਦੇਣਗੇ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ 'ਚ ਚੇਤਾਵਨੀ ਦਿੰਦਿਆਂ ਕਿਹਾ ਕਿ 2002 'ਚ ਵੀ ਉਨ੍ਹਾਂ ਨੇ ਕੀਤਾ ਸੀ ਅਤੇ ਜੇ ਪੁਲਿਸ ਵਾਲੇ ਨਾ ਸੁਧਰੇ ਤਾਂ ਉਹ ਇਕ ਵਾਰ ਫਿਰ ਤੋਂ ਅਜਿਹਾ ਕਰਨਗੇ। ਪੰਜਾਬ ਕਾਂਗਰਸ ਪ੍ਰਧਾਨ ਨੇ ਇਕ ਸੀਨੀਅਰ ਪੁਲਿਸ ਅਫਸਰ ਨਾਲ ਫੋਨ 'ਤੇ ਵੀ ਗੱਲ ਕੀਤੀ ਅਤੇ ਐਸ.ਐਚ.ਓ ਦੀਆਂ ਹਰਕਤਾਂ ਉਪਰ ਸਖ਼ਤ ਨਰਾਜ਼ਗੀ ਪ੍ਰਗਟਾਈ। ਜਿਹੜਾ ਐਸ.ਐਚ.ਓ ਖਾਸ ਕਰਕੇ ਕਾਂਗਰਸੀ ਵਰਕਰਾਂ ਨੂੰ ਧਮਕਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਚਾਰ ਮਹੀਨਿਆਂ ਦਾ ਵਕਤ ਰਹਿ ਗਿਆ ਹੈ, ਜਦੋਂ ਕਾਂਗਰਸ ਦੀ ਸਰਕਾਰ ਸੱਤਾ 'ਚ ਆ ਜਾਏਗੀ। ਅਜਿਹੇ 'ਚ ਉਕਤ ਪੁਲਿਸ ਅਫਸਰ ਆਪਣੀ ਜ਼ਿੰਮੇਵਾਰੀ 'ਤੇ ਪੱਖਪਾਤੀ ਰਵੱਈਆ ਅਪਣਾ ਰਹੇ ਹਨ ਅਤੇ ਆਪਣੇ ਗੁਨਾਹਾਂ ਲਈ ਉਨ੍ਹਾਂ ਨੂੰ ਅੰਜ਼ਾਮ ਭੁਗਤਣਾ ਪਵੇਗਾ।