ਲੁਧਿਆਣਾ, 12 ਅਕਤੂਬਰ, 2016 : ਹੁਣ ਸਬ ਡਵੀਜ਼ਨ ਜਗਰਾਉਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਜਗਿਆਸੂ ਨੂੰ ਏਧਰ ਓਧਰ ਭਟਕਣਾ ਨਹੀਂ ਪਵੇਗਾ, ਸਗੋਂ ਆਮ ਲੋਕਾਂ ਦੀ ਸਹੂਲਤ ਲਈ ਸਥਾਨਕ ਪ੍ਰਸਾਸ਼ਨ ਵੱਲੋਂ ਇੱਕ ਵੈੱਬਸਾਈਟ ਅਤੇ ਫੇਸਬੁੱਕ ਪੇਜ਼ ਤਿਆਰ ਕਰ ਦਿੱਤਾ ਗਿਆ ਹੈ, ਜਿੱਥੋਂ ਪ੍ਰਸਾਸ਼ਨ ਅਤੇ ਹੋਰ ਖੇਤਰਾਂ ਦੀ ਹਰ ਤਰ੍ਹਾਂ ਦੀ ਜਾਣਕਾਰੀ ਸਹਿਜੇ ਹੀ ਪ੍ਰਾਪਤ ਹੋ ਸਕੇਗੀ। ਇਹ ਪੇਜ਼ ਅਤੇ ਵੈੱਬਸਾਈਟ ਐੱਸ. ਡੀ. ਐੱਮ. ਸ੍ਰ. ਕੁਲਪ੍ਰੀਤ ਸਿੰਘ ਦੇ ਉੱਦਮ ਸਦਕਾ ਸਥਾਨਕ ਕੰਪਿਊਟਰ ਸੈਂਟਰ 'ਐੱਪਟੈੱਕ' ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ, ਜਿਸ ਨੂੰ ਕਿ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਹਲਕਾ ਵਿਧਾਇਕ ਸ੍ਰੀ ਐੱਸ. ਆਰ. ਕਲੇਰ ਵੱਲੋਂ ਸਾਂਝੇ ਰੂਪ ਵਿੱਚ ਲਾਂਚ ਕੀਤਾ ਗਿਆ।
ਵੈੱਬਸਾਈਟ ਬਾਰੇ ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਸ੍ਰ. ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਵੈੱਬਸਾਈਟ ਦਾ ਐੱਡਰੈੱਸ www.jagraonadministration.in ਹੈ। ਜਿਸ ਉੱਤੇ ਜਾਣ ਨਾਲ ਸਬ ਡਵੀਜ਼ਨ ਜਗਰਾਉਂ ਵਿੱਚ ਤਾਇਨਾਤ ਸਾਰੇ ਵਿਭਾਗਾਂ, ਉਨ੍ਹਾਂ ਦੀ ਕਾਰਗੁਜ਼ਾਰੀ, ਵਿਕਾਸ ਅਤੇ ਲੋਕ ਭਲਾਈ ਕਾਰਜਾਂ ਬਾਰੇ ਜਾਣਕਾਰੀ, ਸਰਕਾਰ ਦੀਆਂ ਯੋਜਨਾਵਾਂ, ਕਮਿਊਨਿਟੀ ਵੈੱਲਫੇਅਰ ਕੰਮਾਂ ਅਤੇ ਹੋਰ ਵਡਮੁੱਲੀ ਜਾਣਕਾਰੀ ਮਿਲ ਸਕੇਗੀ। ਇਸ ਤੋਂ ਇਲਾਵਾ ਇਸ ਵੈੱਬਸਾਈਟ 'ਤੇ ਇੱਕ ਸ਼ਿਕਾਇਤਾਂ ਨਾਲ ਸੰਬੰਧਤ ਲਿੰਕ (ਗ੍ਰੀਵੀਐਂਸਿਜ਼) ਦਿੱਤਾ ਗਿਆ ਹੈ, ਜਿਸ 'ਤੇ ਕਲਿੱਕ ਕਰਨ ਨਾਲ ਸ਼ਿਕਾਇਤਕਰਤਾ ਆਪਣੀ ਜਾਣਕਾਰੀ ਅਤੇ ਸ਼ਿਕਾਇਤ ਦਰਜ ਕਰਵਾ ਸਕੇਗਾ। ਸ਼ਿਕਾਇਤਕਰਤਾ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਵਿੱਚ ਆਪਣਾ ਸੰਪਰਕ ਨੰਬਰ ਵੀ ਦਰਜ ਕਰਨਾ ਹੋਵੇਗਾ, ਜਿਸ ਨਾਲ ਸਥਾਨਕ ਪ੍ਰਸਾਸ਼ਨ ਉਸਨੂੰ ਖੁਦ ਵੀ ਸੰਪਰਕ ਕਰਕੇ ਉਸਦੀ ਸ਼ਿਕਾਇਤ ਦਾ ਜਲਦ ਨਿਪਟਾਰਾ ਕਰਨਾ ਯਕੀਨੀ ਬਣਾਏਗਾ।
ਫੇਸਬੁੱਕ ਪੇਜ਼ ਬਾਰੇ ਜਾਣਕਾਰੀ ਦਿੰਦਿਆਂ ਸ੍ਰ. ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪੇਜ਼ jagraonadministration ਦੇ ਨਾਮ 'ਤੇ ਤਿਆਰ ਕੀਤਾ ਗਿਆ ਹੈ, ਜਿਸ 'ਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਸਥਾਨਕ ਪ੍ਰਸਾਸ਼ਨ ਦੀ ਹਰੇਕ ਗਤੀਵਿਧੀ ਦੀ ਜਾਣਕਾਰੀ ਪਾਈ ਜਾ ਸਕੇ। ਇਸ ਨਾਲ ਆਮ ਲੋਕਾਂ ਨੂੰ ਆਪਣੇ ਘਰ ਬੈਠੇ ਹੀ ਇਹ ਪਤਾ ਲੱਗਦਾ ਰਹੇਗਾ ਕਿ ਸਬ ਡਵੀਜ਼ਨ ਪ੍ਰਸਾਸ਼ਨ ਉਨ੍ਹਾਂ ਲਈ ਜਾਂ ਸਮਾਜ ਲਈ ਕੀ ਕਰ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਪੇਜ਼ ਨੂੰ ਲਾਈਕ ਕਰਨ ਤਾਂ ਜੋ ਇਸ ਪੇਜ਼ ਰਾਹੀਂ ਪ੍ਰਸਾਸ਼ਨ ਜਨ-ਜਨ ਤੱਕ ਆਪਣੀ ਪਹੁੰਚ ਬਣਾ ਸਕੇ। ਉਨ੍ਹਾਂ ਦੱਸਿਆ ਕਿ ਵੈੱਬਸਾਈਟ ਅਤੇ ਪੇਜ਼ ਨੂੰ ਤਿਆਰ ਕਰਨ ਵਿੱਚ ਸਥਾਨਕ ਕੰਪਿਊਟਰ ਸੈਂਟਰ 'ਐੱਪਟੈੱਕ' ਵੱਲੋਂ ਤਕਨੀਕੀ ਤੌਰ 'ਤੇ ਭਰਪੂਰ ਸਹਿਯੋਗ ਦਿੱਤਾ ਗਿਆ ਹੈ, ਜਿਸ ਲਈ ਉਹ ਸੈਂਟਰ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹਨ।
ਦੱਸਣਯੋਗ ਹੈ ਕਿ ਸ੍ਰ. ਕੁਲਪ੍ਰੀਤ ਸਿੰਘ ਦੀ ਬੀਤੇ ਦਿਨੀਂ ਨਕੋਦਰ ਵਿਖੇ ਬਤੌਰ ਐੱਸ. ਡੀ. ਐੱਮ. ਬਦਲੀ ਹੋ ਗਈ ਹੈ। ਉਨ੍ਹਾਂ ਆਪਣਾ ਚਾਰਜ ਛੱਡਣ ਤੋਂ ਪਹਿਲਾਂ-ਪਹਿਲਾਂ ਸਬ ਡਵੀਜ਼ਨ ਜਗਰਾਉਂ ਦੇ ਲੋਕਾਂ ਨੂੰ ਇਹ ਤੋਹਫ਼ਾ ਦੇਣਾ ਜ਼ਰੂਰੀ ਸਮਝਿਆ। ਸ੍ਰ. ਕੁਲਪ੍ਰੀਤ ਸਿੰਘ ਦੇ ਇਸ ਉੱਦਮ ਦੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਵਿਧਾਇਕ ਸ੍ਰੀ ਐੱਸ. ਆਰ. ਕਲੇਰ ਨੇ ਭਰਪੂਰ ਪ੍ਰਸੰਸ਼ਾ ਕੀਤੀ ਅਤੇ ਜਗਰਾਉਂ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਕਨੀਕ ਦੇ ਇਸ ਯੁੱਗ ਵਿੱਚ ਇਸ ਵੈੱਬਸਾਈਟ ਅਤੇ ਫੇਸਬੁੱਕ ਪੇਜ਼ ਦਾ ਭਰਪੂਰ ਲਾਹਾ ਲੈਣ।