ਰਾਜਾ ਸਾਂਸੀ (ਅੰਮ੍ਰਿਤਸਰ), 13 ਅਕਤੂਬਰ, 2016 : ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਬੇਹਤਰੀ ਵਾਸਤੇ ਸਾਰੀਆਂ ਬਾਦਲ ਵਿਰੋਧੀ ਤਾਕਤਾਂ ਨੂੰ ਕਾਂਗਰਸ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।
ਨਵਜੋਤ ਸਿੰਘ ਸਿੱਧੂ ਦੀ ਪਾਰਟੀ ਦੇ ਕਾਂਗਰਸ 'ਚ ਰਲੇਵੇਂ ਦੀਆਂ ਸੰਭਾਵਨਾਵਾਂ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਨਾ ਸਿਰਫ ਸਿੱਧੂ, ਬਲਕਿ ਉਹ ਸਾਰੇ ਜਿਹੜੇ ਪੰਜਾਬ ਦੀ ਸ਼ਾਸਨ ਪ੍ਰਣਾਲੀ ਪ੍ਰਤੀ ਵਚਨਬੱਧ ਹਨ, ਭਾਵੇਂ ਜਿਹੜੇ ਵੀ ਪਾਰਟੀ ਨਾਲ ਸਬੰਧਤ ਹਨ, ਉਨ੍ਹਾਂ ਦਾ ਬਗੈਰ ਕਿਸੇ ਸ਼ਰਤ ਕਾਂਗਰਸ 'ਚ ਸ਼ਾਮਿਲ ਹੋਣ ਲਈ ਸਵਾਗਤ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਤੋਂ ਕਿਹਾ ਹੈ ਕਿ ਹਰ ਕੋਈ ਜਿਹੜਾ ਦਿਲੋਂ ਪੰਜਾਬ ਦੇ ਲੋਕਾਂ ਦਾ ਹਿੱਤ ਚਾਹੁੰਦਾ ਹੈ ਅਤੇ ਬਗੈਰ ਕਿਸੇ ਸ਼ਰਤ ਕਾਂਗਰਸ ਦੇ ਮੁੱਲਾਂ ਨੂੰ ਮੰਨਣ ਲਈ ਤਿਆਰ ਹੈ, ਸਾਡੇ ਕੋਲ ਆ ਸਕਦਾ ਹੈ ਅਤੇ ਅਸੀਂ ਉਸਦਾ ਬਾਹਾਂ ਖੋਲ੍ਹ ਕੇ ਸਵਾਗਤ ਕਰਾਂਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਦਲ ਵਿਰੋਧੀ ਤਾਕਤਾਂ ਦਾ ਇਕੱਠੇ ਹੋਣਾ ਪੰਜਾਬ ਦੀ ਬੇਹਤਰੀ ਲਈ ਰਸਤਾ ਤਿਆਰ ਕਰੇਗਾ। ਜਿਨ੍ਹਾਂ ਬਾਦਲਾਂ ਨੇ ਸੂਬੇ ਨੂੰ ਪੂਰੀ ਤਰ੍ਹਾਂ ਬਦਹਾਲ ਸਥਿਤੀ 'ਚ ਪਹੁੰਚਾ ਦਿੱਤਾ ਹੈ ਅਤੇ ਅਕਾਲੀ ਸ਼ਾਸਨ 'ਚ ਪੰਜਾਬ ਸਿਰਫ ਪਿਛੜਿਆ ਹੀ ਹੈ। ਉਨ੍ਹਾਂ ਨੇ ਸੂਬੇ ਨੂੰ ਅਕਾਲੀ ਸਰਕਾਰ ਵੱਲੋਂ ਪੈਦਾ ਕੀਤੇ ਹਾਲਾਤਾਂ 'ਚੋਂ ਬਾਹਰ ਕੱਢਣ ਲਈ ਅਜਿਹੀਆਂ ਸਾਰੀਆਂ ਤਾਕਤਾਂ ਨੂੰ ਕਾਂਗਰਸ ਦੇ ਪਲੇਟਫਾਰਮ 'ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਭਲਾਈ ਵਾਸਤੇ ਅਤੇ ਇਥੇ ਸਾਕਾਰਾਤਮਕ ਸ਼ਾਸਨ ਪ੍ਰਣਾਲੀ ਕਾਇਮ ਕਰਨ ਵਾਸਤੇ ਕੰਮ ਕਰਨ ਲਈ ਤਿਆਰ ਸਾਰੇ ਵਿਅਕਤੀਆਂ ਦਾ ਕਾਂਗਰਸ 'ਚ ਸਵਾਗਤ ਕਰਨ ਲਈ ਉਹ ਤਿਆਰ ਹਨ। ਅਸੀਂ ਪਹਿਲਾਂ ਹੀ ਸੂਬੇ 'ਚ ਕਾਂਗਰਸ ਹਿਤੈਸ਼ੀ ਲਹਿਰ ਦੇਖ ਚੁੱਕੇ ਹਾਂ, ਜਿਹੜੀ ਵੱਖ ਵੱਖ ਪਾਰਟੀਆਂ ਦੇ ਕਈ ਲੋਕਾਂ ਨੂੰ ਕਾਂਗਰਸ 'ਚ ਸ਼ਾਮਿਲ ਕਰ ਰਹੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਵਰਤਮਾਨ ਸਿਆਸੀ ਹਾਲਾਤਾਂ ਤੋਂ ਨਿਰਾਸ਼ ਕਈ ਸਿਆਸੀ ਪਾਰਟੀਆਂ ਤੋਂ ਲੋਕ ਕਾਂਗਰਸ 'ਚ ਸ਼ਾਮਿਲ ਹੋਣ ਲਈ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਾਕਾਰਾਤਮਕ ਸੋਚ ਹੈ, ਜਿਹੜੀ ਆਉਂਦਿਆਂ ਦਿਨ ਤੇ ਹਫਤਿਆਂ 'ਚ ਹੋਰ ਹਮਖਿਆਲੀ ਲੋਕਾਂ ਵਾਸਤੇ ਕਾਂਗਰਸ ਦੇ ਰਾਹ ਖੋਲ੍ਹੇਗੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਪਾਰਟੀ ਸੰਗਠਨ 'ਚ ਸ਼ਾਮਿਲ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਅਰਜੀਆਂ ਉਪਰ ਪਾਰਟੀ ਸਖ਼ਤ ਨਿਯਮਾਂ ਦੇ ਅਧਾਰ 'ਤੇ ਸਾਵਧਾਨੀ ਨਾਲ ਵਿਚਾਰ ਕਰੇਗੀ। ਇਸ ਦੌਰਾਨ ਜਿਹੜੇ ਕਾਂਗਰਸ ਦੇ ਸੱਭਿਆਚਾਰ ਨਾਲ ਵਿਚਾਰ ਰੱਖਦੇ ਹਨ ਅਤੇ ਅਨੁਸ਼ਾਸਨਾਤਮਕ ਤਰੀਕੇ ਨਾਲ ਕੰਮ ਕਰਨ ਲਈ ਤਿਆਰ ਹਨ, ਨੂੰ ਹੀ ਪਾਰਟੀ 'ਚ ਸ਼ਾਮਿਲ ਕੀਤਾ ਜਾਵੇਗਾ। ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀਆਂ ਪੰਜਾਬ 'ਚ ਸੰਭਾਵਨਾਵਾਂ ਬਾਰੇ ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਆਪ ਨੂੰ ਅਪਰਾਧੀਆਂ ਦੀ ਪਾਰਟੀ ਕਰਾਰ ਦਿੰਦਿਆਂ ਖਾਰਿਜ਼ ਕਰ ਦਿੱਤਾ, ਜਿਹੜੀ ਪੰਜਾਬ ਨੂੰ ਆਪਣੇ ਵਿਸ਼ੇਸ ਹਿੱਤਾਂ ਵਾਸਤੇ ਇਸਤੇਮਾਲ ਕਰਨਾ ਚਾਹੁੰਦੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਦੇ ਕੁਸ਼ਾਸਨ ਨੂੰ ਝੇਲ ਰਹੇ ਦਿੱਲੀ 'ਚ ਆਪਣੀ ਗੰਦੀ ਖੇਡ ਖੇਡਣ ਤੋਂ ਬਾਅਦ ਹੁਣ ਇਹ ਪੰਜਾਬ 'ਚ ਵੀ ਉਹ ਸੱਭ ਕੁਝ ਕਰਨਾ ਚਾਹੁੰਦੀ ਹੈ। ਲੇਕਿਨ ਆਪ ਦੀ ਸਾਜਿਸ਼ ਦਾ ਪੰਜਾਬ ਦੇ ਲੋਕਾਂ ਵਿਚਾਲੇ ਪਹਿਲਾਂ ਹੀ ਭਾਂਡਾਫੋੜ ਹੋ ਚੁੱਕਾ ਹੈ। ਕੈਪਟਨ ਅਮਰਿੰਦਰ ਨੇ ਆਪ ਆਗੂਆਂ ਵੱਲੋਂ ਪੰਜਾਬ 'ਚ ਟਿਕਟਾਂ ਬਦਲੇ ਔਰਤਾਂ ਨੂੰ ਸਰੀਰਿਕ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਸਬੰਧੀ ਖ਼ਬਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪ ਆਗੂਆਂ ਦੇ ਸੈਕਸੁਅਲ ਅਪਰਾਧ ਅਤੇ ਦੂਸਰੇ ਗੁਨਾਹ ਕਿਸੇ ਤੋਂ ਛਿੱਪੇ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਕਿ ਉਹ ਚੰਗਿਆਈ ਤੇ ਬੁਰਾਈ ਵਿਚਾਲੇ ਫਰਕ ਕਰ ਸਕਣ ਅਤੇ ਚੋਣਾਂ ਦੌਰਾਨ ਸੂਬੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣਗੇ।