ਪਟਿਆਲਾ, 14 ਅਕਤੂਬਰ, 2016 : ਸਿੰਥੈਟਿਕ ਡਰੱਗ ਰੈਕੇਟ ਮਾਮਲੇ 'ਚ ਈ. ਡੀ. ਵੱਲੋਂ ਦਰਜ ਕੀਤੇ ਗਏ ਕੇਸ ਦੀ ਸੁਣਵਾਈ ਸੀ. ਬੀ. ਆਈ. ਪੰਜਾਬ ਦੇ ਵਿਸ਼ੇਸ਼ ਜੱਜ ਐੱਸ. ਐੱਸ. ਮਾਨ ਦੀ ਅਦਾਲਤ 'ਚ ਹੋਈ, ਜਿਸ 'ਚ ਜਗਦੀਸ਼ ਭੋਲਾ ਦੇ ਪਿਤਾ ਬਲਸ਼ਿੰਦਰ ਸਿੰਘ ਅਤੇ ਪਤਨੀ ਗੁਰਮੀਤ ਕੌਰ ਵੀ ਪੇਸ਼ ਹੋਏ। ਇਸ ਤੋਂ ਇਲਾਵਾ ਅੱਧਾ ਦਰਜਨ ਦੇ ਕਰੀਬ ਹੋਰ ਵਿਅਕਤੀਆਂ ਨੇ ਵੀ ਪੇਸ਼ੀ ਭੁਗਤੀ। ਅੱਜ ਈ. ਡੀ. ਵੱਲੋਂ ਅਸਿਸਟੈਂਟ ਡਾਇਰੈਕਟਰ ਨਿਰੰਜਨ ਸਿੰਘ ਅਤੇ ਈ. ਡੀ. ਦੇ ਵਕੀਲ ਜੇ. ਪੀ. ਐੱਸ. ਸਰਾਉਂ ਹਾਜ਼ਰ ਹੋਏ, ਜਦਕਿ ਬਚਾਅ ਪੱਖ ਵੱਲੋਂ ਐਡਵੋਕੇਟ ਸਤੀਸ਼ ਕਰਕਰਾ ਅਤੇ ਅਨਮੋਲ ਰਤਨ ਸਿੱਧੂ ਵੀ ਪੇਸ਼ ਹੋਏ। ਅੱਜ ਦੀ ਸੁਣਵਾਈ ਦੌਰਾਨ ਜਗਦੀਸ਼ ਭੋਲਾ ਦੀ ਪਤਨੀ ਗੁਰਮੀਤ ਕੌਰ ਅਤੇ ਪਿਤਾ ਬਲਸ਼ਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਖਿਲਾਫ ਚਾਰਜ ਲਗਾਉਣ ਸਬੰਧੀ ਲੰਬੀ ਬਹਿਸ ਚੱਲੀ। ਬਹਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 21 ਅਕਤੂਬਰ ਪਾ ਦਿੱਤੀ ਹੈ।
ਪੇਸ਼ੀ ਤੋਂ ਬਾਅਦ ਜਗਦੀਸ਼ ਭੋਲਾ ਦੇ ਵਕੀਲ ਸਤੀਸ਼ ਕਰਕਰਾ ਨੇ ਕਿਹਾ ਕਿ ਭੋਲਾ ਦੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਪਾਈ ਗਈ ਜਾਇਦਾਦ ਸਬੰਧੀ ਪੁਖਤਾ ਸਬੂਤ ਦੇ ਦਿੱਤੇ ਗਏ ਹਨ। ਕਰਕਰਾ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਪਹਿਲਾਂ ਈ. ਡੀ. ਨੂੰ ਵੀ ਸਾਰੀ ਜਾਣਕਾਰੀ ਦਿੱਤੀ ਗਈ ਸੀ ਪਰ ਈ. ਡੀ. ਮਾਮਲੇ ਦੇ ਵਧੇਰੇ ਪਹਿਲੂਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।