ਚੰਡੀਗੜ੍ਹ, 14 ਅਕਤੂਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚਿੱਟਾ ਰਾਵਣ ਮਾਮਲੇ 'ਚ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਟ੍ਰਾਂਸਫਰ ਕਰਨ 'ਚ ਨਾਕਾਮ ਰਹਿਣ ਵਾਲੀ ਅਕਾਲੀ ਸਰਕਾਰ ਖਿਲਾਫ ਜੰਗ ਛੇੜਨ ਦਾ ਐਲਾਨ ਕੀਤਾ ਹੈ। ਜਿਨ੍ਹਾਂ ਨੇ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਪਾਰਟੀ ਵਰਕਰਾਂ ਨੂੰ ਸਰਕਾਰ ਖਿਲਾਫ ਰੋਸ ਪ੍ਰਗਟਾਉਂਦਿਆਂ ਚਿੱਟੇ ਰਾਵਣ ਦਾ ਪੁਤਲਾ ਫੂਕਣ ਲਈ ਕਿਹਾ ਹੈ।
ਇਸ ਲੜੀ ਹੇਠ ਪੰਜਾਬ ਕਾਂਗਰਸ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿਵਾਸ ਦਾ ਘੇਰਾਓ ਦੂਜੇ ਦਿਨ 'ਚ ਪ੍ਰਵੇਸ਼ ਕਰ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ; ਉਹ ਨਿਸ਼ਚਿਤ ਤੌਰ 'ਤੇ ਚਿੱਟਾ ਤੇ ਉਸਦੇ ਰਾਵਣ ਦਾ ਪੂਰੇ ਸੂਬੇ 'ਚੋਂ ਖਾਤਮਾ ਕਰ ਦੇਣਗੇ।
ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੂੰ ਟ੍ਰਾਂਸਫਰ ਕਰਨ ਅਤੇ ਏ.ਡੀ.ਸੀ.ਪੀ-4 ਜਸਵਿੰਦਰ ਸਿੰਘ ਨੂੰ ਮੁਅੱਤਲ ਕੀਤੇ ਜਾਣ ਦੀ ਮੰਗ ਕਰਦਿਆਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਸਮੇਤ ਪ੍ਰਦਰਸ਼ਨਕਾਰੀ ਵਰਕਰ ਬੀਤੇ ਦਿਨ ਤੋਂ ਬਾਦਲ ਦੇ ਨਿਵਾਸ ਦੇ ਬਾਹਰ ਅਣਮਿੱਥੇ ਧਰਨੇ 'ਤੇ ਬੈਠੇ ਹੋਏ ਹਨ। ਇਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਕਿ ਦੁਸਹਿਰੇ ਮੌਕੇ ਲੁਧਿਆਣਾ 'ਚ ਅਕਾਲੀ ਵਰਕਰਾਂ ਨੂੰ ਕੁੱਟਣ ਦੇ ਝੂਠੇ ਦੋਸ਼ਾਂ ਹੇਠ ਜੇਲ੍ਹ ਭੇਜੇ ਗਏ ਵਰਕਰਾਂ ਖਿਲਾਫ ਕੇਸ ਨੂੰ ਵਾਪਿਸ ਲਿਆ ਜਾਵੇ।
ਇਸ ਮੌਕੇ ਕੈਪਟਨ ਅਮਰਿੰਦਰ ਨੇ ਅਕਾਲੀਆਂ ਨੂੰ ਸਵਾਲ ਕੀਤਾ ਕਿ ਉਹ ਚਿੱਟੇ ਰਾਵਣ ਦੇ ਮੁੱਦੇ ਨਾਲ ਇੰਨੇ ਕਿਉਂ ਜੁੜੇ ਹੋਏ ਹਨ? ਕੀ ਤੁਹਾਡੀ ਦੋਸ਼ੀ ਅੰਤਰ ਆਤਮਾ ਤੁਹਾਨੂੰ ਤੰਗ ਕਰਦੀ ਹੈ ਅਤੇ ਚਿੱਟੇ ਦੇ ਜ਼ਿਕਰ ਨਾਲ ਹੀ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ?
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚਿੱਟਾ ਰਾਵਣ ਸਾੜਨ ਖਿਲਾਫ ਇੰਨੀ ਹਿੰਸਾ ਕਰਕੇ ਅਸਲਿਅਤ 'ਚ ਅਕਾਲੀਆਂ ਨੇ ਚਿੱਟੇ ਦੇ ਰੂਪ 'ਚ ਆਪਣੇ ਗੁਨਾਹ ਨੂੰ ਸਵੀਕਾਰ ਕਰ ਲਿਆ ਹੈ, ਕਿਉਂਕਿ ਸਿੰਥੇਟਿਕ ਨਸ਼ੇ ਨੂੰ ਆਮ ਤੌਰ 'ਤੇ ਪੰਜਾਬ 'ਚ ਚਿੱਟੇ ਵਜੋਂ ਜਾਣਿਆ ਜਾਂਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਚਿੱਟਾ ਰਾਵਣ ਸਿਰਫ ਲੁਧਿਆਣਾ ਹੀ ਨਹੀਂ, ਬਲਕਿ ਪੂਰੇ ਪੰਜਾਬ 'ਚ ਹੈ ਅਤੇ ਇਨ੍ਹਾਂ ਰਾਹੀਂ ਲੋਕ ਬਾਦਲਾਂ ਖਿਲਾਫ ਆਪਣਾ ਗੁੱਸਾ ਪ੍ਰਗਟਾ ਰਹੇ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਅੰਮ੍ਰਿਤਸਰ 'ਚ ਦੁਸਹਿਰਾ ਮਨਾਊਣ ਮੌਕੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਡਿਪਟੀ ਮੁੱਖ ਮੰਤਰੀ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਵੀ ਫੂਕੇ ਗਏ ਸਨ।
ਉਨ੍ਹਾਂ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੇ ਇਹ ਸਮਝਦੇ ਹਨ ਕਿ ਸੱਤਾ ਦੀ ਦੁਰਵਰਤੋਂ ਕਰਦਿਆਂ ਇਹ ਲੋਕਾਂ ਨੂੰ ਡਰਾ ਜਾਂ ਧਮਕਾ ਸਕਦੇ ਹਨ, ਤਾਂ ਇਹ ਇਨ੍ਹਾਂ ਦੀ ਭਾਰੀ ਗਲਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਕੁਝ ਮਹੀਨਿਆਂ ਦਾ ਵਕਤ ਰਹਿ ਗਿਆ ਹੈ, ਜਦੋਂ ਬਾਦਲਾਂ ਨੂੰ ਜਾਨ ਬਚਾਉਣ ਲਈ ਭੱਜਣਾ ਪਵੇਗਾ। ਉਨ੍ਹਾਂ ਨੇ ਬਾਦਲਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅੱਜ ਲੋਕ ਤੁਹਾਡੇ ਪੁਤਲੇ ਫੂਕ ਰਹੇ ਹਨ, ਕੱਲ੍ਹ ਉਹ ਅਸਲਿਅਤ 'ਚ ਤੁਹਾਡੀ ਜਾਨ ਪਿੱਛੇ ਲੱਗ ਜਾਣਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਲੋਕ ਚੋਣਾਂ ਤੱਕ ਦਾ ਇੰਤਜ਼ਾਰ ਨਹੀਂ ਕਰਨਗੇ; ਬਲਕਿ ਉਹ ਸਿਰਫ ਚੋਣ ਜਾਬਤਾ ਲੱਗਣ ਦਾ ਇੰਤਜ਼ਾਰ ਕਰ ਰਹੇ ਹਨ, ਤਾਂ ਜੋ ਉਹ ਬਾਦਲਾਂ ਖਿਲਾਫ ਆਪਣਾ ਗੁੱਸਾ ਕੱਢਣ ਦੀ ਸ਼ੁਰੂਆਤ ਕਰ ਸਕਣ। ਜਿਨ੍ਹਾਂ ਨੇ ਬਾਦਲਾਂ ਨੂੰ ਆਪਣੀਆਂ ਹਰਕਤਾਂ ਸੁਧਾਰਨ ਅਤੇ ਆਪਣੇ ਗੁੰਡਿਆਂ ਨੂੰ ਨੱਥ ਪਾਉਣ ਦੀ ਚੇਤਾਵਨੀ ਦਿੱਤੀ, ਕਿਉਂਕਿ ਉਨ੍ਹਾਂ ਦੀ ਉਲਟੀ ਗਿਣਤੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪਾਰਟੀ ਦੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਟ੍ਰਾਂਸਫਰ ਕੀਤੇ ਜਾਣ ਦੀ ਮੰਗ ਨੂੰ ਦੁਹਰਾਇਆ, ਜਿਹੜਾ ਇਕ ਪੁਲਿਸ ਅਫਸਰ ਤੋਂ ਜ਼ਿਆਦਾ ਅਕਾਲੀ ਜਥੇਦਾਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਾਂਗਰਸੀ ਆਗੂਆਂ ਖਿਲਾਫ ਦਰਜ਼ ਕੇਸ ਨੂੰ ਰੱਦ ਕਰਨ ਅਤੇ ਉਨ੍ਹਾਂ ਨੂੰ ਤੁਰੰਤ ਜੇਲ੍ਹ ਤੋਂ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਦੋਸ਼ੀ ਅਜ਼ਾਦ ਘੁੰਮ ਰਹੇ ਹਨ ਅਤੇ ਪੀੜਤਾਂ ਨੂੰ ਜੇਲ੍ਹਾਂ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਾਂਗਰਸੀ ਆਗੂਆਂ 'ਤੇ ਹਮਲਾ ਕਰਨ ਤੇ ਉਨ੍ਹਾਂ ਨੂੰ ਜ਼ਖਮੀ ਕਰਨ ਵਾਲੇ ਅਕਾਲੀਆਂ ਨੂੰ ਛੂਹਿਆ ਵੀ ਨਹੀਂ ਗਿਆ ਹੈ।
ਇਸ ਦੌਰਾਨ ਲੁਧਿਆਣਾ ਦੇ ਆਪਣੇ ਸਾਥੀਆਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਚਿੱਟੇ ਰਾਵਣ ਦੇ ਪੁਤਲੇ ਫੂਕਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚੋਂ ਚਿੱਟੇ ਦੀ ਬੁਰਾਈ ਅਤੇ ਉਸਦੇ ਰਾਵਣਾਂ ਦਾ ਖਾਤਮਾ ਕਰਨ ਤੋਂ ਪਹਿਲਾਂ ਅਸੀਂ ਇਨ੍ਹਾਂ ਪ੍ਰਤੀਕਾਂ ਤੋਂ ਸ਼ੁਰੂਆਤ ਕਰਾਂਗੇ।