ਚੰਡੀਗੜ੍ਹ, 15 ਅਕਤੂਬਰ, 2016 : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮਹਾਂਂਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੇ ਪਵਿਤਰ ਮੌਕੇ ਉਤੇ ਪੰਜਾਬ ਦੇ ਲੋਕਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਸਮਾਨਤਾ ਅਤੇ ਸਮਾਜਕ ਨਿਆਂ ਤੇ ਅਧਾਰਤ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਮਹਾਂਰਿਸ਼ੀ ਵਾਲਮੀਕਿ ਦੀਆਂ ਸਿਖਿਆਵਾਂ ਅਤੇ ਫਿਲਾਸਫੀ ਨੂੰ ਅਪਣਾਉਣ ਦੀ ਲੋੜ ਤੇ ਜੋਰ ਦਿਤਾ ਹੈ। ਆਪਣੇ ਸੰਦੇਸ਼ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਧਾਰਮਿਕ ਅਤੇ ਪਵਿਤਰ ਗ੍ਰੰਥ 'ਰਮਾਇਣ' ਦੇ ਰਚੇਤਾ ਮਹਾਂਰਿਸ਼ੀ ਵਾਲਮਿਕ ਜੀ ਨੇ ਸਮਾਜ ਨੂੰ ਰਮਾਇਣ ਰਾਂਹੀ ਸਮਾਜਿਕ ਕਦਰਾਂ-ਕੀਮਤਾਂ ਵਾਲਾ ਆਦਰਸ਼ ਜੀਵਨ ਬਤੀਤ ਕਰਨ ਦਾ ਸੁਨੇਹਾ ਦਿੱਤਾ ਹੈ। ਸ੍ਰ ਸੁਖਬੀਰ ਸਿੰਘ ਬਾਦਲ ਨੇ ਸਾਰੇ ਵਰਗਾਂ ਦੇ ਲੋਕਾਂ ਨੂੰ ਇਹ ਪਵਿੱਤਰ ਉਤਸਵ ਜਾਤਪਾਤ, ਨਸਲ, ਰੰਗ ਅਤੇ ਭੇਦਭਾਵ ਤੋ' ਉਪਰ ਉਠ ਕੇ ਮਨਾਉਣ ਦੀ ਅਪੀਲ ਕੀਤੀ।