ਅਸ਼ੋਕ ਵਰਮਾ
ਬਠਿੰਡਾ, 21 ਨਵੰਬਰ 2020: ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਾਉਣ ਵਰਗੀਆਂ ਮੰਗਾਂ ਨੂੰ ਲੈਕੇ ਕਿਸਾਨ ਜੱਥੇਬੰਦੀਆਂ ਦੇ 26 ਤੇ 27 ਨਵੰਬਰ ਨੂੰ ਦਿੱਲੀ ‘ਚ ਕੀਤੇ ਜਾਣ ਵਾਲੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ‘ਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ 9 ਜਿਲ੍ਹਿਆਂ ਦੇ ਲੱਗਭਗ ਇੱਕ ਲੱਖ ਕਿਸਾਨਾਂ ਵੱਲੋਂ ਡੱਬਵਾਲੀ ਰਸਤੇ ਰਾਹੀਂ ਦਿੱਲੀ ਕੂਚ ਕਰਨ ਦੇ ਮੱਦੇਨਜਰ ਇੱਥੇ ਇਕੱਠ ਹੋਣ ਵਾਲੇ ਕਿਸਾਨ ਕਾਫਲਿਆਂ ਦੇ ਸਵਾਗਤ ਤੇ ਲੰਗਰ ਦੇ ਪ੍ਰਬੰਧਾਂ ਲਈ ਅੱਜ ਬੀਕੇਯੂ ਏਕਤਾ ਉਗਰਾਹਾਂ ਬਲਾਕ ਲੰਬੀ ਦੇ ਆਗੂਆਂ ਅਤੇ ਸਮਰਥਨ ਕਮੇਟੀ ਇੱਕ ਅਹਿਮ ਮੀਟਿੰਗ ਦੇਵੀਲਾਲ ਪਾਰਕ ਵਿੱਚ ਕੀਤੀ ਗਈ।
ਇਸ ਮੌਕੇ ਕਿਸਾਨ ਆਗੂ ਗੁਰਪਾਸ਼ ਸਿੰਘ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਲਛਮਣ ਸਿੰਘ ਸੇਵੇਵਾਲਾ, ਬਿਜਲੀ ਕਾਮਿਆਂ ਦੇ ਆਗੂ ਸੁਖਦਰਸ਼ਨ ਸਿੰਘ,ਆਰ ਐਮ ਪੀ ਡਾਕਟਰ ਯੂਨੀਅਨ ਦੇ ਆਗੂ ਜਗਦੀਸ਼ ਕੁਮਾਰ ਮਹਿਣਾ ਤੇ ਤਰਕਸ਼ੀਲ ਸੁਸਾਇਟੀ ਦੇ ਆਗੂ ਪਵਨ ਕੁਮਾਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ 26 ਨਵੰਬਰ ਨੂੰ ਇੱਥੇ ਜੁੜਨ ਵਾਲਾ ਇਕੱਠ ਲਾਮਿਸਾਲ ਤੇ ਇਤਿਹਾਸਕ ਅਤੇ ਇਸ ਖੇਤਰ ਦੇ ਲੋਕਾਂ ਲਈ ਇਸ ਇਤਿਹਾਸਕ ਕਾਫਲੇ ਦੀ ਮੇਜਬਾਨੀ ਕਰਨ ਦਾ ਮੌਕਾ ਬੇਹੱਦ ਅਹਿਮ ਹੋਵੇਗਾ। ਮੀਟਿੰਗ ਦੌਰਾਨ ਕਾਫਲੇ ਦੇ ਸਵਾਗਤ ਅਤੇ ਲੰਗਰ ਦੇ ਪ੍ਰਬੰਧ ਲਈ ਪਿੰਡਾਂ ਵਿੱਚੋਂ ਰਾਸ਼ਨ ਇਕੱਠਾਂ ਕਰਨ ਦੀ ਵਿਉਂਤਬੰਦੀ ਕੀਤੀ ਗਈ।
ਇਸ ਮੌਕੇ ਲਾਮਬੰਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ 22 ਨਵੰਬਰ ਤੋਂ ਪਿੰਡਾਂ ਚ ਦਿਨ ਸਮੇਂ ਔਰਤਾਂ ਦੇ ਮਾਰਚ ਤੇ ਰਾਤ ਨੂੰ ਨੌਜਵਾਨਾਂ ਦੇ ਮਸ਼ਾਲ ਮਾਰਚ ਕਰਨ ਦਾ ਫੈਸਲਾ ਲਿਆ । ਸਮਰਥਨ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ 26 ਨਵੰਬਰ ਨੂੰ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਮਜਦੂਰ ਦੋਖੀ ਕਿਰਤ ਕਾਨੂੰਨਾਂ ਖਿਲਾਫ ਕੀਤੀ ਜਾ ਰਹੀ ਦੇਸ ਵਿਆਪੀ ਹੜਤਾਲ ਦੇ ਸਮਰਥਨ ਦਾ ਵੀ ਫੈਸਲਾ ਕੀਤਾ ਗਿਆ।ਇਸ ਮੌਕੇ ਕਿਸਾਨ ਆਗੂ ਕੁਲਵੰਤ ਰਾਏ ਸ਼ਰਮਾ, ਮਲਕੀਤ ਸਿੰਘ ਗੱਗੜ, ਭੁਪਿੰਦਰ ਸਿੰਘ ਚੰਨੂੰ, ਡਾਕਟਰ ਹਰਪਾਲ ਸਿੰਘ, ਸੁਖਬੀਰ ਸਿੰਘ ਵੜਿੰਗ ਖੇੜਾ, ਦਲਜੀਤ ਸਿੰਘ ਮਿਠੜੀ ਬੁੱਧਗਿਰ ਅਤੇ ਮਨੋਹਰ ਸਿੰਘ ਸਿੱਖਾਂਵਾਲਾ ਵੀ ਮੌਜੂਦ ਸਨ।
--