ਮਨਿੰਦਰਜੀਤ ਸਿੱਧੂ
ਜੈਤੋ, 26 ਨਵੰਬਰ 2020 - ਕਿਸਾਨਾਂ ਨੇ ਦਿੱਲੀ ਨੂੰ ਚਾਲੇ ਪਾਏ ਹੋਏ ਹਨ। ਦਿੱਲੀ ਨੇ ਤਾਂ ਕਿਸਾਨਾਂ ਨੂੰ ਰੋਕਣਾ ਹੀ ਸੀ ਪਰ ਗੱਲ ਇਹ ਸਮਝ ਨਹੀਂ ਆ ਰਹੀ ਕਿ ਦਿੱਲੀ ਦੀ ਪਿਛਲੱਗੂ ਬਣਕੇ ਹਰਿਆਣਾ ਸਰਕਾਰ ਕਿਸਾਨਾਂ ਦਾ ਰਸਤਾ ਕਿਹੜੇ ਮੂੰਹ ਅਤੇ ਕਿਹੜੀ ਖੁਸ਼ੀ ਨਾਲ ਰੋਕ ਰਹੀ ਹੈ ? ਕਿਸਾਨਾਂ ਨੂੰ ਰੋੋਕਣਾ, ਡੱਕਣਾ ਤੇ ਪਿੱਛੇ ਧੱਕਣਾ ਹਰਿਆਣਾ ਸਰਕਾਰ ਲਈ ਹੁਣ ਅਸੰਭਵ ਜਾਪ ਰਿਹਾ ਹੈ। ਪੰਜਾਬ ਤੋਂ ਹਰਿਆਣਾ ਨੂੰ ਜਾਂਦੇ ਸਾਰੇ ਬਾਰਡਰਾਂ ਨੂੰ ਸੀਲ ਕਰਕੇ ਕਿਸਾਨਾਂ ਦੀ ਐਂਟਰੀ ਹਰਿਆਣੇ ‘ਚ ਬੈਨ ਕੀਤੀ ਸੀ, ਪਰ ਲੋਕ ਰੋਹ ਅੱਗੇ ਕਿਹੜੇ ਬੈਰੀਕੇਡ ਅਤੇ ਕਿਹੜੀਆਂ ਹੱਦ ਬੰਦੀਆਂ ਖੜਦੀਆਂ ਹਨ।
ਪੰਜਾਬ ਦੇ ਜੰਮੇ ਘੋੜਿਆਂ ਦੀਆਂ ਕਾਠੀਆਂ ਤੇ ਬੈਠ ਕੇ ਦਿਨ ਅਤੇ ਰਾਤਾਂ ਗੁਜ਼ਾਰਦੇ ਰਹੇ ਹਨ, ਅੱਜ ਤਾਂ ਉਹਨਾਂ ਕੋਲ ਫੁਕਾਰੇ ਮਾਰਦੇ ਟਰੈਕਟਰ ਆ ਗਏ ਹਨ। ਪਾਣੀ ਦੀਆਂ ਬੁਛਾਰਾਂ ਮਾਰਨ ਵਾਲੀ ਤੋਪ ਵੀ ਇਹ ਸੋਚਦੀ ਹੋਊ ਕਿ ਇਹ ਕਿਹੜੀ ਮਿੱਟੀ ਦੇ ਬਣੇ ਨੇ ਜੋ ਮੇਰਾ ਮੂੰਹ ਬੰਦ ਕਰਕੇ ਮੂੰਹ ਤੇ ਚਪੇੜ ਮਾਰਕੇ ਅੱਗੇ ਵਲ ਨੂੰ ਵਧਦੇ ਜਾ ਰਹੇ ਹਨ। ਬੰਨ੍ਹ ਲਗਾ ਕੇ ਕੱਸੀਆਂ ਅਤੇ ਖਾਲਿਆਂ ਦਾ ਪਾਣੀ ਤਾਂ ਰੋਕਿਆ ਜਾ ਸਕਦਾ ਹੈ ਪਰ ਵਗਦੇ ਦਰਿਆਵਾਂ ਨੂੰ ਬੰਨ੍ਹ ਮਾਰਨਾ ਕੋਈ ਸੁਖਾਲਾ ਕੰਮ ਨਹੀਂ ਹੈ।
ਹਰਿਆਣਾ ਸਰਕਾਰ ਨੇ ਆਪਣੀ ਸੋਚ ਦਿਖਾਈ ਹੈ, ਪਰ ਹਰਿਆਣਾ ਦੇ ਕਿਸਾਨਾਂ ਨੇ ਆਪਣੀ। ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਤੋਂ ਆ ਰਹੇ ਆਪਣੇ ਕਿਸਾਨ ਭਰਾਵਾਂ ਨੂੰ ਪਨੀਰ ਦੇ ਪਕੌੜੇ ਵੀ ਖੁਆਏ ਅਤੇ ਆਪਣੇ ਭਰਾਵਾਂ ਦੇ ਸਵਾਗਤ ਲਈ ਆਪਣੀ ਸਰਕਾਰ ਨਾਲ ਦੋ ਹੱਥ ਵੀ ਹੋ ਗਏ। ਕਮਾਲ ਦੀ ਗੱਲ ਤਾਂ ਇਹ ਹੈ ਕਿ ਕੋਰੋਨਾ ਦਾ ਵੀ ਸਰਕਾਰਾਂ ਨੇ ਇੱਕ ਟਾਇਮ ਟੇਬਲ ਬਣਾਇਆ ਹੋਇਆ ਹੈ। ਜਦੋਂ ਬਿਹਾਰ ਵਿੱਚ ਰੈਲੀਆਂ ਜਲਸੇ ਕਰਨੇ ਸੀ ਤਾਂ ਕੋਰੋਨਾ ਛੁੱਟੀ ਉੱਪਰ ਚਲਾ ਗਿਆ ਸੀ, ਪਰ ਜਦ ਅੱਜ ਕਿਸਾਨ ਆਪਣੇ ਹੱਕ ਮੰਗਣ ਲਈ ਦਿੱਲੀ ਵੱਲ ਜਾ ਰਹੇ ਹਨ ਤਾਂ ਕੋਰੋਨਾ ਛੁੱਟੀ ਕੱਟ ਕੇ ਪਰਤ ਆਇਆ ਹੈ ਜਿਸ ਕਰਕੇ ਉਹਨਾਂ ਦਾ ਰਾਹ ਡੱਕਿਆ ਜਾ ਰਿਹਾ ਹੈ।
ਤੋਪ ਦਿਆਂ ਗੋਲਿਆਂ ਮੂਹਰੇ ਹਿੱਕਾਂ ਡਾਹ ਕੇ ਖੜ੍ਹਨ ਵਾਲਿਆਂ ਨੂੰ ਅੱਥਰੂ ਗੈਸ ਦੇ ਗੋਲੇ ਕੀ ਕਰਨਗੇ। ਕੀ ਬੱਚਾ, ਕੀ ਨੌਜਵਾਨ, ਕੀ ਮਾਈ, ਕੀ ਭਾਈ ਹਰ ਇੱਕ ਦੀ ਜੁਬਾਨ ਇਹ ਕਹਿ ਰਹੀ ਹੈ ਕਿ ਜੇ ਮੁੜਾਂਗੇ ਤਾਂ ਆਪਣੇ ਹੱਕ ਲੈਕੇ ਨਹੀਂ ਤਾਂ ਘਰੇ ਆਖ ਆਏ ਹਾਂ ਕਿ ਸਾਡੇ ਮੁੜਨ ਦੀ ਕੋਈ ਝਾਕ ਨਾ ਰੱਖਿਓ। ਅੱਜ ਦੇ ਮਾਹੌਲ ਨੂੰ ਦੇਖਦੇ ਹੋਏ ਸ਼ਾਹ ਮੁਹੰਮਦ ਦੀਆਂ ਲਾਈਨਾਂ ਬਿਲਕੁਲ ਢੁੱਕਦੀਆਂ ਹਨ ਜਿਸ ਵਿੱਚ ਉਸਨੇ ਕਿਹਾ ਸੀ ਕਿ “ਜੰਗ ਹਿੰਦ ਪੰਜਾਬ ਦਾ ਹੋਣ ਲੱਗਾ”। ਇੱਕ ਪਾਸੇ ਉਹ ਸਰਕਾਰ ਹੈ ਜੋ ਆਪਣਾ ਹਰ ਜ਼ੋਰ ਇਸ ਅੰਦੋਲਨ ਨੂੰ ਦਬਾਉਣ ਤੇ ਲਗਾ ਰਹੀ ਹੈ ਤੇ ਦੂਜੇ ਪਾਸੇ ਉਹ ਲੋਕ ਨੇ ਜਿਹਨਾਂ ਸ਼ੁਰੂ ਤੋਂ ਹੀ ਜਾਬਰਾਂ ਅਤੇ ਬਾਬਰਾਂ ਦੇ ਮੂੰਹ ਤੋੜੇ ਹਨ।