- ਕੇਂਦਰ ਦੇ ਫੈਸਲੇ ਤੋਂ ਬਾਅਦ ਵੀ ਜ਼ੋਰ-ਜਬਰ ਜਾਰੀ ਰੱਖਣ ਲਈ ਖੱਟਰ ਸਰਕਾਰ ਦੀ ਕਰੜੀ ਆਲੋਚਨਾ
ਚੰਡੀਗੜ੍ਹ, 17 ਨਵੰਬਰ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੇ ਸੁਲਾਕਾਰੀ ਕਦਮ ਦੇ ਬਾਅਦ ਵੀ ਕਿਸਾਨਾਂ ਨੂੰ ਰੋਕਣ ਲਈ ਜ਼ੋਰ-ਜਬਰ ਦੀ ਵਰਤੋਂ ਜਾਰੀ ਰੱਖਣ ’ਤੇ ਹਰਿਆਣਾ ਦੀ ਖੱਟਰ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ।
ਖੱਟਰ ਸਰਕਾਰ ਦੀਆਂ ਕਾਰਵਾਈਆਂ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਵੇਂ ਕਿਸਾਨਾਂ ਨੂੰ ਰੋਸ ਪ੍ਰਗਟਾਉਣ ਦੇ ਆਪਣੇ ਜਮਹੂਰੀ ਹੱਕ ਲਈ ਕੌਮੀ ਰਾਜਧਾਨੀ ਵਿੱਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਹਰਿਆਣਾ ਸਰਕਾਰ ਅਜੇ ਵੀ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਵਿਰੁੱਧ ਟਕਰਾਅ ਵਾਲੀ ਪਹੁੰਚ ’ਤੇ ਉਤਾਰੂ ਹੈ।
ਮੁੱਖ ਮੰਤਰੀ ਨੇ ਖੱਟਰ ਨੂੰ ਸੰਬੋਧਿਤ ਹੁੰਦਿਆਂ ਕਿਹਾ,‘‘ ਅਜਿਹੇ ਸਖ਼ਤ ਕਦਮ ਚੁੱਕਣ ਦੀ ਲੋੜ ਕੀ ਹੈ? ਅਜਿਹਾ ਵਹਿਸ਼ੀਪੁਣਾ ਤੁਰੰਤ ਰੋਕਣ ਦੀ ਲੋੜ ਹੈ। ’’ ਮੁੱਖ ਮੰਤਰੀ ਨੇ ਭੋਲੇ-ਭਾਲੇ ਅਤੇ ਸ਼ਾਂਤਮਈ ਕਿਸਾਨਾਂ ਨਾਲ ਹਰਿਆਣਾ ਸਰਕਾਰ ਦੇ ਵਰਤਾਓ ਦੇ ਢੰਗ ਦੀ ਸਖ਼ਤ ਆਲੋਚਨਾ ਕੀਤੀ। ਉਨਾਂ ਨੇ ਖੱਟਰ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਬੇਕਾਰ ਕੋਸ਼ਿਸ਼ ਕਰਦਿਆਂ ਵਰਤੇ ਗਏ ਢੰਗ ਤਰੀਕਿਆਂ ’ਤੇ ਹੈਰਾਨੀ ਜ਼ਾਹਰ ਕੀਤੀ, ਇੱਥੋਂ ਤੱਕ ਕਿ ਕੌਮੀ ਮਾਰਗ ਨੂੰ ਪੁੱਟ ਕੇ ਜਨਤਕ ਜਾਇਦਾਦ ਦਾ ਵੀ ਨੁਕਸਾਨ ਕੀਤਾ ਗਿਆ ਹੈ। ਉਨਾਂ ਚੁਟਕੀ ਲੈਂਦਿਆਂ ਕਿਹਾ,‘‘ਪਿਛਲੇ ਤਿੰਨ ਮਹੀਨਿਆਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਸੇ ਵੀ ਜਨਤਕ ਜਾਇਦਾਦ ਨੂੰ ਕਣ ਮਾਤਰ ਵੀ ਨੁਕਸਾਨ ਨਹੀਂ ਪਹੁੰਚਾਇਆ ਗਿਆ ਜਦਕਿ ਦੂਜੇ ਪਾਸੇ ਹਰਿਆਣਾ ਦੀ ਸਰਕਾਰ ਨੇ ਬੜੀ ਬੇਸ਼ਰਮੀ ਨਾਲ ਲੋਕਾਂ ਦੇ ਪੈਸੇ ਨਾਲ ਬਣੀਆਂ ਸੜਕਾਂ ਵਿੱਚ ਟੋਏ ਪੁੱਟ ਦਿੱਤੇੇ। ’’
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ’ਤੇ ਕਿਸਾਨਾਂ ਦੀਆਂ ਚਿੰਤਾਵਾਂ ਦੇ ਹੱਲ ਲਈ ਗੱਲਬਾਤ ਤੁਰੰਤ ਸ਼ੁਰੂ ਕਰਨ ਅਤੇ ਇਸ ਭਖਦੇ ਮੁੱਦੇ ਨੂੰ ਹੱਲ ਕਰਨ ਦੀ ਮੁੜ ਅਪੀਲ ਕੀਤੀ। ਉਨਾਂ ਕਿਹਾ ਕਿ ਇਸ ਸਮੱਸਿਆ ਦਾ ਸ਼ਾਂਤਮਈ ਅਤੇ ਸੁਖਾਵਾਂ ਹੱਲ ਲੱਭਣ ਲਈ ਪਹਿਲਾ ਕਦਮ ਚੁੱਕਿਆ ਗਿਆ ਹੈ ਪਰ ਕੇਂਦਰ ਸਰਕਾਰ ਨੂੰ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਲਈ ਹੁਣ ਅੱਗੇ ਵੱਧਣਾ ਚਾਹੀਦਾ ਹੈ ਤਾਂ ਕਿ ਖੇਤੀ ਕਾਨੂੰਨਾਂ ਨਾਲ ਪੈਦਾ ਹੋਈ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ ਕਿਉਂਜੋ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਲਈ ਖਤਰਾ ਬਣੇ ਹੋਏ ਹਨ।
ਇਸੇ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਵੱਲੋਂ ਖੱਟਰ ਸਰਕਾਰ ਨਾਲ ਆਹਮੋ-ਸਾਹਮਣੇ ਹੁੰਦਿਆਂ ਅਤੇ ਹਰਿਆਣਾ ਪੁਲਿਸ ਦੇ ਜਬਰ ਦੇ ਬਾਵਜੂਦ ਦਿਖਾਏ ਗਏ ਵਿਲੱਖਣ ਸੰਜਮ ਦੀ ਸ਼ਲਾਘਾ ਕੀਤੀ। ਉਨਾਂ ਕਿਹਾ,‘‘ ਕਿਸਾਨਾਂ ਦੇ ਮਿਸਾਲੀ ਰਵੱਈਏ ਨੇ ਇਹ ਦਿਖਾ ਦਿੱਤਾ ਕਿ ਉਨਾਂ ਦੀ ਟਕਰਾਅ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਹ ਤਾਂ ਸਿਰਫ ਇਹ ਚਾਹੁੰਦੇ ਹਨ ਕਿ ਉਨਾਂ ਦੀ ਆਵਾਜ਼ ਸੁਣੀ ਜਾਵੇ ਜੋ ਕਿ ਉਨਾਂ ਦਾ ਸੰਵਿਧਾਨਿਕ ਹੱਕ ਹੈ। ’’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਠੰਡ ਦੇ ਇਸ ਮੌਸਮ ਵਿੱਚ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗਣ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੇ ਬਾਵਜੂਦ ਕਿਸਾਨ ਭੜਕਾਹਟ ਵਿੱਚ ਨਹੀਂ ਆਏ ਅਤੇ ਨਾ ਹੀ ਉਨਾਂ ਨੇ ਅਮਨ-ਕਾਨੂੰਨ ਦੀ ਸਮੱਸਿਆ ਪੈਦਾ ਕੀਤੀ ਜਿਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਸਾਰੇ ਕਿਸਾਨ ਦਿੱਲੀ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਲਈ ਜਾਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਕਿਸਾਨ ਨਾ ਤਾਂ ਗੁੰਮਰਾਹ ਹੋਏ ਹਨ ਅਤੇ ਨਾ ਹੀ ਭਾਰਤ ਦੇ ਲੋਕਾਂ ਲਈ ਕਿਸੇ ਤਰਾਂ ਦੀ ਸਮੱਸਿਆ ਪੈਦਾ ਕਰਨ ਵਿੱਚ ਸ਼ਾਮਲ ਹਨ। ਉਨਾਂ ਨੇ ਭਾਰਤ ਸਰਕਾਰ ਨੂੰ ਮੁਲਕ ਦੇ ‘ਅੰਨਦਾਤੇ’ ਦੀ ਪੀੜਾ ਨੂੰ ਸਮਝਣ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਯਕੀਨੀ ਬਣਾਉਣ ਲਈ ਕਾਨੂੰਨੀ ਵਿਵਸਥਾ ਕਰਨ ਬਾਰੇ ਕਿਸਾਨਾਂ ਦੀ ਮੰਗ ਪ੍ਰਵਾਨ ਕਰਨ ਦੀ ਅਪੀਲ ਕੀਤੀ।