ਅਸ਼ੋਕ ਵਰਮਾ
ਚੰਡੀਗੜ੍ਹ, 4 ਦਸੰਬਰ 2020 - ਨਾਮਵਰ ਪੰਜਾਬੀ ਸਾਹਿਤਕਾਰਾਂ ਸਵਰਾਜਵੀਰ, ਮੋਹਨਜੀਤ ਤੇ ਜਸਵਿੰਦਰ ਸਿੰਘ ਵੱਲੋਂ ਕਿਸਾਨ ਸੰਘਰਸ਼ ਦੇ ਹੱਕ 'ਚ ਕੇਂਦਰੀ ਹਕੂਮਤ ਕੋਲ ਰੋਸ ਪ੍ਰਗਟਾਉਣ ਲਈ ਆਪਣੇ ਸਾਹਿਤ ਐਕਡਮੀ ਐਵਾਰਡ ਵਾਪਸ ਕਰਨ ਦੇ ਕਦਮ ਦਾ ਬੀ ਕੇ ਯੂ (ਏਕਤਾ ਉਗਰਾਹਾਂ) ਨੇ ਉਤਸ਼ਾਹ ਭਰਪੂਰ ਸਵਾਗਤ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਇਹਨਾਂ ਸਾਹਿਤਕਾਰਾਂ ਨੇ ਲੋਕਾਂ ਨਾਲ਼ ਖੜ੍ਹਨ ਦੀ ਆਪਣੀ ਲੋਕ ਪੱਖੀ ਚੇਤਨਾ ਅਨੁਸਾਰ ਵੇਲੇ ਸਿਰ ਬਹੁਤ ਮਹੱਤਵਪੂਰਨ ਕਦਮ ਚੁੱਕਿਆ ਹੈ,ਜਿਹੜਾ ਘੋਲ਼ ਦੇ ਅਖਾੜਿਆਂ 'ਚ ਜੂਝਦੇ ਕਿਸਾਨਾਂ ਦੇ ਹੌਸਲਿਆਂ ਨੂੰ ਹੋਰ ਬੁਲੰਦ ਕਰੇਗਾ ਅਤੇ ਮੋਦੀ ਹਕੂਮਤ ਨੂੰ ਹੋਰ ਜ਼ਿਆਦਾ ਨਿਖੇੜੇ ਦੀ ਹਾਲਤ 'ਚ ਸੁੱਟੇਗਾ।
ਐਵਾਰਡ ਵਾਪਸੀ ਦਾ ਇਹ ਕਦਮ ਕਿਸਾਨ ਅੰਦੋਲਨ ਦੇ ਸਮੱਰਥਨ 'ਚ ਲੋਕ ਰਾਇ ਨੂੰ ਹੋਰ ਲਾਮਬੰਦ ਕਰਨ ਦਾ ਜ਼ਰੀਆ ਵੀ ਬਣੇਗਾ। ਉਹਨਾਂ ਦੱਸਿਆ ਕਿ ਅੱਜ ਟਿਕਰੀ ਬਾਰਡਰ ਤੇ ਲੱਗੇ ਕਿਸਾਨ ਮੋਰਚੇ ਦੀਆਂ ਵੱਖ-ਵੱਖ ਸਟੇਜਾਂ ਉਤੇ ਸਾਹਿਤਕਾਰਾਂ ਦੇ ਹਮਾਇਤੀ ਹੰਭਲੇ ਦੀ ਜ਼ੋਰਦਾਰ ਚਰਚਾ ਹੋਈ ਤੇ ਇਸ ਫੈਸਲੇ ਨੇ ਲੋਕਾਂ ਅੰਦਰ ਨਵੇਂ ਜੋਸ਼ ਦੀਆਂ ਨਵੀਆਂ ਤਰੰਗਾਂ ਛੇੜੀਆਂ । ਉਹਨਾਂ ਹੋਰਨਾਂ ਸਾਹਿਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਅੰਦੋਲਨ ਅੰਦਰ ਸਾਰੇ ਸੰਭਵ ਢੰਗਾਂ ਰਾਹੀਂ ਆਪਣਾ ਹਿੱਸਾ ਪਾਉਣ ਲਈ ਅੱਗੇ ਆਉਣ ਤੇ ਇਸ ਮੌਕੇ ਨੂੰ ਸਾਹਿਤਕਾਰਾਂ ਅਤੇ ਲੋਕਾਂ ਦਾ ਰਿਸ਼ਤਾ ਹੋਰ ਮਜ਼ਬੂਤ ਕਰਨ ਦਾ ਮੌਕਾ ਬਣਾਉਣ।