ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ 2020-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ, ਉੱਥੇ ਹੀ ਹੁਣ ਕਿਸਾਨ ਪਰਿਵਾਰਾਂ ਦੇ ਖੁਸ਼ੀ ਸਮਾਗਮਾਂ ’ਚ ਵੀ ਇਸ ਸੰਘਰਸ਼ ਦਾ ਰੰਗ ਨਜ਼ਰ ਆਉਣ ਲੱਗਾ ਹੈ। ਅਜਿਹਾ ਹੀ ਅਨੋਖਾ ਨਜ਼ਾਰਾ ਜ਼ਿਲ੍ਹੇ ਦੇ ਪਿੰਡ ਆਸਾ ਬੁੱਟਰ ਵਿਖੇ ਦੇਖਣ ਨੂੰ ਮਿਲਿਆ। ਇੱਥੇ ਕਿਸਾਨ ਦੇ ਪੁੱਤ ਦੇ ਵਿਆਹ ’ਚ ਕੇਂਦਰ ਨੂੰ ਨਸੀਹਤਾਂ ਦਿੰਦੇ ਕਿਸਾਨੀ ਸੰਘਰਸ਼ ਨਾਲ ਸਬੰਧਿਤ ਗੀਤਾਂ ’ਤੇ ਕਿਸਾਨ ਵੀਰ ਅਤੇ ਭੈਣਾਂ ਨੱਚਦੀਆਂ ਹੋਈਆਂ ਦਿਖਾਈ ਦਿੱਤੀਆਂ। ਵਿਆਹ ਦੀ ਜਾਗੋ ਦੇ ਪ੍ਰੋਗਰਾਮ ’ਚ ਸਿਰ ’ਤੇ ਜਾਗੋ ਦੇ ਨਾਲ-ਨਾਲ ਹੱਥਾਂ ’ਚ ਕਿਸਾਨੀ ਝੰਡੇ ਚੁੱਕੇ ਗਏ ਅਤੇ ਤੜਕ-ਭੜਕ ਵਾਲੇ ਗੀਤਾਂ ਦੀ ਥਾਂ ਕੇਂਦਰ ਨੂੰ ਲਲਕਾਰਦੇ ਗੀਤ ਡੀਜੇ ’ਤੇ ਵਜਾਏ ਗਏ।ਇਸ ਮੌਕੇ ‘ਪੇਚਾ ਪੈ ਗਿਆ ਸੈਂਟਰ ਨਾਲ’ ਗੀਤ ’ਤੇ ਪਰਿਵਾਰਕ ਮੈਂਬਰ ਖੂਬ ਨੱਚੇ। ਪਰਿਵਾਰਿਕ ਮੈਂਬਰਾਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ ਝਲਕਦੀ ਹੋਈ ਦਿਖਾਈ ਦਿੱਤੀ ਅਤੇ ਨਾਲ ਹੀ ਕਿਸਾਨ ਵੀਰ ਨੂੰ ਕਿਸਾਨੀ ਸੰਘਰਸ਼ ’ਚ ਡਟੇ ਰਹਿਣ ਦੀ ਗੱਲ ਅਤੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਵਿਆਹ ਸਮਾਰੋਹ ’ਚ ਪਹੁੰਚੇ ਕਿਸਾਨ ਆਗੂ ਮੁਤਾਬਕ ਹੁਣ ਕਿਸਾਨਾਂ ਦੇ ਖੁਸ਼ੀ ਸਮਾਗਮਾਂ ’ਚ ਵੀ ਕਿਸਾਨੀ ਸੰਘਰਸ਼ ਦੀ ਲਹਿਰ ਦਿਖਾਈ ਦੇਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਦਾ ਅੰਨਦਾਤਾ ਲੱਖਾਂ ਦੀ ਗਿਣਤੀ ’ਚ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦਾ ਘਿਰਾਓ ਕਰਕੇ ਬੈਠਾ ਹੈ, ਜਿਸ ’ਚ ਬੱਚੇ, ਨੌਜਵਾਨ, ਬਜੁਰਗ ਅਤੇ ਹਰੇਕ ਵਰਗ ਕਿਸਾਨ ਅੰਦੋਲਨ ’ਚ ਸ਼ਾਮਲ ਹੈ ਅਤੇ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਦਿੱਲੀ ਤੋਂ ਵਾਪਸੀ ਦੀ ਗੱਲ ਕਹੀ ਜਾ ਰਹੀ ਹੈ।