- ਸੇਵਾਦਾਰੀ 'ਚ ਕੇਜਰੀਵਾਲ ਦਾ ਇਕ ਹੋਰ ਮਿਸਾਲ, ਮੋਦੀ ਸਰਕਾਰ ਵੀ ਸਬਕ ਸਿੱਖੇ
ਚੰਡੀਗੜ੍ਹ, 11 ਦਸੰਬਰ 2020 - ਆਪਣੀ ਹੋਂਦ ਬਚਾਉਣ ਲਈ ਕੇਂਦਰ ਦੀ ਅੜੀਅਲ ਮੋਦੀ ਸਰਕਾਰ ਖਿਲਾਫ ਲੜਾਈ ਲੜ ਰਹੇ ਕਿਸਾਨ ਜਦੋਂ ਕੜਕੇ ਦੀ ਠੰਢ ਦੇ ਮੌਸਮ ਵਿਚ ਠਰ ਰਹੇ ਹਨ ਤਾਂ ਉਸ ਸਮੇਂ ਦਿੱਲੀ ਦੀ ਕੇਜਰੀਵਾਲ ਸਰਕਾਰ ਅੰਨਦਾਤੇ ਪ੍ਰਤੀ ਆਪਣਾ ਫਰਜ਼ ਨਿਭਾਉਣ ਲਈ ਅੱਗੇ ਵਧੀ ਹੈ। ਪਿਛਲੇ ਕਰੀਬ 15 ਦਿਨਾਂ ਤੋਂ ਦਿੱਲੀ-ਹਰਿਆਣਾ ਦੀ ਸਰਹੱਦ ਉਤੇ ਬੈਠੇ ਅੰਨ੍ਹ ਦਾਤਾ ਨੂੰ ਠੰਢ ਦੇ ਮੌਸਮ ਵਿਚ ਨਹਾਉਣ ਲਈ ਗਰਮ ਪਾਣੀ ਨਾ ਮਿਲਣ ਕਾਰਨ ਅਤੇ ਮੋਬਾਇਲ ਚਾਰਜ ਪੁਆਇੰਟ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਨ੍ਹਾਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਅਹਿਮ ਕਦਮ ਚੁੱਕਿਆ ਗਿਆ ਹੈ।
ਠੰਢ ਦੇ ਮੌਸਮ ਵਿਚ ਬਜ਼ੁਰਗਾਂ ਅਤੇ ਬੱਚੇ ਜਦੋਂ ਠੰਢੇ ਪਾਣੀ ਨਾਲ ਨਹਾਉਂਦੇ ਸਨ ਤਾਂ ਹਮੇਸ਼ਾ ਬਿਮਾਰ ਹੋਣ ਦਾ ਖਤਰਾ ਬਣਿਆ ਰਹਿੰਦਾ ਸੀ। ਅਜਿਹੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਿੱਲੀ ਜਲ ਬੋਰਡ ਵੱਲੋਂ ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ। ਸਰਕਾਰ ਵੱਲੋਂ ਸਿੰਘੂ ਬਾਰਡਰ ਉਤੇ ਅੰਦੋਲਨਕਾਰੀ ਕਿਸਾਨਾਂ ਲਈ ਗੈਸ ਵਾਲੀਆਂ ਭੱਠੀਆਂ ਦਾ ਪ੍ਰਬੰਧ ਕੀਤਾ ਗਿਆ, ਤਾਂ ਜੋ ਕਿਸਾਨਾਂ ਨੂੰ ਗਰਮ ਪਾਣੀ ਮਿਲ ਸਕੇ।
ਕੇਂਦਰ ਦੀ ਤਾਨਾਸ਼ਾਹੀ ਸਰਕਾਰ ਖਿਲਾਫ ਅੰਦੋਲਨ ਕਰ ਰਹੇ ਕਿਸਾਨ ਆਪਣੇ ਪਰਿਵਾਰਾਂ ਤੋਂ ਦੂਰ ਬੈਠਿਆਂ ਨੂੰ ਕਰੀਬ 15 ਦਿਨ ਬੀਤ ਗਏ ਹਨ। ਇਨ੍ਹਾਂ ਸਮੇਂ ਵਿਚ ਕਿਸਾਨਾਂ ਦੇ ਮੋਬਾਇਲਾਂ ਦੀਆਂ ਬੈਟਰੀਆਂ ਚਾਰਜ ਨਾ ਹੋਣ ਕਾਰਨ ਆਪਣੇ ਪਰਿਵਾਰਾਂ ਨਾਲ ਸਮੇਂ ਸਿਰ ਕੋਈ ਗੱਲਬਾਤ ਵੀ ਨਹੀਂ ਹੋ ਰਹੀ ਸੀ। ਰੋਜ਼ਮਰਾਂ ਦੀ ਜ਼ਿੰਦਗੀ ਲਈ ਜ਼ਰੂਰੀ ਬਣੇ ਮੋਬਾਇਲ ਨੂੰ ਚਾਰਜ ਕਰਨ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਲੋੜੀਂਦੇ ਕਦਮ ਚੁੱਕੇ ਗਏ। ਕੇਜਰੀਵਾਲ ਸਰਕਾਰ ਵੱਲੋਂ ਧਰਨਾ ਸਥਾਨ ਉਤੇ ਮੋਬਾਇਲ ਚਾਰਜ ਕਰਨ ਲਈ ਇਕ ਵਿਸ਼ੇਸ਼ ਪੁਆਇੰਟ ਲਗਾਇਆ ਗਿਆ। ਜਿੱਥੇ ਅੰਦੋਲਨਕਾਰੀ ਆਪਣੇ ਮੋਬਾਇਲ ਚਾਰਜ ਕਰ ਸਕਦੇ ਹਨ। ਇਸ ਥਾਂ ਉਤੇ ਇਕ ਵਾਰ ਵਿਚ 100 ਤੋਂ ਜ਼ਿਆਦਾ ਮੋਬਾਇਲ ਚਾਰਜ ਕੀਤੇ ਜਾ ਸਕਦੇ ਹਨ।
ਆਪਣੇ ਹੱਕਾਂ ਲਈ ਜਦੋਂ ਤੋਂ ਕਿਸਾਨਾਂ ਨੇ ਸੰਘਰਸ਼ ਸ਼ੁਰੂ ਕੀਤਾ ਹੈ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਕਿਸਾਨਾਂ ਦਾ ਸਮਰਥਨ ਕਰਦੀ ਆ ਰਹੀ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਕਿਸਾਨਾਂ ਲਈ ਲੰਗਰ, ਐਂਬੂਲੈਂਸ, ਸਿਹਤ ਸੇਵਾਵਾਂ, ਪਖਾਨੇ, ਪੀਣ ਵਾਲੇ ਪਾਣੀ ਆਦਿ ਲੋੜੀਦੀਆਂ ਸਹੂਲਤਾਵਾਂ ਪੂਰਾ ਕਰਨ ਲਈ ਯੋਗ ਕਦਮ ਚੁੱਕੇ ਜਾ ਰਹੇ ਹਨ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਮੰਤਰੀਆਂ, ਵਿਧਾਇਕਾਂ, ਵਲੰਟੀਅਰਾਂ ਨੂੰ ਇਕ ਸੇਵਾਦਾਰ ਵਜੋਂ ਸੇਵਾਵਾਂ ਨਿਭਾਉਣ ਲਈ ਕਿਸਾਨ ਅੰਦੋਲਨ ਵਿਚ ਲਗਾਇਆ ਹੋਇਆ ਹੈ।