ਸਿੰਘੂ ਬਾਰਡਰ, 26 ਦਸੰਬਰ 2020 - ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਸ. ਫੁਰਮਾਨ ਸਿੰਘ ਸੰਧੂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਗੱਲ-ਬਾਤ ਦਾ ਝੂਠਾ ਦਿਖਾਵਾ ਕਰਕੇ ਲੋਕ ਕਚਹਿਰੀ ਵਿੱਚ ਆਪਣੀ ਮਾਸੂਮੀਅਤ ਅਤੇ ਝੂਠੀ ਫਰਾਖਦਿਲੀ ਦਾ ਅਸਫਲ ਮੁਜ਼ਾਹਰਾ ਕਰ ਰਹੀ ਹੈ। ਸਰਕਾਰ ਇਹ ਭਰਮ ਭੁਲੇਖਾ ਪੈਦਾ ਕਰਨ ਦੀ ਚਾਲ ਖੇਡ ਰਹੀ ਕਿ ਸ਼ਾਇਦ ਕਿਸਾਨ ਹੀ ਜ਼ਿਦ ਕਰ ਰਹੇ ਹਨ ਜਦ ਕਿ ਸੱਚ ਤਾਂ ਇਹ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਘਸਿਆਰੇ ਬਨਾਉਣ ਦੀ ਜ਼ਿਦ ਫੜੀ ਹੋਈ ਹੈ।
ਨੌਜੁਆਨ ਕਿਸਾਨ ਨੇਤਾ ਨੇ ਕਿਹਾ ਕਿ ਹੁਣ ਤੱਕ ਹੋਈਆਂ ਮੀਟਿੰਗਾਂ ਵਿੱਚ ਸਰਕਾਰ ਕਿਸਾਨ ਆਗੂਆਂ ਦੇ ਤਰਕ ਅਤੇ ਦਲੀਲਾਂ ਸਾਹਮਣੇ ਗੋਡੇ ਟੇਕ ਚੁੱਕੀ ਹੈ, ਕਿਸਾਨ ਆਗੂਆਂ ਵੱਲੋਂ ਗੱਲ-ਬਾਤ ਰਾਹੀਂ ਸਾਬਤ ਕੀਤਾ ਜਾ ਚੁੱਕਿਆ ਹੈ ਕਿ ਇਹ ਕਾਲੇ ਕਨੂੰਨ ਕਿਸਾਨ ਮਾਰੂ ਹਨ। ਸਰਕਾਰ ਕਿਸੇ ਵੀ ਪੱਧਰ ਤੇ ਇਹ ਸਾਬਤ ਨਹੀਂ ਕਰ ਸਕੀ ਕਿ ਇਹ ਕਨੂੰਨ ਕਿਸਾਨਾਂ ਦੇ ਫਾਇਦੇ ਵਿੱਚ ਹਨ। ਸਰਕਾਰ ਆਪਣੀ ਗਲਤੀ ਦਾ ਅਹਿਸਾਸ ਹੋ ਜਾਣ ਦੇ ਬਾਵਜੂਦ ਵੀ ਸਿਰਫ ਸੋਧਾਂ ਦੀ ਪੇਸ਼ਕਸ਼ ਕਰ ਰਹੀ ਹੈ। ਜੇਕਰ ਸਰਕਾਰ ਦੀ ਬਦਨੀਤੀ ਨਾਂ ਹੁੰਦੀ ਤਾਂ ਉਹ ਕਾਲੇ ਕਨੂੰਨ ਵਾਪਿਸ ਲੈਣ ਦਾ ਐਲਾਣ ਕਰ ਦੇਂਦੀ। ਸਰਕਾਰ ਸਿਰਫ ਸਾਜਿਸ਼ਾਂ ਦੀ ਖਿਚੜੀ ਪਕਾ ਰਹੀ ਹੈ ਜਿਸ ਤੋਂ ਕਿਸਾਨ ਭਲੀ-ਭਾਂਤ ਵਾਕਿਫ ਹਨ।
ਕਿਸਾਨ ਨੇਤਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਹੋਰ ਤੇਜ ਹੋਵੇਗਾ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਸ਼ਮੂਲੀਅਤ ਕਰਨਗੇ। ਹਰ ਪਿੰਡ ਵਿੱਚੋਂ ਕਿਸਾਨਾਂ ਦੇ ਜਥੇ ਵਹੀਰਾਂ ਘੱਤ ਕੇ ਚੱਲ ਰਹੇ ਹਨ ਅਤੇ ਬਹੁਤ ਜਲਦੀ ਮੋਰਚਿਆਂ ਤੇ ਕਿਸਾਨਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ।
ਉਹਨਾਂ ਹੋਰ ਕਿਹਾ ਕਿ ਵੱਡੇ ਸੰਘਰਸ਼ ਦੇ ਬਾਵਜੂਦ ਕਿਸਾਨਾਂ ਵੱਲੋਂ ਦਿਖਾਈ ਜਾ ਰਹੀ ਸਦਭਾਵਨਾਂ ਨੇ ਨਵੀਂ ਮਿਸਾਲ ਪੈਦਾ ਕੀਤੀ ਹੈ ਜਿਸ ਤੋਂ ਸਰਕਾਰ ਨੂੰ ਵੀ ਸਬਕ ਲੈ ਲੈਣਾ ਚਾਹੀਦਾ ਹੈ ਹਠਧਰਮੀ ਛੱਡ ਕੇ ਕਾਲੇ ਕਾਨੂੰਨ ਵਾਪਿਸ ਲੈਣ ਵਿੱਚ ਹੋਰ ਦੇਰ ਨਹੀਂ ਕਰਨੀ ਚਾਹੀਦੀ। ਮਾਮਲਾ ਨਿਬੇੜਣ ਲਈ ਸਰਕਾਰ ਕੋਲ ਇਹੀ ਇੱਕ ਰਸਤਾ ਬਚਿਆ ਹੈ।
ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਕੌਮੀ ਜਨਰਲ ਸਕੱਤਰ ਸ. ਬਲਵੰਤ ਸਿੰਘ ਬਹਿਰਾਮਕੇ ਨੇ ਕਿਹਾ ਕਿ ਨੌਜੁਆਨਾਂ ਅਤੇ ਬੀਬੀਆਂ ਦੀ ਸ਼ਮੂਲੀਅਤ ਨੇ ਸੰਘਰਸ਼ ਨੂੰ ਨਵੀਂ ਸ਼ਕਤੀ ਦਿੱਤੀ ਹੈ। ਕਿਸਾਨਾਂ ਦੇ ਪੂਰੇ ਦੇ ਪੂਰੇ ਪਰਿਵਾਰ ਸੰਘਰਸ਼ ਵਿੱਚ ਪੁੱਜ ਰਹੇ ਹਨ। ਲੋਕਾਂ ਵਿੱਚ ਵੱਡਾ ਉਤਸ਼ਾਹ ਹੈ। ਸਿਰਫ ਕਿਸਾਨ ਹੀ ਨਹੀਂ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਨੇ ਕਿਸਾਨ ਸੰਘਰਸ਼ ਨੂੰ ਕੌਮੀ ਲੋਕ ਲਹਿਰ ਬਣਾ ਦਿੱਤਾ ਹੈ। ਸਰਕਾਰ ਨੂੰ ਕੰਧ ਤੇ ਲਿਖਿਆਂ ਪੜ੍ਹ ਲੈਣਾ ਚਾਹੀਦਾ ਹੈ ਅਤੇ ਅੜੀ ਛੱਡ ਤੇ ਜਿੰਨੀ ਜਲਦੀ ਹੋ ਸਕੇ ਕਾਲੇ ਕਾਨੂੰਨ ਵਾਪਿਸ ਲੈ ਲੈਣੇ ਚਾਹੀਦੇ ਹਨ।