ਸਿੰਘੂ ਬਾਰਡਰ, 17 ਫਰਵਰੀ 2021 - ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਦੋ ਬੰਦਿਆਂ ਨੂੰ ਫੜਿਆ ਹੈ। ਕਿਸਾਨਾਂ ਦੇ ਦੋਸ਼ ਨੇ ਕਿ ਦੋਹੇਂ ਜਣੇ ਮੋਰਚੇ ਬਾਰੇ ਝੂਠ ਪ੍ਰਚਾਰ ਕਰਨ ਲਈ ਵੀਡੀੳ ਰਿਪੋਰਟਾਂ ਬਣਾ ਰਹੇ ਸੀ। ਜਿੰਨ੍ਹਾਂ ਦੀ ਵ੍ਹਟਸਐਪ ਚੈਟਾਂ ਵੀ ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਜਨਤਕ ਕੀਤੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਕਤ ਬੰਦੇ ਜ਼ੀ ਮੀਡੀਆ ਤੋਂ ਨੇ ਅਤੇ ਉਹ ਮੋਰਚੇ ਬਾਰੇ ਝੂਠੀਆਂ ਵੀਡੀੳਜ਼ ਬਣਾ ਕੇ ਪੇਸ਼ ਕਰਨਾ ਚਾਹੁੰਦੇ ਸੀ।
ਮੀਡੀਆ ਅੱਗੇ ਦੋਹਾਂ 'ਚੋਂ ਇੱਕ ਨੇ ਬੋਲਦਿਆਂ ਕਿਹਾ ਕਿ ਉਹ ਇੱਕ ਯੂਟਿਊਬ ਚੈਨਲ ਲਈ ਕੰਮ ਕਰਦਾ ਜਿਸਦਾ ਨਾਂਅ ਜ਼ੀ ਹਿੰਦੁਸਤਾਨ ਹੈ। ਉਸਨੇ ਦੱਸਿਆ ਕਿ ਉਹ ਕੈਮਰਾਮੈਨ ਹੈ ਤੇ ਪੰਡਾਲ ਦੇ ਪਿਛਲੇ ਪਾਸਿਉਂ ਖਾਲੀ ਜਗ੍ਹਾ ਦੀ ਵੀਡੀੳ ਬਣਾ ਰਿਹਾ ਸੀ, ਜਿੱਥੇ ਉਸਨੂੰ ਫੜਿਆ ਗਿਆ।
ਦੂਸਰੇ ਪੱਤਰਕਾਰ ਨੇ ਕਿਹਾ ਕਿ ਉਹ ਸਿਰਫ ਇਹ ਦਿਖਾ ਰਹੇ ਸੀ ਕਿ ਮੋਰਚੇ 'ਚੋਂ ਲੋਕ ਘੱਟ ਕਿਉਂ ਰਹੇ ਨੇ। ਉਸਨੇ ਕਿਹਾ ਕਿ ਨੈਸ਼ਨਲ ਮੀਡੀਆ 'ਤੇ ਪਿਛਲੇ ਕਈ ਦਿਨਾਂ ਤੋਂ ਮੋਰਚੇ 'ਚ ਰਸ਼ ਘਟਣ ਦੀਆਂ ਖਬਰਾਂ ਚੱਲ ਰਹੀਆਂ ਨੇ ਤੇ ਜਿਸ ਕਰਕੇ ਉਹ ਵੀ ਇਹ ਕਵਰ ਕਰਨ ਆਏ ਸੀ। ਹਾਲਾਂਕਿ ਉਸਨੇ ਇਹ ਵੀ ਮੰਨਿਆ ਕਿ ਪੰਡਾਲ 'ਚ ਰਸ਼ ਬਹੁਤ ਜ਼ਿਆਦਾ ਸੀ ਪਰ ਉਹ ਖਾਲੀ ਜਗ੍ਹਾ ਨੂੰ ਕਵਰ ਕਰਨ ਹੀ ਆਏ ਸੀ।
ਕਿਸਾਨ ਆਗੂਆਂ ਨੇ ਦੋਹਾਂ ਪੱਤਰਕਾਰਾਂ ਦੀ ਵ੍ਹਟਸਐਪ ਚੈਟ ਬਾਰੇ ਖੁਲਾਸੇ ਕੀਤੇ ਕਿ ਦੋਹਾਂ ਆਪਸ 'ਚ ਗੱਲ ਕਰਦਿਆਂ 'ਕਾਂਡ' ਸ਼ਬਦ ਦੀ ਵਰਤੋਂ ਕਰ ਰਹੇ ਨੇ ਕਿ ਜੇ 'ਕਾਂਡ' ਹੋ ਗਿਆ ਤਾਂ ਨਿੱਕਲ ਜਾਈਂ। ਕਿਸਾਨ ਆਗੂਆਂ ਦਾ ਦਾਅਵਾ ਹੈ ਕਿ 'ਜ਼ੀ ਮੀਡੀਆ' ਹਮੇਸ਼ਾ ਝੂਠੀਆਂ ਖਬਰਾਂ ਲਾਉਂਦਾ ਰਿਹਾ ਹੈ ਤੇ ਇਸੇ ਕਰਕੇ ਹੁਣ ਵੀ ਇਹ ਪੱਤਰਕਾਰ ਮੋਰਚੇ ਬਾਰੇ ਝੂਠ ਪ੍ਰਚਾਰਣ ਲਈ ਹੀ ਇੱਥੇ ਆਏ ਸੀ।
ਵੀਡੀੳ ਹੇਠ ਦੇਖੋ: