ਮਨਿੰਦਰਜੀਤ ਸਿੱਧੂ
- ‘ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰਿ ਤਲੀ ਗਲੀ ਮੇਰੀ ਆਉ’ ਸ਼ਬਦ ਦਾ ਹੁੰਦਾ ਕਿਸਾਨੀ ਧਰਨਿਆਂ ਗਾਇਨ
ਸਿੰਘੂ ਬਾਰਡਰ, 4 ਦਸੰਬਰ 2020 - ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ਉੱਪਰ ਲਗਾਏ ਜਾ ਰਹੇ ਧਰਨਿਆਂ ਵਿੱਚ ਬੜਾ ਹੀ ਉਤਸ਼ਾਹਵਰਧਕ ਮਾਹੌਲ ਬਣਿਆ ਹੋਇਆ ਹੈ। ਕਿਸਾਨ ਆਤਮਿਕ ਬਲ ਲੈਣ ਲਈ ਸੁਭਾ ਸਵੇਰੇ ਗੁਰਬਾਣੀ ਦਾ ਪਾਠ ਕਰ ਅਤੇ ਸੁਣ ਰਹੇ ਹਨ। ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਉ ਦਾ ਨਿਰੰਤਰ ਹੁੰਦਾ ਗਾਇਨ ਕਿਸਾਨੀ ਅੰਦੋਲਨ ਨੂੰ ਹੋਰ ਬਲ ਬਖਸ਼ ਰਿਹਾ ਹੈ ਅਤੇ ਇੱਥੇ ਪਹੁੰਚਿਆ ਹਰ ਇੱਕ ਬਾਸ਼ਿੰਦਾ ਗੁਰਬਾਣੀ ਦੇ ਇਸ ਸ਼ਬਦ ਤੋਂ ਆਪਣੇ ਅੰਦਰ ਹੌਂਸਲਾ ਭਰ ਰਿਹਾ ਹੈ। ਇਸੇ ਤਰ੍ਹਾਂ ਸੂਰਜ ਦੇ ਚੜ੍ਹਦਿਆਂ ਹੀ ਇਨਕਲਾਬੀ ਗੀਤਾਂ ਦੀ ਝੜੀ ਲੱਗ ਜਾਂਦੀ ਹੈ। ਜਿਸ ਤਰ੍ਹਾਂ ਪੁਰਾਣੇ ਸਮਿਆਂ ਵਿੱਚ ਫੌਜਾਂ ਵਿੱਚ ਜੋਸ਼ ਭਰਨ ਲਈ ਢਾਡੀਆਂ ਦੀਆਂ ਵਾਰਾਂ ਸੁਣੀਆਂ ਅਤੇ ਸੁਣਾਈਆਂ ਜਾਂਦੀਆਂ ਸਨ, ਬਿਲਕੁਲ ਇਸੇ ਤਰ੍ਹਾਂ ਇਸ ਸ਼ਾਂਤੀਪੂਰਵਕ ਧਰਨੇ ਵਿੱਚ ਵੀ ਕਿਸਾਨਾਂ ਦਾ ਹੌਂਸਲਾ ਅਤੇ ਮਨੋਬਲ ਬਣਾਈ ਰੱਖਣ ਲਈ ਲਗਾਤਾਰ ਇਨਕਲਾਬੀ, ਦੇਸ਼ਭਗਤੀ ਅਤੇ ਕਿਸਾਨੀ ਨਾਲ ਜੁੜੇ ਗੀਤ ਚੱਲ ਰਹੇ ਹਨ ਅਤੇ ਕੋਈ ਢਹਿੰਦੀਆਂ ਕਲਾਵਾਂ ਵਾਲਾ ਬੰਦਾ ਵੀ ਅਜਿਹੇ ਮਾਹੌਲ ਵਿੱਚ ਆਪਣੇ ਆਪ ਚੜ੍ਹਦੀਆਂ ਕਲਾ ਵਿੱਚ ਹੋ ਜਾਂਦਾ ਹੈ।