ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 3 ਦਿਸੰਬਰ 2020 - ਜਿਸ ਅੰਦੋਲਨ ਨੂੰ ਆਮ ਲੋਕਾਂ ਅਤੇ ਸਥਾਨਕ ਲੋਕਾਂ ਦੀ ਹਮਾਇਤ ਹੋਵੇ ਅਤੇ ਅੰਦੋਲਨ ਸੱਚੇ ਮਕਸਦ ਲਈ ਹੋਵੇ ਉਸਦਾ ਕਾਮਯਾਬ ਹੋਣਾ ਤਹਿ ਹੁੰਦਾ ਹੈ।ਜਿੱਥੇ ਪੂਰੇ ਪੁਖਤਾ ਪ੍ਰਬੰਧਾਂ ਨਾਲ ਪੰਜਾਬ ਦੇ ਲੋਕ ਹਕੂਮਤਾਂ ਦੁਆਰਾ ਲਾਈਆਂ ਰੋਕਾਂ ਨੂੰ ਤਾਰ ਤਾਰ ਕਰਦੇ ਦਿੱਲੀ ਦੀ ਧਰਤੀ ਤੇ ਜਾ ਵਿਰਾਜੇ ਹਨ, ਉੱਥੇ ਸਥਾਨਕ ਲੋਕਾਂ ਦੁਆਰਾ ਵੀ ਬਾਹਾਂ ਖਿਲਾਰ ਕੇ ਪੰਜਾਬੀ ਭਰਾਵਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਘਰ ਆਏ ਮਹਿਮਾਨਾਂ ਦੀ ਹਰ ਟਹਿਲ ਸੇਵਾ ਕੀਤੀ ਜਾ ਰਹੀ ਹੈ।
ਸਰਦਾਰ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਅਖੰਡ ਕੀਰਤਨੀ ਜੱਥਾ ਦਿੱਲੀ ਵੱਲੋਂ ਚਾਹ ਪਾਣੀ, ਬਿਸਕੁਟ, ਬਰੈੱਡ, ਮੱਠੀਆਂ, ਰੋਟੀ ਆਦਿ ਦਾ ਅਟੁੱਟ ਲੰਗਰ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਜੱਥੇ ਵੱਲੋਂ ਵਿਲੱਖਣ ਪਹਿਲ ਕੀਤੀ ਗਈ ਕਿ ਨਿੱਤ ਵਰਤੋਂ ਦੀਆਂ ਚੀਜਾਂ ਜਿਵੇਂ ਸਾਬੁਣ, ਤੇਲ, ਦੰਦਾਂ ਵਾਲਾ ਬੁਰਸ, ਪੇਸਟ ਅਤੇ ਉਹ ਹਰ ਇੱਕ ਚੀਜ ਜਿਸਦੀ ਇੱਕ ਸਾਧਾਰਨ ਮਨੁੱਖ ਨੂੰ ਸੁਭਾ ਤੋਂ ਸ਼ਾਮ ਤੱਕ ਜਰੂਰਤ ਪੈਂਦੀ ਹੈ ਦਾ ਖੁੱਲ਼ਾ ਭੰਡਾਰਾ ਲਗਾਇਆ ਹੋਇਆ ਹੈ। ਕੋਈ ਵੀ ਵਿਅਕਤੀ ਆਪਣੀ ਲੋੜ ਅਨੁਸਾਰ ਇਹ ਵਸਤਾਂ ਲੈ ਕੇ ਵਰਤ ਸਕਦਾ ਹੈ। ਕਿਸਾਨਾਂ ਵੱਲੋਂ ਜੱਥੇ ਦੇ ਇਸ ਕੰਮ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ।