ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 5 ਦਸੰਬਰ 2020 - ਦੇਸ਼ ਭਰ ਦੇ ਕਿਸਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ ਸ਼ਾਂਤਮਈ ਕੀਤੇ ਜਾ ਰਹੇ ਅੰਦੋਲਨ ਦੀਆਂ ਬੜੀਆਂ ਵਿਲੱਖਣ ਅਤੇ ਦਿਲ ਨੂੰ ਟੁੰਬਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਲਗਾਤਾਰ ਅਟੁੱਟ ਲੰਗਰ ਵਰਤ ਰਹੇ ਹਨ। ਪੰਜਾਬ ਤੋਂ ਗਏ ਕਿਸਾਨ ਆਪਣੇ ਨਾਲ 6-6 ਮਹੀਨਿਆਂ ਦਾ ਰਾਸ਼ਨ ਪਾਣੀ ਲੈ ਕੇ ਗਏ ਹਨ, ਪਰ ਜੇ ਅਸਲ ਹਕੀਕਤ ਦੇਖੀਏ ਤਾਂ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਉੱਪਰ ਹਰਿਆਣੇ ਦੇ ਲੋਕਾਂ ਨੇ ਅਜੇ ਤੱਕ ਪੰਜਾਬ ਤੋਂ ਗਏ ਕਿਸਾਨਾਂ ਨੂੰ ਆਪਣਾ ਰਾਸ਼ਨ ਪਾਣੀ ਖੋਲ੍ਹਣ ਹੀ ਨਹੀਂ ਦਿੱਤਾ, ਕਿਉਂਕਿ ਹਰਿਆਣੇ ਦੇ ਲੋਕਾਂ ਵੱਲੋਂ ਆਉ ਭਗਤ ਕਰਦਿਆਂ ਬਹੁਤ ਵੱਡੇ ਲੰਗਰ ਚਲਾਏ ਜਾ ਰਹੇ ਹਨ। ਆਮ ਲੋਕਾਂ ਤੋਂ ਇਲਾਵਾ ਕੁੱਝ ਕੰਪਨੀਆਂ ਵੀ ਇਸ ਸੰਘਰਸ਼ ਵਿੱਚ ਕਿਸਾਨਾਂ ਦੇ ਹੱਕ ਵਿੱਚ ਉੱਤਰ ਆਈਆਂ ਹਨ। ਚਾਹ ਨਾਲ ਖਾਧੇ ਜਾਣ ਵਾਲੇ ‘ਰਸ’ ਬਣਾਉਣ ਵਾਲੀ ਕੰਪਨੀ ‘ਮਾਰੀਓ’ ਵੱਲੋਂ ਸਿੰਘੂ ਬਾਰਡਰ ਉੱਪਰ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸੇਵਾ ਵਿੱਚ 1000 ਪੇਟੀਆਂ ‘ਰਸਾਂ’ ਦੀਆਂ ਭੇਂਟ ਕੀਤੀਆਂ ਗਈਆਂ, ਜਿਸਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।