- ਟਰਾਲੀ ਨਾਲ ਲਮਕਾਏ ਦਰਜਨਾਂ ਐਕਸਟੈਨਸ਼ਨ ਕਾਰਡ, ਸੈਂਕੜੇ ਪਲੱਗ
ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 7 ਦਿਸੰਬਰ, 2020 - ਸਿੰਘੂ ਬਾਰਡਰ ਉੱਪਰ ਡਟੇ ਕਿਸਾਨ ਡਟੇ ਹੋਏ ਹਨ। ਸੰਘਰਸ਼ੀ ਲੋਕਾਂ ਅਤੇ ਸਥਾਨਕ ਲੋਕਾਂ ਦੁਆਰਾ ਕੀਤੇ ਪ੍ਰਬੰਧਾਂ ਦੀ ਅੰਤਰਰਾਸ਼ਟਰੀ ਪੱਧਰ ਤੱਕ ਚਰਚਾ ਹੋ ਰਹੀ ਹੈ।ਅਣਗਿਣਤ ਲੰਗਰ ਚੱਲ ਰਹੇ ਹਨ।ਮਿਨਰਲ ਵਾਟਰ ਦੀਆਂ ਬੋਤਲਾਂ ਦੇ ਅੰਬਾਰ ਲੱਗੇ ਹੋਏ ਹਨ। ਦੁੱਧ, ਲੱਸੀ, ਘਿਉ ਦੀਆਂ ਨਦੀਆਂ ਵਗ ਰਹੀਆਂ ਹਨ।ਵੱੱਖ-ਵੱਖ ਪਕਵਾਨਾਂ ਦੇ ਅਥਾਹ ਲੰਗਰ ਚੱਲ ਰਹੇ ਹਨ।ਕੁੱਝ ਲੋਕਾਂ ਨੂੰ ਇਹਨਾਂ ਧਰਨਿਆਂ ਵਿੱਚ ਪਹੁੰਚਣ ਵਾਲੇ ਲੋਕਾਂ ਲਈ ਟਰੈਕਟਰਾਂ ਵਿੱਚ ਮੁਫਤ ਡੀਜਲ ਪਾਉਣ ਦੀ ਖਬਰਾਂ ਆ ਰਹੀਆਂ ਹਨ।ਸਿੰਘੂ ਮੋਰਚੇ ਵਿੱਚ ਜਿੱਥੇ ਆਥਣ ਵੇਲੇ ਠੰਡ ਤੋਂ ਬਚਾਅ ਲਈ ਦਾਨੀਆਂ ਵੱਲੋਂ ਕੰਬਲ ਅਤੇ ਜੈਕਟਾਂ ਵੰਡੀਆਂ ਜਾਂਦੀ ਹਨ।
ਇੱਕ ਸਭ ਤੋਂ ਵਿਲੱਖਣ ਚੀਜ ਜੋ ਸਿੰਘੂ ਬਾਰਡਰ ਉੱਪਰ ਚੱਲ ਰਹੇ ਇਸ ਮੋਰਚੇ ਵਿੱਚ ਦਿਖੀ ਉਹ ਇਹ ਕਿ ਕਿਸਾਨਾਂ ਵੱਲੋਂ ਟਰੈਕਟਰ ਦੀ ਬੈਟਰੀ ਨਾਲ ਜੋੜਕੇ ਇੱਕ ਵੱਡਾ ‘ਚਾਰਜਿੰਗ ਗਰਿੱਡ’ ਬਣਾਇਆ ਗਿਆ ਹੈ, ਜਿਸ ਵਿੱਚ ਕੋਈ ਵੀ ਵਿਅਕਤੀ ਆਪਣਾ ਮੋਬਾਈਲ ਚਾਰਜ ਕਰ ਸਕਦਾ ਹੈ। ਇੱਕ ਵਾਰ ਦੇ ਵਿੱਚ ਸੈਂਕੜੇ ਮੋਬਾਇਲ ਚਾਰਜ ਕਰਨ ਦਾ ਇਹ ਜੁਗਾੜ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ।
ਇਸ ਸਾਰੇ ਪ੍ਰਬੰਧ ਤੋਂ ਇਹ ਸਹਿਜ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਕਿਸਾਨ ਕਿੰਨੀ ਜਿਆਦਾ ਤਿਆਰੀ ਨਾਲ ਇਸ ਮੋਰਚੇ ਵਿੱਚ ਅੱਪੜੇ ਹਨ, ਕਿਉਂਕਿ ਅੱਜ ਦੇ ਸਮੇਂ ਵਿੱਚ ਮੋਬਾਇਲ ਹਰ ਇੱਕ ਕੋਲ ਹੈ ਅਤੇ ਇਸ ਨੂੰ ਚਾਰਜਿੰਗ ਕਰਨਾ ਵੀ ਵੱਡੀ ਲੋੜ ਹੈ।ਜਿੱਥੇ ਕਿਸਾਨਾਂ ਦੀ ਐਡੀ ਵੱਡੀ ਤਿਆਰੀ ਹੋਵੇ ਅਤੇ ਏਨੀਆਂ ਬਾਰੀਕਿਆਂ ਨਾਲ ਕਮਰਕੱਸੇ ਕੀਤੇ ਹੋਣ, ਉੱਥੇ ਉਹਨਾਂ ਦਾ ਹੌਂਸਲਾ ਅਤੇ ਮਨੋਬਲ ਤੋੜਨਾ ਸੌਖਾ ਨਹੀਂ।