ਅਸ਼ੋਕ ਵਰਮਾ
ਬਠਿੰਡਾ,14ਦਸੰਬਰ2020:ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ‘ਤੇ ਆਧਾਰਿਤ ‘ਸੰਯੁਕਤ ਕਿਸਾਨ ਮੋਰਚੇ‘ ਦੇ ਸਮੂਹ ਜਿਲ੍ਹਾ ਕੇਂਦਰਾਂ ਤੇ ਧਰਨੇ ਰੋਸ ਮੁਜਾਹਰੇ ਕਰਨ ਦੇ ਸੱਦੇ ‘ਤੇ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਅੱਗੇ ਹਜਾਰਾਂ ਦੀ ਤਾਦਾਦ ’ਚ ਇਕੱਤਰ ਹੋਏ ਲੋਕਾਂ ਨੇ ਮੋਦੀ ਸਰਕਾਰ ਤੋਂ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ। ਇਸ ਮੌਕੇ ਅੰਬਾਨੀਆਂ,ਅਡਾਨੀਆਂ ਨੂੰ ਮੋਦੀ ਸਰਕਾਰ ਦੇ ਚਹੇਤੇ ਕਰਾਰ ਦਿੰਦਿਆਂ ਕਾਰਪੋਰੇਟ ਘਰਾਣਿਆਂ ਦੇ ਉਤਪਾਦ ਅਤੇ ਆਰਐਸਐਸ ਦੇ ਇਸ਼ਾਰੇ ਤੇ ਕਿਸਾਨਾਂ ਦੀ ਪੈਲੀਆਂ ਲੁੱਟਣ ਦੀਆਂ ਬਣਤਾਂ ਬਨਾਉਣ ਵਾਲੀ ਭਾਰਤੀ ਜੰਤਾ ਪਾਰਟੀ ਦੇ ਬਾਈਕਾਟ ਦਾ ਸੱਦਾ ਦਿੱਤਾ। ਅੱਜ ਕਿਸਾਨ, ਮਜਦੂਰ, ਮੁਲਾਜ਼ਮ ਜੱਥੇਬੰਦੀਆਂ, ਪੈਨਸ਼ਨਰਜ਼ ਐਸੋਸਿਏਸ਼ਨ, ਸਮਾਜਿਕ ਸੰਸਥਾਵਾਂ ਦੇ ਕਾਰਕੁੰਨਾਂ ਵੱਲੋਂ ਦਿੱਤੇ ਰੋਹ ਭਰਪੂਰ ਧਰਨੇ ਦੌਰਾਨ ਮੰਗਾਂ ਨਾ ਮੰਨਣ ਦੀ ਸੂਰਤ ’ਚ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਗਈ।
ਇਸ ਮੌਕੇ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜਨਤਕ ਆਗੂਆਂ ਨੇ ਸਮੁੱਚੇ ਮਿਹਨਤਕਸ਼ ਵਰਗਾਂ ਦੇ ਸਰਗਰਮ ਸਹਿਯੋਗ ਸਦਕਾ ਲੋਕ ਯੁੱਧ ਦਾ ਰੂਪ ਧਾਰਨ ਕਰ ਚੁੱਕੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਪ੍ਰਤੀ ਮੋਦੀ ਸਰਕਾਰ ਵੱਲੋਂ ਅਪਣਾਈ ਗਈ ਮੁਜਰਮਾਨਾ ਪਹੁੰਚ ਦੀ ਜੋਰਦਾਰ ਨਿਖੇਧੀ ਕੀਤੀ। ਉਹਨਾਂ ਆਖਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦਾ ਅੰਨਦਾਤਾ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ-ਰਾਤ ਅੰਦੋਲਨ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਇਸ ਨੂੰ ਅੱਖੋਂ ਪਰੋਖੇ ਕਰਕੇ ਦੇਸ਼ ਨੂੰ ਅਣਜਾਣੇ ਖਤਰੇ ਵੱਲ ਧੱਕ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਪੰਜਾਬ ਦੀ ਸ਼ਮੂਲੀਅਤ ਸਭ ਤੋਂ ਵੱਧ ਹੈ ਪਰ ਜਿਵੇਂ ਜਿਵੇ ਭਾਜਪਾ ਦੀ ਮੋਦੀ ਸਰਕਾਰ ਇਸ ਨੂੰ ਲਟਕਾ ਰਹੀ ਹੈ ਉਸ ਨੂੰ ਦੇਖਦਿਆਂ ਦੇਸ਼ ਭਰ ਦੇ ਕਿਸਾਨ ਦਿੱਲੀ ਮੋਰਚੇ ’ਚ ਸ਼ਾਮਲ ਹੋ ਰਹੇ ਹਨ।
ਉਹਨਾਂ ਕਿਹਾ ਕਿ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਅੰਦੋਲਨ ਵਿੱਚ ਸਿਰਫ ਕਿਸਾਨ ਹੀ ਨਹੀ, ਸਗੋਂ ਉਹਨਾਂ ਦੇ ਪਰਿਵਾਰ ਵੀ ਕੜਾਕੇ ਦੀ ਠੰਢ ਵਿਚ ਸੜਕਾਂ ’ਤੇ ਬੈਠੇ ਹਨ ਤੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਵੱਲੋਂ ਵੀ ਵੀ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮੋਦੀ ਸਰਕਾਰ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ, ਅੰਦੋਲਨ ਵਿੱਚ ਫੁੱਟ ਪਾਉਣ ਅਤੇ ਜਾਬਰ ਹਥਕੰਡੇ ਅਪਨਾਉਣ ਤੋਂ ਬਾਜ ਆਵੇ ਨਹੀਂ ਤਾਂ ਕੇਂਦਰ ਸਰਕਾਰ, ਆਰ ਐਸ ਐਸ ਅਤੇ ਭਾਜਪਾ ਨੂੰ ਇਸ ਦੀ ਵੱਡੀ ਕੀਮਤ ਅਦਾ ਕਰਨੀ ਪਵੇਗੀ।ਆਗੂਆਂ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਮੋਦੀ ਦੇ ਚਹੇਤੇ ਅਡਾਨੀ-ਅੰਬਾਨੀ ਤੇ ਹੋਰ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਉਤਪਾਦਾਂ ਅਤੇ ਭਾਜਪਾ ਆਗੂਆਂ ਦਾ ਸਮਾਜਕ ਬਾਈਕਾਟ ਕਰਨ।
ਇਹਨਾਂ ਆਗੂਆਂ ਨੇ ਸੰਬੋਧਨ ਕੀਤਾ
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ’ਚ ਹਰਵਿੰਦਰ ਸਿੰਘ ਫਰੀਦਕੋਟ ਕੋਟਲੀ, ਸੁਖਦਰਸ਼ਨ ਸਿੰਘ ਖੇਮੂੰਆਣਾ, ਮਹੀਪਾਲ, ਸੁਰਮੁਖ ਸਿੰਘ ਸੇਲਬਰਾਹ, ਜਸਵੀਰ ਸਿੰਘ ਸੀਰਾ, ਹਰਵਿੰਦਰ ਸਿੰਘ ਸੇਮਾ, ਅਮਰਜੀਤ ਸਿੰਘ ਹਨੀ, ਤਾਰਾ ਸਿੰਘ ਨੰਦਗੜ ਕੋਟੜਾ, ਪਰਕਾਸ਼ ਸਿੰਘ ਨੰਦਗੜ, ਮੇਘ ਸਿੰਘ ਸਿੱਧੂ, ਗੁਰਸੇਵਕ ਸਿੰਘ ਸੰਧੂ, ਗਗਨਦੀਪ ਭੁੱਲਰ, ਦਰਸ਼ਨ ਸਿੰਘ ਮੌੜ, ਸੁਰੰਜਨਾ ਰਾਣੀ, ਕਿਸ਼ੋਰ ਚੰਦ ਗਾਜ, ਨਗਿੰਦਰ ਪਾਲ, ਡਾਕਟਰ ਅਜੀਤ ਪਾਲ ਸਿੰਘ, ਗੁਰਦੇਵ ਸਿੰਘ ਬਾਂਡੀ, ਗੁਰਦੇਵ ਸਿੰਘ, ਕੁਸ਼ਲ ਭੌਰਾ,ਹਰਮੇਲ ਸਿੰਘ ਪੂਹਲਾ, ਮੱਖਣ ਸਿੰਘ ਖਣਗਵਾਲ, ਰਣਜੀਤ ਸਿੰਘ ਤੂੂਰ, ਮੁਖਤਿਆਰ ਕੌਰ ਅਤੇ ਮੇਜਰ ਸਿੰਘ ਦਾਦੂ ਸ਼ਾਮਲ ਸਨ।
ਇਹਨਾਂ ਜੱਥੇਬੰਦੀਆਂ ਨੇ ਕੀਤੀ ਸ਼ਮੂਲੀਅਤ
ਅੱਜ ਦੇ ਰੋਸ ਐਕਸ਼ਨ ਵਿੱਚ ਬੀਕੇਯੂ ਡਕੌਂਦਾ, ਬੀਕੇਯੂ ਸਿੱਧੂਪੁਰ, ਜਮਹੂਰੀ ਕਿਸਾਨ ਸਭਾ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਬੀਕੇਯੂ ਮਾਨਸਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਮਜਦੂਰ ਮੁਕਤੀ ਮੋਰਚਾ ਪੰਜਾਬ, ਪੰਜਾਬ ਸਟੇਟ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ , ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ, ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਟੀਐਸਯੂ ਸਰਕਲ ਬਠਿੰਡਾ,ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ, ਪਾਵਰਕਾਮ ਪੈਨਸ਼ਨਰਜ਼ ਐਸੋਸਿਏਸ਼ਨ, ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ , ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ, ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ, ਬਾਬਾ ਵਿਸ਼ਵਕਰਮਾ ਕਾਰਪੇਂਟਰ ਵੈਲਫੇਅਰ ਸੁਸਾਇਟੀ, ਇਨਕਲਾਬੀ ਨੌਜਵਾਨ ਸਭਾ, ਟੀਐਸਯੂ ਥਰਮਲ ਲਹਿਰਾ ਮੁਹੱਬਤ ਤੇ ਬਠਿੰਡਾ, ਬਾਬਾ ਨਾਮਦੇਵ ਸਭਾ , ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ, ਆਸ ਵੈਲਫੇਅਰ ਸੁਸਾਇਟੀ, ਸੀਟੂ, ਪੰਜਾਬ ਨਿਰਮਾਣ ਮਜਦੂਰ ਯੂਨੀਅਨ, ਡੈਮੋਕਰੇਟਿਕ ਮੁਲਾਜ਼ਮ ਫਰੰਟ, ਜਮਹੂਰੀ ਅਧਿਕਾਰ ਸਭਾ, ਦੀ ਰੈਵੀਨਿਊ ਕਾਨੂੰਨਗੋ ਐਸੋਸਿਏਸ਼ਨ ਪੰਜਾਬ, ਸੀਵਰੇਜ ਇੰਪਲਾਈਜ਼ ਯੂਨੀਅਨ, ਆਲ ਇੰਡੀਆ ਕਿਸਾਨ ਸਭਾ,ਪੈਨਸ਼ਨਰਜ਼ ਯੂਨੀਅਨ ਖੇਤੀਬਾੜੀ ਤੇ ਬਾਗਬਾਨੀ ਵਿਭਾਗ ਪੰਜਾਬ ਅਤੇ ਪੰਜਾਬ ਇਸਤਰੀ ਸਭਾ ਆਦਿ ਜੱਥੇਬੰਦੀਆਂ ਨੇ ਧਰਨੇ ’ਚ ਸ਼ਮੂਲੀਅਤ ਕੀਤੀ