ਅੰਮ੍ਰਿਤਸਰ/ ਗਾਜ਼ੀਪੁਰ ਦਿਲੀ ਬਾਰਡਰ 2020 - ਦਮਦਮੀ ਟਕਸਾਲ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੇ ਕਿਹਾ ਕਿ ਭਾਰਤ ਦਾ ਕਿਸਾਨ ਜਾਗਰੂਕ ਹੋ ਚੁੱਕਿਆ ਹੈ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਸਿਰ ਥੋਪ ਕੇ ਇਨ੍ਹਾਂ ਨੂੰ ਘਸਿਆਰਾ ਬਣਾਉਣ ਦੀਆਂ ਸਾਜ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ। ਭਾਈ ਅਭਿਆਸੀ ਦਿਲੀ ਗਾਜ਼ੀਪੁਰ ਬਾਰਡਰ ’ਤੇ ਲੱਗੇ ਕਿਸਾਨ ਮੋਰਚੇ ਵਿਚ ਹਾਜ਼ਰੀ ਲਵਾ ਰਹੇ ਸਨ ਨੇ ਸਟੇਜ ਤੋਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੇ ਹੱਕ ਲਈ ਲਗਾਏ ਗਏ ਸ਼ਾਂਤਮਈ ਅਤੇ ਵਿਉਂਤਬੱਧ ਮੋਰਚੇ ਦੀ ਚਾਰੇ ਪਾਸੇ ਚਰਚਾ ਅਤੇ ਤਾਰੀਫ਼ ਹੋ ਰਹੀ ਹੈ। ਦੇਸ਼ ਦਾ ਹਰ ਨਾਗਰਿਕ ਅਤੇ ਵਿਦੇਸ਼ਾਂ ਤੋਂ ਵੀ ਕਿਸਾਨੀ ਮੋਰਚੇ ਦੀ ਹਮਾਇਤ ’ਚ ਆਵਾਜ਼ਾਂ ਬੁਲੰਦ ਹੋ ਰਹੀਆਂ ਹਨ।
ਸਰਚਾਂਦ ਸਿੰਘ ਵੱਲੋਂ ਦਿੱਤੀ ਜਾਣਕਾਰੀ ’ਚ ਭਾਈ ਅਭਿਆਸੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਲੋਕ ਭਲਾਈ ਅਤੇ ਨਿਆਂ ਲਈ ਲੜਾਈ ਸ਼ੁਰੂ ਹੁੰਦੀ ਆਈ ਹੈ ਅਤੇ ਸੰਸਾਰ ਭਾਰ ’ਚ ਫੈਲਦੀ ਰਹੀ ਹੈ। ਅੱਜ ਵੀ ਕਿਸਾਨਾਂ ਦਾ ਮਹਾਂ ਸੰਘਰਸ਼ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਜੋ ਕਿ ਹਿੰਦੁਸਤਾਨ ਭਰ ਦੇ ਲੋਕਾਂ ਵੱਲੋਂ ਕਿਸਾਨੀ ਦੇ ਹੱਕ ’ਚ ਸੜਕਾਂ ’ਤੇ ਉਤਰ ਨਾਲ ਇਹ ਸਫਲਤਾ ਦੇ ਮੁਕਾਮ ਵਲ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਖੇਤੀ ਕਾਨੂੰਨਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਚਾਹੁੰਦੀ ਹੈ ਕਿ ਕਿਸਾਨੀ ਨੂੰ ਅੰਬਾਨੀ ਅਦਾਨੀ ਦੇ ਹੱਥ ਸੌਂਪਦਿਆਂ ਘਸਿਆਰਾ ਬਣਾ ਦਿੱਤਾ ਜਾਵੇ, ਤਾਂ ਕਿ ਇਹ ਸਾਡੇ ਅੱਗੇ ਖੜ ਨਾ ਸਕਣ। ਉਨ੍ਹਾਂ ਕਿਹਾ ਕਿ ਕਿਸਾਨ ਜਾਗਰੂਕ ਹੈ ਅਤੇ ਈਸਟ ਇੰਡੀਆ ਕੰਪਨੀ ਵਾਲੀ ਕਹਾਣੀ ਦੁਹਰਾਉਣ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਮੋਦੀ ਦੇ ਮੰਤਰੀ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਇਸ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ ਹੋਣ ਬਾਰੇ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸਾਨੀ ਸੰਘਰਸ਼ ਦੀ ਕਾਮਯਾਬੀ ਦੇਖ ਸਰਕਾਰ ਤੇ ਪ੍ਰਸ਼ਾਸਨ ਦੀ ਵੀ ਨੀਂਦ ਉੱਡ ਗਈ ਹੈ।
ਹਾਲਾਂਕਿ ਅਜੇ ਤੱਕ ਲੱਖਾਂ ਕਿਸਾਨਾਂ ਤੇ ਆਮ ਲੋਕਾਂ ਦੀ ਸ਼ਮੂਲੀਅਤ ਵਾਲਾ ਮੋਰਚਾ ਸ਼ਾਂਤੀਪੂਰਨ ਚੱਲ ਰਿਹਾ ਹੈ | ਹਜ਼ਾਰਾਂ ਕਿਸਾਨ ਲਗਾਤਾਰ ਦਿੱਲੀ ਵੱਲ ਕੂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ ਉਹ ਕਾਨੂੰਨ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਮੋਦੀ ਦਾ ਚੋਣ ਵਾਅਦਾ ਕਿਸਾਨਾਂ ਲਈ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ ਦਾ ਸੀ ਪਰ ਕਾਨੂੰਨ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਅਤੇ ਕਿਸਾਨੀ ਦੇ ਵਿਰੋਧ ’ਚ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਪੰਗਾ ਸਰਕਾਰ ਲਈ ਲਾਹੇਵੰਦ ਨਹੀਂ ਹੋਵੇਗਾ। ਇਸ ਮੌਕੇ ਭਾਈ ਅਭਿਆਸੀ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨਾਲ ਵੀ ਮੁਲਾਕਾਤ ਕੀਤੀ ਅਤੇ ਦਿਨ ਰਾਤ ਲੰਗਰ ਸੇਵਾ ਰਾਹੀਂ ਮੋਰਚੇ ’ਚ ਯੋਗਦਾਨ ਪਾ ਰਹੇ ਬਾਬਾ ਗੁਰਨਾਮ ਸਿੰਘ ਮਹਿੰਗਾਪੁਰ, ਬਾਬਾ ਮੋਹਨ ਸਿੰਘ ਹਜ਼ੂਰ ਸਾਹਿਬ, ਬਾਬਾ ਜਗਾ ਸਿੰਘ ਕਾਰਸੇਵਾ ਭੂਰੀ ਸਾਹਿਬ, ਬਾਬਾ ਅਮਰ ਸਿੰਘ ਗੁਰੂ ਕੇ ਬਾਗ ਆਗਰਾ, ਬਾਬਾ ਜੋਗਿੰਦਰ ਸਿੰਘ ਕਾਰਸੇਵਾ ਵਾਲਿਆਂ ਦੇ ਲੰਗਰ ਅਸਥਾਨਾਂ ਦਾ ਵੀ ਦੌਰਾ ਕਰਦਿਆਂ ਕਿਸਾਨੀ ਮੋਰਚੇ ਬਾਰੇ ਵਿਚਾਰਾਂ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਸ: ਬਰਿਜਪਾਲ ਸਿੰਘ ਮੋਕਪੁਰ ਇੰਨਜਾਰਚ ਯੂਪੀ ਸਿਖ ਮਿਸ਼ਨ ਹਾਪੜ, ਸਤਬੀਰ ਸਿੰਘ ਯਾਦਵ, ਗੁਰਚਰਨ ਸਿੰਘ ਬਾਈ, ਤੇ ਸਤਨਾਮ ਸਿੰਘ ਆਦਿ ਵੀ ਮੌਜੂਦ ਸਨ।