ਮਨਿੰਦਰਜੀਤ ਸਿੱਧੂ
ਜੈਤੋ, 16 ਦਸੰਬਰ, 2020 - ਦਿੱਲੀ ਦਾ ਕਿਸਾਨੀ ਘੋਲ ਜਿਸ ਸੰਜਮ, ਸਹਿਜ, ਰਣਨੀਤੀ, ਬਹਾਦਰੀ ਅਤੇ ਸ਼ਾਂਤਮਈ ਤਰੀਕੇ ਨਾਲ ਲੜਿਆ ਜਾ ਰਿਹਾ ਹੈ ਇਹ ਗੱਲ ਤੈਅ ਹੈ ਕਿ ਇਹ ਜਰੂਰ ਨਵਾਂ ਇਤਿਹਾਸ ਸਿਰਜੇਗਾ ਅਤੇ 1906 ਵਿੱਚ ਸਰਦਾਰ ਅਜੀਤ ਸਿੰਘ ਹੁਰਾਂ ਦੀ ਅਗਵਾਈ ਵਿੱਚ ਲੜੇ ਗਏ ਕਿਸਾਨ ਸੰਘਰਸ਼ ‘ਪਗੜੀ ਸੰਭਾਲ ਜੱਟਾ’ ਦੀਆਂ ਪੈੜਾਂ ਨੱਪੇਗਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂ ਅੰਗਰੇਜ ਬਰਾੜ ਉਕੰਦਵਾਲਾ ਨੇ ਕੀਤਾ। ਪੜ੍ਹੇ ਲਿਖੇ ਅਤੇ ਸੂਝਵਾਨ ਆਗੂ ਅੰਗਰੇਜ ਬਰਾੜ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਲਾਲਾ ਲਾਜਪਤ ਰਾਏ ਉੱਪਰ 1928 ਵਿੱਚ ਸਾਈਮਨ ਕਮਿਸ਼ਨ ਦਾ ਵਿਰੋਧ ਕਰਦਿਆਂ ਵਰ੍ਹਾਈਆਂ ਗਈਆਂ ਡਾਂਗਾਂ ਅੰਗਰੇਜੀ ਰਾਜ ਦੇ ਕਫਨ ਵਿੱਚ ਆਖਰੀ ਕਿੱਲ ਸਾਬਤ ਹੋਈਆਂ ਸਨ ਉਸੇ ਤਰ੍ਹਾਂ ਸੱਤਾ ਦੀ ਹੈਂਕੜ ਵਿੱਚ ਚੂਰ ਅਤੇ ਕਾਰਪੋਰੇਟਾਂ ਦੀ ਗੁਲਾਮ ਬਣ ਚੁੱਕੀ ਭਾਜਪਾ ਸਰਕਾਰ ਦਾ ਭੋਗ ਪੈਣ ਦਾ ਕਾਰਨ ਇਹ ਦੇਸ਼ ਵਿਆਪੀ ਕਿਸਾਨ ਅੰਦੋਲਨ ਹੀ ਬਣੇਗਾ।
ਉਹਨਾਂ ਦੱਸਿਆ ਕਿ ਇਹ ਅੰਦੋਲਨ ਕਿਸਾਨ ਯੂਨੀਅਨ ਦੇ ਨੇਤਾਵਾਂ ਦੀ ਅਗਵਾਈ ਵਿੱਚ ਬਾਖੂਬੀ ਲੜਿਆ ਜਾ ਰਿਹਾ ਹੈ ਅਤੇ ਘਰਾਂ ਵਿੱੱਚ ਮੋਬਾਈਲਾਂ ਅਤੇ ਟੈਲੀਵਿਜ਼ਨ ਉੱਪਰ ਸੰਘਰਸ਼ ਦੀਆਂ ਖਬਰਾਂ ਦੇਖ ਰਹੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।ਕਿਸਾਨ ਜੱਥੇਬੰਦੀਆਂ ਦੇ ਆਗੂ ਬਹੁਤ ਹੀ ਪੜ੍ਹੇ-ਲਿਖੇ ਅਤੇ ਤਜਰਬੇਕਾਰ ਵਿਅਕਤੀ ਹਨ ਜਿੰਨ੍ਹਾਂ ਨੇ ਆਪਣੀਆਂ ਜਿੰਦਗੀਆਂ ਲੋਕ ਸੰਘਰਸ਼ਾਂ ਨੂੰ ਅਰਪਣ ਕੀਤੀਆਂ ਹੋਈਆਂ ਹਨ।ਬਿਨਾਂ ਨਾਂ ਲੈਂਦਿਆਂ ਕੁੱਝ ਅਦਾਕਾਰਾਂ ਅਤੇ ਅਖੌਤੀ ਸਮਾਜਸੇਵੀਆਂ ਉੱਪਰ ਵਰ੍ਹਦਿਆਂ ਉਹਨਾਂ ਕਿਹਾ ਕਿ ਇਹ ਲੋਕ ਕਿਸਾਨੀ ਸੰਘਰਸ਼ ਚੋਂ ਭਵਿੱਖ ਲਈ ਮੌਕਿਆਂ ਦੀ ਭਾਲ ਕਰ ਰਹੇ ਹਨ ਅਤੇ ਹਰ ਰੋਜ ਫੇਸਬੁੱਕ ਉੱਪਰ ਲਾਈਵ ਹੋ ਕੇ ਪੰਜਾਬ ਦੀ ਜਵਾਨੀ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਵਿੱਚ ਹਨ।ਉਹਨਾਂ ਕਿਹਾ ਕਿ ਮੇਰੀ ਅਪੀਲ ਹੈ ਕਿ ਸਿਰਫ ਕਿਸਾਨ ਜੱਥੇਬੰਦੀਆਂ ਦੇ ਲੀਡਰਾਂ ਉੱਪਰ ਵਿਸ਼ਵਾਸ ਰੱਖੋ ਅਤੇ ਏਕਤਾ ਬਣਾਈ ਰੱਖੋ।ਸਾਡੀ ਜਿੱਤ ਯਕੀਨਨ ਹੈ।