ਅਸ਼ੋਕ ਵਰਮਾ
- ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਮੋਰਚਾ 19ਵੇਂ ਦਿਨ ’ਚ
ਨਵੀਂ ਦਿੱਲੀ, 16 ਦਸੰਬਰ 2020 - ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਅੱਜ ਰਿਲਾਇੰਸ ਜੀਓ ਦੇ ਸਿਮ ਸਾੜਕੇ ਕਾਰਪੋਰੇਟ ਘਰਾਣਿਆਂ ਦੇ ਉਤਪਾਦਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ। ਅੱਜ ਦਿਨ ਚੜਦਿਆਂ ਹੀ ਕਿਸਾਨ ਇਕੱਠੇ ਹੋਏ ਅਤੇ ਜੋਰਦਾਰ ਨਾਅਰੇਬਾਜੀ ਦੌਰਾਨ ਮੋਬਾਇਲ ਸਿੰਮ ਸਾੜੇ। ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਦੇਸ਼ ਦੀ ਰਾਜਨੀਤੀ ਨੇ ਜਿਆਦਾਤਰ ਕੰਮ ਕਾਰਪੋਰੇਟ ਘਰਾਣਿਆਂ ਹਵਾਲੇ ਵੀ ਕਰ ਦਿੱਤੇ ਹਨ ਪਰ ਖੇਤੀ ਕਾਨੂੰਨਾਂ ਤੋਂ ਬਾਅਦ ਬਣੇ ਹਾਲਾਤਾਂ ਤੋਂ ਜਾਪਦਾ ਹੈ ਕਿ ਮੋਦੀ ਹਕੂਮਤ ਨੂੰ ਅੰਬਾਨੀ ਅਤੇ ਅਡਾਨੀ ਦੀ ਜੋੜੀ ਹੀ ਚਲਾ ਰਹੀ ਹੈ ਜਿਸ ਕਰਕੇ ਇਹਨਾਂ ਧਨਾਢਾਂ ਦੀ ਹੋਰ ਲੁੱਟ ਤੋਂ ਬਚਾਉਣ ਲਈ ਇਹ ਫੈਸਲਾ ਲੈਣਾ ਪਿਆ ਹੈ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਰਨਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਸਿੰਘੂ ਕੁੰਡਲੀ ਬਾਰਡਰ ਨੇ ਅੱਜ ਰਿਲਾਇੰਸ ਜੀਓ ਦੇ ਸਿੰਮ ਅਤੇ ਅੰਬਾਨੀ ਅਡਾਨੀ ਦੇ ਕੱਟ ਆਉਟ ਸਾੜਕੇ ਇਹਨਾਂ ਦੇ ਉਤਪਾਦਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਕਾਰਪੋਰੇਟ ਘਰਾਣਿਆਂ ਦੇ ਉਤਪਾਦ ਜਿਵੇਂ ਰਿਲਾਇੰਸ ਦੇ ਮੋਬਾਇਲ,ਸਿੰਮ ਅਤੇ ਪੈਟਰੋਲ ਪੰਪਾਂ ਸਮੇਤ ਹਰ ਵਸਤਾਂ ਦਾ ਬਾਈਕਾਟ ਅਤੇ ਇਹਨਾਂ ਨੂੰ ਹਰਾਉਣ ’ਚ ਕਾਮਯਾਬ ਰਹੇ ਤਾਂ ਖੇਤੀ ਕਾਨੂੰਨ ਵਾਪਿਸ ਕਰਵਾਉਣਾ ਅਸਾਨ ਰਹਾਂਗੇ। ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਵਲੋਂ ਗੁਜਰਾਤ ਵਿੱਚ ਦਿੱਤੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ ਕਿ ਜੇ ਕੋਈ ਡੇਅਰੀ ਵਾਲਾ ਦੁੱਧ ਲੈਣ ਦਾ ਸਮਝੌਤਾ ਕਰਦਾ ਹੈ ਤਾਂ ਗਾਂ,ਮੱਝ ਤਾਂ ਨਹੀਂ ਲੈ ਜਾਂਦਾ।
ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਹ ਕਿਉਂ ਨਹੀਂ ਦੱਸਦੇ ਕਿ ਮੱਛੀ ਪਾਲਣ, ਡੇਅਰੀ ਫਾਰਮ,ਸ਼ਹਿਦ ਕਿੱਤਾ, ਪੋਲਟਰੀ ਫਾਰਮ ਵਾਲੇ ਕਿਸਾਨ ਕਰਜ਼ਾਈ ਕਿਉਂ ਹਨ । ਉਹਨਾਂ ਕਿਹਾ ਕਿ ਉਹ ਕਿਹੜਾ ਕਰਜਾ ਮੁਕਤ ਹਨ ਅਤੇ ਉਹਨਾਂ ਦੇ ਸਿਰ ਵੀ ਕਰਜਾ ਮੌਜੂਦ ਹੈ। ਪ੍ਰਧਾਨ ਮੰਤਰੀ ਇਸ ਗੱਲ ਤੋਂ ਵੀ ਦੇਸ਼ ਨੂੰ ਗੁੰਮਰਾਹ ਕਰਦੇ ਹਨ ਕਿ ਕਿਸਾਨਾਂ ਨੂੰ ਫ਼ਸਲ ਵੇਚਣ ਦੀ ਆਜ਼ਾਦੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਲ 1977 ’ਚ ਕਾਨੂੰਨ ਪਾਸ ਹੋ ਗਿਆ ਸੀ ਕਿ ਕਿਸਾਨ ਆਪਣੀ ਫਸਲਾਂ ਕਿਤੇ ਵੀ ਵੇਚ ਸਕਦਾ ਪਰ ਇਸ ਦਾ ਆਮ ਕਿਸਾਨਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੋਇਆ ਹੈ।
ਉਹਨਾਂ ਦੋਸ਼ ਲਾਇਆ ਕਿ ਅਸਲ ’ਚ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਛੋਟਾਂ ਦਿੱਤੀਆਂ ਹਨ ਕਿ ਉਹ ਕਿਤੋਂ ਵੀ ਖੀਰਦੇ ਅਤੇ ਕਿਸੇ ਵੀ ਥਾਂ ਵੇਚ ਸਕਦੇ ਹਨ ਕਿਸਾਨਾਂ ਦਾ ਤਾਂ ਨਾਂ ਤਾਂ ਗੁਮਰਾਹਕੁੰਨ ਪ੍ਰਚਾਰ ਵਜੋਂ ਲਿਆ ਜਾ ਰਿਹਾ ਹੈ। ਜਥੇਬੰਦੀ ਦੇ ਆਗੂਆਂ ਨੇ ਕਰਨਾਲ ਅਤੇ ਬਨੂਰ- ਲਾਂਡਰਾਂ ਹਾਦਸਿਆਂ ਵਿੱਚ ਮਾਰੇ ਗਏ 4 ਕਿਸਾਨਾਂ ਲਾਭ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਅਤੇ ਦੀਪ ਸਿੰਘ ਸਮੇਤ ਇਸ ਘੋਲ ਵਿੱਚ ਸ਼ਹੀਦ ਹੋਏ ਅਨੇਕਾਂ ਯੋਧਿਆਂ ਦੇ ਪਰਿਵਾਰਾਂ ਨਾਲ ਅਫਸੋਸ ਜਾਹਰ ਕੀਤਾ। ਆਗੂਆਂ ਨੇ ਕਿਹਾ ਕਿ ਦਿੱਲੀ ਕੂਚ ਵਾਸਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ ਅਗਲਾ ਵੱਡਾ ਜਥਾ 25 ਦਸੰਬਰ ਨੂੰ ਗੁਰਦਾਸਪੁਰ ਤੋਂ ਰਵਾਨਾ ਹੋਵੇਗਾ।
ਉਹਨਾਂ ਕਿਹਾ ਕਿ ਇਸ ਦੀਆਂ ਤਿਆਰੀਆਂ ਲਈ ਕਿਸਾਨਾਂ ਮਜ਼ਦੂਰਾਂ ਨੂੰ ਵੱਡੀ ਪੱਧਰ ’ਤੇ ਹੋਰ ਫੰਡ ਅਤੇ ਲੋਕ ਤਾਕਤ ਇਕੱਠੀ ਕਰਨ ਦੀ ਜ਼ਰੂਰਤ ਪੈਣੀ ਹੈ। ਇਸ ਮੋਰਚੇ ਨੂੰ ਪਰਮਜੀਤ ਸਿੰਘ ਮੱਧ ਪ੍ਰਦੇਸ਼, ਸਤਵੀਰ ਸਿੰਘ ਗੰਗਾਨਗਰ, ਅਕਬਰ ਅਲੀ ਤਾਮਿਲਨਾਡੂ, ਰਣਜੀਤ ਸਿੰਘ ਕਲੇਰਬਾਲਾ, ਬਾਜ ਸਿੰਘ ਸਾਰੰਗੜਾ, ਦਿਆਲ ਸਿੰਘ ਮੀਆਂਵਿੰਡ, ਇਕਬਾਲ ਸਿੰਘ ਵੜਿੰਗ, ਸਲਵਿੰਦਰ ਸਿੰਘ ਜਾਣੀਆ, ਗੁਰਮੇਲ ਸਿੰਘ ਰੇੜਵਾਂ ,ਸਤਨਾਮ ਸਿੰਘ ਭੁਲੱਥ, ਹਰਬੰਸ ਸਿੰਘ ਮੋਗਾ, ਗੁਰਬਖ਼ਸ ਸਿੰਘ ਫਾਜ਼ਿਲਕਾ, ਇੰਦਰਜੀਤ ਸਿੰਘ ਕੱਲੀਵਾਲਾ, ਰਣਬੀਰ ਸਿੰਘ ਰਾਣਾ, ਸਾਹਿਬ ਸਿੰਘ ਦੀਨੇਕੇ, ਬਲਜਿੰਦਰ ਤਲਵੰਡੀ ਅਤੇ ਅਮਨਦੀਪ ਸਿੰਘ ਕੱਚਰ ਭੰਨ ਨੇ ਵੀ ਸੰਬੋਧਨ ਕੀਤਾ।