ਚੰਡੀਗੜ੍ਹ, 16 ਦਸੰਬਰ 2020 - ਨੌਜੁਆਨਾਂ ਦੀ ਭਰਪੂਰ ਸ਼ਮੂਲੀਅਤ ਨੇ ਕਿਸਾਨ ਅੰਦੋਲਨ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਹੈ ਅਤੇ ਕਿਸਾਨ ਸਿਧਾਂਤਿਕ ਤੌਰ 'ਤੇ ਇਹ ਇਤਿਹਾਸਿਕ ਸੰਘਰਸ਼ ਜਿੱਤ ਚੁੱਕੇ ਹਨ ਪਰ ਹੁਣ ਮੁਕੰਮਲ ਫ਼ਤਹਿ ਹਾਸਲ ਕਰਨ ਲਈ ਹੋਸ਼ ਤੇ ਜੋਸ਼ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੱਭ ਤੋਂ ਛੋਟੀ ਉਮਰ ਦੇ ਨੌਜੁਵਾਨ ਪ੍ਰਧਾਨ ਸ. ਫੁਰਮਾਨ ਸਿੰਘ ਸੰਧੂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਸੰਦਰਭ ਵਿੱਚ ਬੋਲਦਿਆਂ ਕੀਤਾ।
ਨੌਜਵਾਨ ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਸੰਘਰਸ਼ ਵਿੱਚ ਜਿਸ ਤਰ੍ਹਾਂ ਦੇ ਜ਼ਾਬਤੇ, ਆਪਸੀ ਸਦਭਾਵਨਾਂ ਅਤੇ ਏਕੇ ਦਾ ਸਬੂਤ ਦਿੱਤਾ ਜਾ ਰਿਹਾ ਹੈ ਉਸ ਦੀ ਮਿਸਾਲ ਦੁਨੀਆਂ 'ਚ ਕਿਤੇ ਨਹੀਂ ਮਿਲਦੀ।ਕਿਸਾਨ ਅੰਦੋਲਨ ਦਾ ਕਿਸੇ ਵੀ ਤਰ੍ਹਾਂ ਦੀ ਸਿਆਸੀ ਸਰਪ੍ਰਸਤੀ ਤੋਂ ਬਗੈਰ ਏਨੀ ਵੱਡੀ ਲੋਕ ਲਹਿਰ ਵਿੱਚ ਤਬਦੀਲ ਹੋ ਜਾਣਾ ਵੀ ਬੇਮਿਸਾਲ ਹੈ ਅਤੇ ਇਸ ਦਾ ਸਿਹਰਾ ਜਿੱਥੇ ਸੂਝਵਾਨ ਕਿਸਾਨ ਲੀਡਰਸ਼ਿਪ ਨੂੰ ਜਾਂਦਾ ਹੈ ਉਥੇ ਇਹ ਮੁਕਾਮ ਹਾਸਲ ਕਰਨ ਵਿੱਚ ਨੌਜਵਾਨਾਂ ਦੀ ਵੀ ਵੱਡੀ ਭੂਮਿਕਾ ਹੈ।ਇਹ ਵਿਲੱਖਣਤਾਵਾਂ ਨੇ ਕਿਸਾਨ ਅੰਦੋਲਨ ਨੂੰ ਹੁਣ ਤੱਕ ਦੀ ਸੱਭ ਤੋਂ ਪ੍ਰਭਾਵਸ਼ਾਲੀ ਲੋਕ ਲਹਿਰ ਬਣਾ ਦਿੱਤਾ ਹੈ।ਕੇਂਦਰ ਸਰਕਾਰ ਨੂੰ ਹੁਣ ਤੱਕ ਇਸ ਸ਼ਾਂਤਮਈ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਕੋਈ ਕਮਜ਼ੋਰੀ ਜਾਂ ਸੁਰਾਖ਼ ਨਹੀਂ ਮਿਲਿਆ, ਜਿਸ ਕਾਰਨ ਹੈਂਕੜਬਾਜ਼ ਸਰਕਾਰ ਦਬਾਅ ਵਿੱਚ ਆ ਗਈ ਹੈ ਅਤੇ ਕਾਮਯਾਬ ਸੰਘਰਸ਼ ਨੂੰ ਢਾਹ ਲਾਉਣ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ।
ਨੌਜਵਾਨ ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਨੂੰ ਮਾਓਵਾਦੀ, ਵੱਖਵਾਦੀ ਤੇ ਅੱਤਵਾਦੀ ਕਹਿਣਾ ਸਰਕਾਰ ਦੀ ਚਾਲ ਹੈ ਅਤੇ ਸਾਨੂੰ ਖ਼ਦਸ਼ਾ ਹੈ ਕਿ ਸਰਕਾਰ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਲਈ ਕੋਈ ਹੋਰ ਵੀ ਕੋਝੀ ਚਾਲ ਚੱਲ ਸਕਦੀ ਹੈ।ਸ. ਸੰਧੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਇਸ ਅੰਦੋਲਨ ਨੂੰ ਕਾਮਯਾਬ ਕਰਨ ਵਿੱਚ ਵੱਡੀ ਭੂਮਿਕਾ ਹੋਵੇਗੀ, ਇਸ ਲਈ ਉਹ ਕਿਸਾਨ ਸੰਘਰਸ਼ ਨੂੰ ਅਗਵਾਈ ਦੇ ਰਹੇ ਕੇਂਦਰੀ ਕਿਸਾਨ ਆਗੂਆਂ ਦੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਭੜਕਾਊ ਗੱਲਾਂ ਜਾਂ ਗੁੰਮਰਾਹਕੁੰਨ ਪ੍ਰਚਾਰ ਤੋਂ ਚੌਕਸ ਰਹਿਣ।ਉਨ੍ਹਾਂ ਸੰਘਰਸ਼ ਦੀ ਕਾਮਯਾਬੀ ਲਈ ਸੰਜਮ ਤੋਂ ਕੰਮ ਲੈਣ ਦੀ ਲੋੜ 'ਤੇ ਜ਼ੋਰ ਦਿੱਤਾ।
ਇਸ ਮੌਕੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਸ. ਬਲਵੰਤ ਸਿੰਘ ਬਰਾਹਮਕੇ ਨੇ ਕਿਹਾ ਕਿ ਅਸੀਂ ਸੰਘਰਸ਼ ਦੇ ਅੰਤਿਮ ਪੜਾਅ ਵਿੱਚ ਸ਼ਾਮਿਲ ਹੋ ਚੁੱਕੇ ਹਾਂ। ਕੇਂਦਰ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੋ ਗਿਆ ਪਰ ਭਾਜਪਾ ਲੀਡਰਸ਼ਿਪ ਦੀ ਹੈਕੜਬਾਜ਼ੀ ਦਾ ਗੁਮਾਨ ਟੁੱਟਣਾ ਬਾਕੀ ਰਹਿ ਗਿਆ ਹੈ।ਕਿਸਾਨ ਲਹਿਰ ਦੀ ਇਤਿਹਾਸਕ ਕਾਮਯਾਬੀ ਤੋਂ ਸਰਕਾਰ ਤਿਲਮਿਲਾ ਚੁੱਕੀ ਹੈ।ਕੋਝੇ ਹੱਥਕੰਡਿਆਂ ਦੀ ਰਾਜਨੀਤੀ ਕਿਸੇ ਵੀ ਹੁਕਮਰਾਨ ਦੀ ਆਖਰੀ ਚਾਲ ਹੁੰਦੀ ਹੈ।ਕਿਸਾਨ ਨੇਤਾ ਨੇ ਕਿਹਾ ਕਿ ਅਸੀਂ ਸਿਧਾਂਤਿਕ ਤੌਰ 'ਤੇ ਇਹ ਲੜਾਈ ਜਿੱਤ ਚੁੱਕੇ ਹਾਂ ਪਰ ਆਖਰੀ ਐਲਾਨ ਹੋਣ ਤੱਕ ਸਾਨੂੰ ਸਬਰ ਅਤੇ ਸੰਜ਼ਮ ਰੱਖ ਕੇ ਸੰਘਰਸ਼ ਨੂੰ ਪ੍ਰਚੰਡ ਕਰਨਾ ਹੋਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਿੰਦਰ ਸਿੰਘ ਸਭਰਾ ਮੀਤ ਪ੍ਰਧਾਨ ਪੰਜਾਬ, ਸਾਰਜ ਸਿੰਘ ਰਿੱਕਾ, ਬਖ਼ਸ਼ੀਸ਼ ਸਿੰਘ ਰਾਮਗੜ੍ਹ, ਜਗਤਾਰ ਸਿੰਘ ਜੱਲੇਵਾਲਾ ਪ੍ਰਚਾਰ ਸਕੱੰਤਰ ਪੰਜਾਬ, ਹਰਜੀਤ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਗਜੀਤ ਸਿੰਘ ਜੱਗੀ, ਸ਼ੇਰ ਸਿੰਘ ਖੰਭੇ, ਸੁੱਖਾ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ ਆਦਿ ਹਾਜ਼ਰ ਸਨ।