ਅਸ਼ੋਕ ਵਰਮਾ
- ਗਿਆਰਾਂ ਹਜਾਰ ਰੁ. ਦੀ ਸਹਾਇਤਾ ਰਾਸ਼ੀ ਭੇਂਟ ਕੀਤੀ
ਬਰਨਾਲਾ 17 ਦਸੰਬਰ 2020 - ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ 78 ਵੇਂ ਦਿਨ ਹੱਡ ਚੀਰਵੀਂ ਠੰਡ ਦੇ ਬਾਵਜੂਦ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਸਮੇਤ ਅੱਜ ਸਰਹੱਦਾਂ ਦੀ ਰਾਖੀ ਲਈ ਤਾਇਨਾਤ ਰਹੇ ਇੰਡੀਅਨ ਐਕਸ-ਸਰਵਿਸਮੈਨ ਲੀਗ ਦੀ ਅਗਵਾਈ ਵਿੱਚ ਸਾਬਕਾ ਫੌਜੀਆਂ ਨੇ ਵੱਡੇ ਕਾਫਲੇ ਸਮੇਤ ਸ਼ਮੂਲੀਅਤ ਕੀਤੀ । ਇਸ ਮੌਕੇ ਇੲਨਾਂ ਸਾਬਕਾ ਫੌਜੀਆਂ ਨੇ ਸੰਘਰਸ਼ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਗਿਆਰਾਂ ਹਜਾਰ ਰੁ. ਦੀ ਸਹਾਇਤਾ ਰਾਸ਼ੀ ਵੀ ਸੰਚਾਲਨ ਕਮੇਟੀ ਨੂੰ ਸੌਂਪੀ। ਸੰਚਾਲਨ ਕਮੇਟੀ ਨੇ ਜਵਾਨੀ ਸਰਹੱਦਾਂ ਦੀ ਰਾਖੀ ਲਾਉਣ ਵਲੇ ਯੋਧਿਆਂ ਦਾ ਆਪਣਾ ਸਮਾਜਿਕ ਫਰਜ ਪਹਿਚਾਨਣ ਬਦਲੇ ਸ਼ੁਕਰੀਆਂ ਅਦਾ ਕਰਦਿਆਂ ਉਮੀਦ ਜਾਹਰ ਕੀਤੀ ਕਿ ਆਉੁਣ ਵਾਲੇ ਸਮੇਂ ਵਿੱਚ ਇਸ ਤਰਾਂ ਸਮਾਜ ਦੇ ਸਭਨਾਂ ਵਰਗਾਂ ਦਾ ਵਡਮੁੱਲਾ ਸਹਿਯੋਗ ਰਹੇਗਾ।
ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਕਰਨੈਲ ਸਿੰਘ ਗਾਂਧੀ , ਖੁਸ਼ੀਆ ਸਿੰਘ, ਬਿੱਕਰ ਸਿੰਘ ਔਲਖ, ਉਜਾਗਰ ਸਿੰਘ ਬੀਹਲਾ, ਕੈਪਟਨ ਗੁਰਦਰਸ਼ਨ ਸਿੰਘ ਬਰਨਾਲਾ, ਕੈਪਟਨ ਗੁਰਮੇਲ ਸਿੰਘ ਸੋਹੀ ਜਰਨੈਲ ਸਿੰਘ ਸਹਿਜੜਾ, ਅਮਰਜੀਤ ਸਿੰਘ ਤਲਵੰਡੀ ਆਦਿ ਨੇ ਕਿਹਾ ਕਿ ਜਦ ਤੋਂ ਮੋਦੀ ਸਰਕਾਰ ਨੇ ਇਹ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਲਾਗੂ ਕੀਤੇ ਹਨ, ਕਿਸਾਨ ਜਥੇਬੰਦੀਆਂ ਦੇ ਸਾਂਝੇ ਪਾੜਾਅਵਾਰ ਸੰਘਰਸ਼ ਤੋਂ ਬਾਅਦ ਹੁਣ26ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਉਂ ਘੇਰ ਲਿਆ ਹੈ। ਉਹਨਾਂ ਆਖਿਆ ਕਿ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਲੁਟੇਰਾ ਪ੍ਰਬੰਧ ਹਰ ਰੋਜ ਹਾਦਸਿਆਂ ਅਤੇ ਬਿਮਾਰੀ ਰਾਹੀਂ ਕਿਸਾਨਾਂ ਦਾ ਕਤਲ ਕਰ ਰਿਹਾ ਹੈ । ਉਹਨਾਂ ਆਖਿਆ ਕਿ ਕੜਾਕੇ ਦੀ ਠੰਡ ਅਤੇ ਲੋੜੀਆਂ ਸਿਹਤ ਸਹੂਲਤਾਂ ਦੀ ਘਾਟ ਕਾਰਨ ਵੱਡੀ ਗਿਣਤੀ ਵਿੱਚ ਕਿਸਾਨ ਬਿਮਾਰ ਹੋ ਰਹੇ ਹਨ ਫਿਰ ਵੀ ਮੋਦੀ ਹਕੂਮਤ ਦਾ ਕਿਸਾਨਾਂ ਪ੍ਰਤੀ ਅਜਿਹਾ ਵਤੀਰਾ ਗੁੱਸੇ ਨੂੰ ਹੋਰ ਜਰਬਾਂ ਦੇ ਰਿਹਾ ਹੈ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰੀ ਹਕੂਮਤ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਨਵੀਆਂ ਤੋਂ ਨਵੀਆਂ ਘਟੀਆਂ ਸਜਿਸ਼ਾਂ ਰਚਕੇ ਫੁੱਟ ਪਾਉਣ ਅਤੇ ਧਿਆਨ ਬੁਨਿਆਦੀ ਮੁੱਦਿਆਂ ਤੋਂ ਭਟਕਾਉਣ ਦੀਆਂ ਕੁਚਾਲਾਂ ਚੱਲ ਰਹੀ ਹੈ। ਇੱਕ ਪਾਸੇ ਕੇਂਦਰੀ ਹਕੂਮਤ ਸੰਯੁਕਤ ਕਿਸਾਨ ਮੋਰਚਾ ਨੂੰ ਇਨਾਂ ਤਿੰਨੇ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਦੀਆਂ ਤਜਵੀਜਾਂ ਭੇਜੀਆਂ ਜਾ ਰਹੀਆਂ ਹਨ, ਦੂਜੇ ਪਾਸੇ ਪ੍ਰਧਾਨ ਮੰਤਰੀ ਤੋਂ ਲੈਕੇ ਸਾਰੀ ਕੇਂਦਰੀ ਕੈਬਨਿਟ ਇਨਾਂ ਖੇਤੀ ਸਮੇਤ ਪੇਂਡੂ ਅਤੇ ਸ਼ਹਿਰੀ ਅਰਥਚਾਰੇ ਨੂੰ ਤਬਾਹਕਰੂ ਕਾਨੂੰਨਾਂ ਨੂੰ ਕ੍ਰਾਂਤੀਕਾਰੀ ਦੱਸੇਕੇ ਗੋਦੀ ਮੋਡੀਆ ਦੀ ਬੇਦਰੇਗ ਵਰਤੋਂ ਕਰ ਰਿਹਾ ਹੈ। ਸਾਂਝੇ ਕਿਸਾਨ ਮੋਰਚੇ ਨੂੰ ਮਿਲ ਰਹੀ ਵਿਸ਼ਾਲ ਲੋਕਾਈ ਦੀ ਹਮਾਇਤ ਤੋਂ ਘਬਰਾਈ ਮੋਦੀ ਹਕੂਮਤ ਸਾਂਝੇ ਕਿਸਾਨ(ਲੋਕ) ਸੰਘਰਸ਼ ਵਿੱਚ ਸ਼ਾਮਿਲ ਹੋ ਰਹੀ ਇੱਕ ਤੋਂ ਬਾਅਦ ਦੂਜੀ ਧਿਰ ਨੂੰ ਅੱਤਵਾਦੀ, ਮਾਓਵਾਦੀ, ਸ਼ਹਿਰੀ ਨਕਸਲ ,ਖਾਲਿਸਤਾਨੀ ਆਖਕੇ ਹਊਆ ਖੜਾ ਕਰਕੇ ਲੋਕ ਮਨਾਂ ਨੂੰ ਦਹਿਸ਼ਤਜਦਾ ਕਰਨ ਦੀਆਂ ਸਾਜਿਸ਼ਾਂ ਰਚ ਰਹੀ ਹੈ।
ਆਗੂਆਂ ਨੇ ਕਿਹਾ ਕਿ ਛੇ ਮਹੀਨਿਆਂ ਤੋਂ ਵੀ ਵਧੇਰੇ ਸਮੇਂ ਤੋਂ ਪੜਾਅਵਾਰ ਅਤੇ ਵੀਹ ਦਿਨਾਂ ਤੋਂ ਵਧੇਰੇ ਸਮੇਂ ਤੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਟਿਕਰੀ , ਸਿੰਘੂ ਤੋਂ ਬਾਅਦ ਗਾਜੀਆਬਾਦ, ਜੈਪੁਰ, ਨੋਇਡਾ ਬਾਰਡਰਾਂ ਉੱਪਰ ਲੱਖਾਂ ਦੀ ਤਾਦਾਦ ਵਿੱਚ ਮੋਦੀ ਹਕੂਮਤ ਦੀ ਧੌਣ ਤੇ ਗੋਡਾ ਰੱਖੀ ਬੈਠੇ ਲੱਖਾਂ ਕਿਸਾਨਾਂ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਲੋਕ ਏਕਤਾ ਦੇ ਹੜ ਰਾਹੀਂ ਭਾਂਜ ਦੇ ਰਹੀ ਹੈ। ਹਕੂਮਤੀ ਕੂੜ ਪਰਚਾਰ ਦੇ ਬਾਵਜੂਦ ਵੀ ਸਿੰਘੂ, ਟਿੱਕਰੀ,ਗਾਜੀਆਬਾਦ, ਜੈਪੁਰ ਅਤੇ ਨੋਇਡਾ ਬਾਰਡਰ ਉੱਪਰ ਕਿਸਾਨ ਕਾਫਲੇ ਲਗਤਾਰ ਵਧ ਰਹੇ ਹਨ ਜੋਕਿ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਇਹ ਤਿੰਨੋਂ ਬਿਲ ਵਾਪਸ ਲੈਣ ਲਈ ਮਜਬੂਰ ਕਰਨਗੇ।
ਬੁਲਾਰਿਆਂ ਨੇ 20 ਦਸੰਬਰ ਨੂੰ ਸਾਂਝੇ ਕਿਸਾਨੀ ਘੋਲ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਜਾਣ ਸ਼ਹੀਦੀ ਸਮਾਗਮਾਂ ਵਿੱਚ ਵੱਡੇ ਇਕੱਠ ਕਰਨ ਦਾ ਸੱਦਾ ਦਿੱਤਾ ਤਾਂ ਜੋ ਸ਼ਹੀਦਾਂ ਦੇ ਅਧੂਰੇ ਕਾਜ ਨੂੰ ਅੱਗੇ ਤੋਰਨ/ਪੂਰੇ ਕਰਨ ਦਾ ਪ੍ਰਣ ਕੀਤਾ ਜਾ ਸਕੇ। ਓਧਰ ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ ਤੇ ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਮੇਜਰ ਸਿੰਘ ਸੰਘੇੜਾ, ਗੁਰਮੇਲ ਸਿੰਘ ਠੁੱਲੀਵਾਲ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਚਰਨਜੀਤ ਕੌਰ, ਪਰਮਜੀਤ ਕੌਰ ਠੀਕਰੀਵਾਲ, ਗੁਰਮੇਲ ਸ਼ਰਮਾ ਆਦਿ ਬੁਲਾਰਿਆਂ ਨੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਲਈ ਹੋਰ ਵੱਧ ਮਜਬੂਤੀ ਨਾਲ ਅੱਗੇ ਆਉਣ ਦੀ ਅਪੀਲ ਕੀਤੀ।