ਅਸ਼ੋਕ ਵਰਮਾ
ਬਠਿੰਡਾ,17 ਦਸੰਬਰ2020: ਕੇਂਦਰ ਦੀ ਮੋਦੀ ਸਰਕਾਰ ਵੱਲੋ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਮੋਰਚੇ ਕਾਰਨ ਬਠਿੰਡਾ ਅਤੇ ਮਾਨਸਾ ਦੇ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ। ਇਹਨਾਂ ਚੋਂ ਇੱਕ ਕਿਸਾਨ ਦਿਲ ਦਾ ਦੌਰਾ ਪੈਣ ਕਾਰਨ ਚੱਲ ਵਸਿਆ ਜਦੋਂ ਕਿ ਦੂਸਰਾ ਹਾਦਸੇ ਦਾ ਸ਼ਿਕਾਰ ਹੋ ਗਿਆ। ਕਿਸਾਨ ਜੱਥੇਬੰਦੀਆਂ ਨੇ ਦੋਵਾਂ ਕਿਸਾਨਾਂ ਨੂੰ ਸ਼ਹੀਦ ਐਲਾਨਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾ ਕਿਸਾਨ ਜਿਲਾ ਬਠਿੰਡਾ ਦੇ ਪਿੰਡ ਤੁੰਗਵਾਲੀ ਦਾ ਨੌਜਵਾਨ ਜੈ ਸਿੰਘ (37) ਹੈ। ਮਿ੍ਰਤਕ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕੇ ਜੈ ਸਿੰਘ ਆਪਣੇ ਵੱਡੇ ਭਰਾ ਸੁਖਵਿੰਦਰ ਸਿੰਘ ਸਮੇਤ 13 ਦੰਸਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਦੇ ਪ੍ਰਧਾਨ ਅਮਰਜੀਤ ਸਿੰਘ ਭੋਲੂ ਦੀ ਅਗਵਾਈ ਵਿੱਚ ਦਿੱਲੀ ਦੇ ਟਿਕਰੀ ਬਾਰਡਰ ਤੇ ਗਿਆ ਹੋਇਆ ਸੀ।
ਉਹਨਾਂ ਦੱਸਿਆ ਕਿ ਅੱਜ ਸਵੇਰੇ 4 ਵਜੇ ਦੇ ਕਰੀਬ ਜੈ ਸਿੰਘ ਨੂੰ ਦਿਲ ਦਾ ਦੌਰਾ ਪਿਆ ਜੋ ਜਾਨਲੇਵਾ ਸਾਬਤ ਹੋਇਆ । ਮਿ੍ਰਤਕ ਆਪਣੇ ਪਿੱਛੇ ਪਤਨੀ ਕੁਲਵਿੰਦਰ ਕੌਰ, ਦੋ ਬੇਟੀਆਂ ਅਨਮੋਲ ਰਤਨ ਕੌਰ (14), ਹਰਮਨਜੀਤ ਕੌਰ (12) ਅਤੇ ਪੁੱਤਰ ਅਰਮਾਨਜੋਤ ਸਿੰਘ ਨੂੰ ਛੱਡ ਗਿਆ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੇ ਸਿਰ 8 ਲੱਖ ਰੁਪਏ ਕਰਜਾ ਹੈ। ਇਸ ਤੋਂ ਇਲਾਵਾ ਸੱਤ ਲੱਖ ਰੁਪਏ ਬੈਂਕ ਕਰਜਾ ਸੀ ਜੋ ਪਿਛਲੇ ਮਹੀਨੇ ਹੀ ਆਪਣੀ ਇੱਕ ਏਕੜ ਜਮੀਨ ਵੇਚਕੇ ਉਤਾਰਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੰੁਗਵਾਲੀ ਨੇ ਮਿ੍ਰਤਕ ਦੇ ਪਰਿਵਾਰ ਲਈ ਸਰਕਾਰ ਤੋਂ ਇੱਕ ਕਰੋੜ ਰੁਪਏ ਮੁਆਵਜਾ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
ਇਸੇ ਤਰਾਂ ਹੀ ਮਾਨਸਾ ਜਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਜਤਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਲਾਲੀ ਜੈਲਦਾਰ ਦੀ ਸੜਕ ਹਾਦਸੇ ’ਚ ਮੌਤ ਹੋਈ ਹੈ। ਜਤਿੰਦਰ ਸਿੰਘ ਦਾ ਕਰੀਬ 27 ਦਿਨ ਪਹਿਲਾਂ ਹੀ ਝੰਡੂਕੇ ਵਿਖੇ ਵਿਆਹ ਹੋਇਆ ਸੀ। ਜਾਣਕਾਰੀ ਅਨੁਸਾਰ ਬੱੁਧਵਾਰ ਨੂੰ ਸ਼ਾਮ ਆਪਣੇ ਨਵੇਂ ਟਰੈਕਟਰ ਰਾਹੀਂ ਵੱਡੀ ਗਿਣਤੀ ਕਿਸਾਨ ਸਾਥੀਆਂ ਨਾਲ ਦਿੱਲੀ ਮੋਰਚੇ ’ਚ ਜਾ ਰਿਹਾ ਸੀ। ਇਸੇ ਦੌਰਾਨ ਕਰੀਬ 11ਵਜੇ ਦੇਰ ਰਾਤ ਹਿਸਾਰ ਨੇੜੇ ਟਰੈਕਟਰ ਦੇ ਕਰੰਟ ਛੱਡ ਜਾਣ ਮਗਰੋਂ ਜਦੋਂ ਉਹ ਦੇਖਣ ਲਈ ਹੇਠਾਂ ਉੱਤਰਿਆ ਤਾਂ ਧੁੰਦ ਕਾਰਨ ਪਿੱਛੋਂ ਆ ਰਿਹਾ ਤੇਜ਼ ਕੈਂਟਰ ਪਿੱਛੇ ਵੱਜਣ ਕਾਰਨ ਉਸਦੀ ਮੌਤ ਹੋ ਗਈ। ਇਹ ਕਿਸਾਨ ਕੁੱਝ ਦਿਨ ਪਹਿਲਾਂ ਹੀ ਦਸ ਦਿਨ ਦਿੱਲੀ ਦੇ ਧਰਨੇ ਤੇ ਲਗਾ ਕੇ ਆਇਆ ਸੀ ਅਤੇ ਹੁਣ ਦੁਬਾਰਾ ਜਾ ਰਿਹਾ ਸੀ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਮਿ੍ਰਤਕ ਕਿਸਾਨ ਦਾ ਅੰਤਿਮ ਸਸਕਾਰ ਉਸ ਦੇ ਵੱਡੇ ਭਰਾ ਦੇ ਵਿਦੇਸ਼ ਤੋਂ ਵਾਪਿਸ ਆਉਣ ਮਗਰੋਂ ਕੀਤਾ ਜਾਵੇਗਾ।