ਨਵੀਂ ਦਿੱਲੀ, 18 ਦਸੰਬਰ 2020 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਰਾਏਸਨ ਵਿੱਚ ਕਿਸਾਨ ਭਲਾਈ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮੋਦੀ ਵਲੋਂ ਖੇਤੀ ਕਾਨੂੰਨਾਂ ਦੇ ਹੱਕ 'ਚ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਵਿਰੋਧੀ ਧਿਰਾਂ ਨੂੰ ਕਿਸਾਨਾਂ ਨੂੰ ਨਾ ਵਰਗਲਾਉਣ ਤੇ ਨਾ ਹੀ ਭਰਮ ਫੈਲਾਉਣ। ਉਨ੍ਹਾਂ ਨੇ ਕਿਹਾ ਕਿ ਐਮ.ਐਸ.ਪੀ. ਖ਼ਤਮ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨ ਰਾਤੋਂ ਰਾਤ ਨਹੀਂ ਲਿਆਂਦੇ ਗਏ, ਇਨ੍ਹਾਂ 'ਤੇ 20-22 ਸਾਲ 'ਚ ਹਰ ਸਰਕਾਰ ਨੇ ਵਿਆਪਕ ਚਰਚਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੁਧਾਰ 25-30 ਸਾਲ ਪਹਿਲਾ ਹੀ ਹੋਣੇ ਚਾਹੀਦੇ ਸਨ। ਉਹ ਹੁਣ ਹੋ ਰਹੇ ਹਨ। ਮੋਦੀ ਨੇ ਕਿਹਾ ਕੇ ਜੇ ਐਮ.ਐਸ.ਪੀ. ਖ਼ਤਮ ਕਰਨਾ ਹੁੰਦਾ ਤਾਂ ਸਵਾਮੀਨਾਥਨ ਕਮੇਟੀ ਰਿਪੋਰਟ ਲਾਗੂ ਕਿਉਂ ਕਰਦੇ।
ਇਸ ਦੌਰਾਨ ਪੀਐਮ ਮੋਦੀ ਨੇ ਕਿਹਾ, ‘ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਪਿਛਲੇ ਸਮੇਂ ਗੜੇਮਾਰੀ, ਕੁਦਰਤੀ ਆਫ਼ਤ ਕਾਰਨ ਪ੍ਰੇਸ਼ਾਨੀ ਹੋਈ। ਅੱਜ ਮੱਧ ਪ੍ਰਦੇਸ਼ ਵਿੱਚ ਇਸ ਪ੍ਰੋਗਰਾਮ ਦੌਰਾਨ 35 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 1600 ਕਰੋੜ ਰੁਪਏ ਭੇਜੇ ਜਾ ਰਹੇ ਹਨ। ਕੋਈ ਵਿਚੋਲਾ ਨਹੀਂ, ਕੋਈ ਦਲਾਲ ਨਹੀਂ।"