ਅਸ਼ੋਕ ਵਰਮਾ
ਨਵੀਂ ਦਿੱਲੀ, 18 ਦਸੰਬਰ 2020 - ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਸਿੰਘੂ ਬਾਰਡਰ ਤੇ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਹਰਿੰਦਰ ਕੌਰ ਨੇ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਨੂੰ ਰਫਤਾਰ ਦੇਣ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਆਖਿਆ ਕਿ ਸਾਂਤਮਈ ਅੰਦੋਲਨ ਕਰਨਾ ਕਿਸਾਨਾਂ ਮਜਦੂਰਾਂ ਦਾ ਮੁਢਲਾ ਅਤੇ ਸੰਵਿਧਾਨਕ ਹੱਕ ਹੈ ਪਰ ਸਰਕਾਰ ਸੰਘਰਸ਼ ਨੂੰ ਬਦਨਾਮ ਕਰਨ ਅਤੇ ਲੀਹ ਤੋਂ ਲਾਹੁਣ ਲਈ ਹਰ ਹਰਬਾ ਵਰਤ ਰਹੀ ਹੈ। ਉਹਨਾਂ ਆਖਿਆ ਕਿ ਜਰੂਰੀ ਵਸਤਾਂ ਦੇ ਕਾਨੂੰਨ 2020 ਲਾਗੂ ਹੋਣ ਉਪਰੰਤ ਪੂੰਜੀਪਤੀਆਂ ਨੂੰ ਮਨਮਰਜੀ ਨਾਲ ਖੇਤੀ ਵਸਤੂਆਂ ਦੇ ਭੰਡਾਰਨ ਦਾ ਅਧਿਕਾਰ ਮਿਲੇਗਾ ਤੇ ਬਾਅਦ ’ਚ ਇਹਨਾਂ ਦੀ ਨਕਲੀ ਘਾਟ ਪੈਦਾ ਕਰਕੇ ਮਨਮਾਨੇ ਭਾਅ ਤੇ ਆਮ ਖਪਤਕਾਰਾਂ ਨੂੰ ਵੇਚੀਆਂ ਜਾਣਗੀਆਂ।
ਕਿਸਾਨ ਮਜ਼ ਦੂਰ ਸੰਘਰਸ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਸਾਂਝੀ ਕਮੇਟੀ ਬਨਾਉਣ ਨਾਲ ਖੇ।ਤੀ ਕਾਨੂੰਨ ਰੱਦ ਨਹੀਂ ਹੋ ਸਕਣਗੇੇ। ਉਹਨਾਂ ਆਖਿਆ ਕਿ ਇਹਨਾਂ ਕਾਨੂੰਨਾਂ ਖਿਲਾਫ ਚੱਲ ਰਹੀ ਲੜਾਈ ਨੂੰ ਸਭ ਵਰਗਾਂ ਦੇ ਸਾਂਝੇ ਸੰਘਰਸ਼ ਵਜੋਂ ਉੱਭਰਨਾ ਚਾਹੀਦਾ ਹੈ ਤਾਂ ਜੋ ਤਿੰਨ ਖੇਤੀ ਕਾਨੂੰਨ ਰੱਦ ਕਰਵਾ ਕੇ ਇਹਨਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਉਹਨਾਂ ਦੱਸਿਆ ਕਿ ਪੰਜਾਬ ਤੋਂ ਗੁਰਦਾਸਪੁਰ ਦਾ ਜੱਥਾ 25 ਦਸੰਬਰ ਨੂੰ ਰਵਾਨਾ ਹੋਵੇਗਾ ਜਦੋਂਕਿ 20 ਦਸੰਬਰ ਨੂੰ ਪਿੰਡਾਂ ਦੇ ਗੁਰਦੁਆਰਿਆਂ ’ਚ ਇਸ ਘੋਲ ਦੇ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਕੀਤੀ ਜਾਏਗੀ।
ਉਹਨਾਂ ਦੱਸਿਆ ਕਿ ਇਸ ਦੇੇ ਨਾਲ ਹੀ ਸ਼ਰਧਾਂਜਲੀ ਦੇ ਤੌਰ ਤੇ ਸੰਘਰਸ਼ੀ ਲੋਕਾਂ ਵੱਲੋਂ ਝੰਡਾ ਮਾਰਚ ਤੇ ਮੋਮਬੱਤੀ ਮਾਰਚ ਕੀਤੇ ਜਾਣਗੇ। ਉਹਨਾਂ ਮੱਧ ਪ੍ਰਦੇਸ ਦੇ ਕਿਸਾਨਾਂ ਨੂੰ ਰੋਕਣ ਅਤੇ ਨੋਇਡਾ ’ਚ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਅੰਬਾਨੀ-ਅਡਾਨੀ ਦੇ ਉਤਪਾਦਾਂ ਦਾ ਬਾਈਕਾਟ ਹੋਰ ਤੇਜ ਕਰਨ ਲਈ ਵੀ ਕਿਹਾ । ਮੋਰਚੇ ਨੂੰ ਇੰਦਰਜੀਤ ਸਿੰਘ ਕੱਲੀਵਾਲਾ, ਸਾਹਿਬ ਸਿੰਘ , ਰਣਬੀਰ ਸਿੰਘ ,ਰਣਜੀਤ ਸਿੰਘ,ਬਲਜਿੰਦਰ ਤਲਵੰਡੀ ,ਸੁਰਿੰਦਰ ਸਿੰਘ ,ਧਰਮ ਸਿੰਘ, ਨਰਿੰਦਰਪਾਲ ਸਿੰਘ,ਖਿਲਾਰਾ ਸਿੰਘ, ਗੁਰਨਾਮ ਸਿੰਘ,ਗੁਰਮੇਲ ਸਿੰਘ, ਗੁਰਬਖਸ਼ ਸਿੰਘ, ਬਲਵਿੰਦਰ ਸਿੰਘ, ਗੁਰਦੇਵ ਸਿੰਘ, ਹਰਬੰਸ ਸਿੰਘ ,ਫੁੰਮਣ ਸਿੰਘ, ਬਲਰਾਜ ਸਿੰਘ ਅਤੇ ਲਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।