ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 18 ਦਸੰਬਰ 2020 - ਪਿਛਲੇ ਕਰੀਬ 23 ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਬੈਠੇ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਜਿੱਥੇ ਭਾਰੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਇਹਨਾਂ ਕਿਸਾਨਾਂ ਨੂੰ ਕਈ ਤਰਾਂ ਦੀਆਂ ਤਕਲੀਫ਼ਾਂ ਅਤੇ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ। ਪਰ ਇਸ ਦੇ ਬਾਵਜੂਦ ਵੀ ਉਥੇ ਬੈਠੇ ਕਿਸਾਨਾਂ, ਔਰਤਾਂ, ਬਜੁਰਗਾਂ ਅਤੇ ਬੱਚਿਆਂ ਦੇ ਹੌਸਲੇ ਬੁਲੰਦ ਹਨ। ਭਾਵੇਂ ਇਹ ਬਹੁਤ ਵੱਡੀ ਗੱਲ ਹੈ ਕਿ ਆਪਣੇ ਹੱਕਾਂ ਖਾਤਰ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਬਹੁਤ ਵੱਡੀ ਮਦਦ ਹਰ ਪਾਸੇ ਤੋਂ ਮਿਲ ਰਹੀ ਹੈ। ਉਹਨਾਂ ਨੂੰ ਖਾਣ ਪੀਣ ਲਈ ਤੇ ਹੋਰ ਲੋੜੀਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪਰ ਇਸ ਦੇ ਬਾਵਜੂਦ ਕੁਝ ਕੁ ਘਾਟਾਂ ਉਥੇ ਬੈਠੇ ਕਿਸਾਨਾਂ ਨੂੰ ਅਜੇ ਰੜਕ ਰਹੀਆਂ ਹਨ। ਪਹਿਲੇ ਦਿਨ ਤੋਂ ਹੀ ਇਸ ਸੰਘਰਸ਼ ਨਾਲ ਜੁੜੇ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਨ ਸਿੰਘ ਵਾਲਾ ਦੇ ਨੌਜਵਾਨ ਕਿਸਾਨ ਗੁਰਵੰਤ ਸਿੰਘ ਭੁੱਲਰ ਨੇ ਅੱਜ ਗੱਲਬਾਤ ਕਰਦਿਆਂ ਦੱਸਿਆ ਕਿ ਲੋਕਾਂ ਵੱਲੋਂ ਬਹੁਤ ਵੱਡਾ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਪਰ ਇਸ ਦੇ ਬਾਵਜੂਦ ਕੁਝ ਕੁ ਸਮੱਸਿਆਵਾਂ ਅਜੇ ਆ ਰਹੀਆਂ ਹਨ। ਉਹਨਾਂ ਕਿਹਾ ਕਿ ਗਰਮ ਪਾਣੀ ਦੀ ਕਾਫ਼ੀ ਲੋੜ ਹੈ ਕਿਉਕਿ ਠੰਡ ਕਾਰਨ ਪਾਣੀ ਬਹੁਤ ਠੰਡਾ ਹੋ ਜਾਂਦਾ ਹੈ। ਜਿਸ ਕਰਕੇ ਦੇਸੀ ਗੀਜਰ ਮੁਹੱਈਆ ਕਰਵਾਏ ਜਾਣ ਦੀ ਲੋੜ ਹੈ। ਲੰਗਰ ਬਣਾਉਣ ਲਈ ਸੁੱਕੀਆਂ ਲੱਕੜਾਂ ਦੀ ਵੀ ਕੁਝ ਥਾਵਾਂ ’ਤੇ ਲੋੜ ਹੈ। ਕਿਉਕਿ ਜਦ ਬਾਰਿਸ਼ ਆ ਜਾਂਦੀ ਹੈ ਜਾਂ ਜਿਆਦਾ ਧੰੁਦ-ਤਰੇਲ ਆ ਜਾਂਦੀ ਹੈ ਤਾਂ ਗਿੱਲੀਆਂ ਲੱਕੜਾਂ ਨਾਲ ਅੱਗ ਨਹੀ ਮੱਚਦੀ। ਕਿਸਾਨ ਖੁੱਲੇ ਅਸਮਾਨ ਹੇਠਾਂ ਹੀ ਲੰਗਰ ਤਿਆਰ ਕਰਦੇ ਹਨ। ਦੁੱਧ ਦੀ ਘਾਟ ਕੁਝ ਥਾਵਾਂ ’ਤੇ ਮਹਿਸੂਸ ਹੋ ਰਹੀ ਹੈ।
ਉਹਨਾਂ ਕਿਹਾ ਕਿ ਇਕ ਹੋਰ ਵੱਡੀ ਗੱਲ ਜੋ ਵੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਦਾਨੀ ਸੱਜਣ ਉਥੇ ਸਮਾਨ ਵੰਡਣ ਜਾਂਦੇ ਹਨ, ਉਹ ਸਟੇਜ ਵਾਲੇ ਪਾਸਿਓ ਹੀ ਸ਼ੁਰੂ ਕਰ ਲੈਦੇ ਹਨ ਤੇ ਕਈ ਵਾਰ ਪਿੱਛੇ ਬੈਠੇ ਕਿਸਾਨ ਸਮਾਨ ਤੋਂ ਵਾਂਝੇ ਰਹਿ ਜਾਂਦੇ ਹਨ। ਟਿੱਕਰੀ ਬਾਰਡਰ, ਸਿੰਘੂ ਬਾਰਡਰ, ਕੁੰਡਲੀ ਬਾਰਡਰ ਅਤੇ ਹੋਰਨਾਂ ਥਾਵਾਂ ’ਤੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਨੂੰ ਲੋੜ ਮੁਤਾਬਿਕ ਇਕੋ ਜਿਹਾ ਸਮਾਨ ਮੁਹੱਈਆ ਕਰਵਾਉਣ ਦੀ ਕੋਈ ਵਿਉਂਤਬੰਦੀ ਬਣਾਈ ਜਾਵੇ। ਇਸ ਵੇਲੇ ਕੜਾਕੇ ਦੀ ਠੰਡ ਨੇ ਪੂਰਾ ਜੋਰ ਫੜਿਆ ਹੋਇਆ ਹੈ। ਸੰਘਰਸ਼ ਵੀ ਹੋਰ ਲੰਮਾ ਹੁੰਦਾ ਜਾ ਰਿਹਾ ਹੈ।
ਨਿੱਤ-ਰੋਜ ਕਿਸਾਨਾਂ ਦੀ ਮੌਤ ਹੋ ਰਹੀ ਹੈ ਤੇ ਮਰਨ ਵਾਲਿਆਂ ਵਿਚ ਜਿਆਦਾ ਨੌਜਵਾਨ ਵਰਗ ਹੀ ਹੈ। ਠੰਡ ਨਾਲ ਹਾਰਟ ਅਟੈਕ ਵੀ ਹੋ ਰਹੇ ਹਨ। ਖਰਾਬ ਮੌਸਮ ਕਾਰਨ ਸੜਕੀ ਹਾਦਸੇ ਵਾਪਰ ਰਹੇ ਹਨ। ਉਂਝ ਭਾਵੇਂ ਦਵਾਈਆਂ ਦੀ ਸਹੂਲਤ ਇੱਥੇ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਫਿਰ ਵੀ ਬਹੁਤ ਸਾਰੇ ਬਜੁਰਗਾਂ ਅਤੇ ਹੋਰਨਾਂ ਲੋਕਾਂ ਨੂੰ ਦਵਾਈਆਂ ਦੀ ਵੀ ਲੋੜ ਹੈ। ਪਰ ਇਸ ਦੇ ਬਾਵਜੂਦ ਵੀ ਆਪਣੀਆਂ ਜਮੀਨਾਂ ਬਚਾਉਣ ਲਈ ਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਲਈ ਡਟੇ ਬੈਠੇ ਹਨ।
ਸਰਕਾਰ ਨੂੰ ਆਪਣੀ ਅੜੀ ਛੱਡ ਦੇਣੀ ਚਾਹੀਦੀ ਹੈ ਤੇ ਦੇਸ਼ ਦੇ ਅੰਨਦਾਤਾ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ ਤਾਂ ਕਿ ਉਹ ਅਜਿਹੇ ਠੰਡ ਦੇ ਮੌਸਮ ਵਿਚ ਦਿਨ-ਰਾਤ
ਸੜਕਾਂ ’ਤੇ ਰੁੱਲਣ ਲਈ ਮਜਬੂਰ ਨਾ ਹੋਣ।