ਰਾਜਵੰਤ ਸਿੰਘ
- ਔਰਤਾਂ ਦਾ ਜਜਬਾ ਕਹਿ ਰਿਹੈ.. ਕਿਸੇ ਹੋਰ ਮਾਂ ਦਾ ਪੁੱਤ ਜਾਂ ਕਿਸੇ ਹੋਰ ਔਰਤ ਦਾ ਪਤੀ ਸਰਕਾਰਾਂ ਦੇ ਕਾਲੇ ਕਾਨੂੰਨਾਂ ਦੇ ਕਾਰਨ ਖੁਦਕੁਸ਼ੀਆਂ ਨਾ ਕਰੇ
ਸ੍ਰੀ ਮੁਕਤਸਰ ਸਾਹਿਬ, 19 ਦਸੰਬਰ 2020-ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਜਿੱਥੇ ਬਾਕੀ ਸਾਰੇ ਵਰਗਾਂ ਦੇ ਲੋਕ ਕਿਸਾਨਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਲਾਉਣ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਪਰ ਡਟੇ ਹੋਏ ਹਨ, ਉਥੇ ਹੀ ਉਹ ਔਰਤਾਂ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਦਿੱਲੀ ਪਹੁੰਚ ਗਈਆਂ ਹਨ, ਜੋ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਆਪਣੇ ਪੁੱਤਰ ਜਾਂ ਪਤੀ ਗੁਵਾ ਚੁੱਕੀਆਂ ਹਨ। ਪੰਜਾਬ ਅੰਦਰ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਆਪਣੇ ਸਿਰ ਚੜ੍ਹੇ ਹੋਏ ਕਰਜਿਆਂ ਦੇ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਹਨ। ਬੜੀ ਤ੍ਰਾਸਦੀ ਹੈ ਕਿ ਪੋਹ ਦੇ ਮਹੀਨੇ ਪਾਲੇ ਵਿੱਚ ਇਹ ਔਰਤਾਂ ਤੇ ਬੱਚੇ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੀਆਂ ਫੋਟੋਆਂ ਆਪਣੇ ਹੱਥਾਂ ਵਿੱਚ ਲਈ ਬੈਠੇ ਹਨ ਤੇ ਦਿਲਾਂ ਅੰਦਰ ਇਹੋ ਹੀ ਭਾਵਨਾ ਹੈ ਕਿ ਉਹ ਇਹ ਲੜਾਈ ਜੋ ਕੇਂਦਰ ਸਰਕਾਰ ਦੇ ਨਾਲ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜੀ ਜਾ ਰਹੀ ਹੈ, ਨੂੰ ਜਿੱਤ ਕੇ ਹੀ ਵਾਪਸ ਪਰਤਣਗੇ, ਜੋ ਇੱਕ ਬੜਾ ਵੱਡਾ ਜਜਬਾ ਹੈ।
ਇਹਨਾਂ ਔਰਤਾਂ ਦਾ ਇਹ ਸਪੱਸ਼ਟ ਕਹਿਣਾ ਹੈ ਕਿ ਉਹਨਾਂ ਨੇ ਆਪਣਿਆਂ ਨੂੰ ਤਾਂ ਗਵਾ ਲਿਆ ਹੈ, ਪਰ ਕਿਸੇ ਹੋਰ ਮਾਂ ਦਾ ਪੁੱਤ ਜਾਂ ਕਿਸੇ ਹੋਰ ਔਰਤ ਦਾ ਪਤੀ ਸਰਕਾਰਾਂ ਦੇ ਕਾਲੇ ਕਾਨੂੰਨਾਂ ਦੇ ਕਾਰਨ ਖੁਦਕੁਸ਼ੀਆਂ ਨਾ ਕਰੇ, ਬਸ ਇਸੇ ਗੱਲ ਨੂੰ ਲੈ ਕੇ ਉਹ ਇਥੇ ਡਟੀਆਂ ਖੜੀਆਂ ਹਨ। ਸਰਕਾਰ ਦੀ ਕਿਸੇ ਘੁਰਕੀ ਤੋਂ ਉਹ ਭੋਰਾ ਵੀ ਨਹੀਂ ਡਰਦੀਆਂ ਤੇ ਹੌਸਲੇ ਬੁਲੰਦ ਹਨ। ਬੱਚਿਆਂ ਦੇ ਚਿਹਰਿਆਂ ਤੇ ਵੀ ਡਰ ਕਿਧਰੇ ਨਹੀਂ ਝਲਕ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪੂਰਨ ਸਿੰਘ ਦੋਦਾ, ਗੁਰਾਦਿੱਤਾ ਸਿੰਘ ਭਾਗਸਰ, ਗੁਰਭਗਤ ਸਿੰਘ ਭਲਾਈਆਣਾ, ਕਾਮਰੇਡ ਜਗਦੇਵ ਸਿੰਘ ਆਦਿ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਦਾ ਬੱਚਾ- ਬੱਚਾ ਹੁਣ ਜਾਗਰੂਕ ਹੋ ਗਿਆ ਹੈ ਤੇ ਆਪਣੇ ਹੱਕਾਂ ਲਈ ਲੋਕ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ। ਕਿਸਾਨ ਹੁਣ ਪਿੱਛੇ ਮੁੜਣ ਵਾਲੇ ਨਹੀਂ। ਮੋਦੀ ਸਰਕਾਰ ਕਿਸਾਨਾਂ ਦਾ ਜਜਬਾ ਸਮਝੇ ਤੇ ਖੇਤੀ ਵਿਰੋਧੀ ਬਿੱਲਾਂ ਨੂੰ ਰੱਦ ਕਰੇ ।