ਅਸ਼ੋਕ ਵਰਮਾ
ਬਰਨਾਲਾ, 19 ਦਸੰਬਰ 2020 - ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ 80 ਵੇਂ ਦਿਨ ਹੱਡ ਚੀਰਵੀਂ ਠੰਡ ਦੇ ਬਾਵਜੂਦ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਦੀ ਆਮਦ ਜਾਰੀ ਰਹੀ। ਵੱਡੀ ਗਿਣਤੀ ਵਿੱਚ ਪ੍ਰੀਵਾਰ ਖਾਸ ਕਰ ਔਰਤ ਕਿਸਾਨ ਕਾਫਲੇ ਦੋ ਦੋ ਤਿੰਨ ਤਿੰਨ ਪੀੜੀਆਂ ਸਮੇਤ ਸ਼ਾਮਿਲ ਹੋਕੇ ਨਵੀਂ ਪਿਰਤਾਂ ਸਿਰਜ ਰਹੇ ਹਨ।
ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਕਰਨੈਲ ਸਿੰਘ ਗਾਂਧੀ , ਹਰਚਰਨ ਸਿੰਘ ਚਹਿਲ,ਗੁਰਮੇਲ ਸ਼ਰਮਾ, ਸਿਕੰਦਰ ਸਿੰਘ, ਨਿਰਭੈ ਸਿੰਘ , ਗੁਰਚਰਨ ਸਿੰਘ ਸਰਪੰਚ , ਬਾਰਾ ਸਿੰਘ ਬਦਰਾ ਆਦਿ ਨੇ ਕਿਹਾ ਕਿ ਜਦ ਤੋਂ ਮੋਦੀ ਸਰਕਾਰ ਨੇ ਇਹ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਲਾਗੂ ਕੀਤੇ ਹਨ, ਕਿਸਾਨ ਜਥੇਬੰਦੀਆਂ ਦੇ ਸਾਂਝੇ ਪਾੜਾਅਵਾਰ ਸੰਘਰਸ਼ ਤੋਂ ਬਾਅਦ ਹੁਣ 26 ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਉਂ ਘੇਰਿਆ ਹੋਇਆ ਹੈ। ਖਰਾਬ ਮੌਸਮ, ਹੱਡ ਚੀਰਵੀਂ ਠੰਡ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ।
ਉਹਨਾਂ ਕਿਹਾ ਕਿ ਕਿਸਾਨ ਕਾਫਲਿਆਂ ਨੂੰ ਮੁਲਕ ਦੇ ਵੱਖ ਵੱਖ ਹਿੱਸਿਆਂ/ਰਾਜਾਂ ਤੋਂ ਕਿਸਾਨਾਂ ਦੀ ਜੋਰਦਾਰ ਹਮਾਇਤ ਮਿਲ ਰਹੀ ਹੈ ੳਤੇ ਕਾਫਲੇ ਲਗਾਤਾਰ ਸ਼ਾਮਿਲ ਹੋ ਰਹੇ ਹਨ। ਦਿੱਲੀ ਦੇ ਸਾਰੇ ਰਸਤਿਆਂ ਦੀ ਜਾਮ ਹੋਣ ਵਾਲੀ ਹਾਲਤ ਬਨਣ ਲਈ ਕਿਸਾਨ ਨਹੀਂ ਸਗੋਂ ਮੋਦੀ ਹਕੂਮਤ ਜਿੰਮੇਵਾਰ ਹੈ। ਘਟੀਆਂ ਪ੍ਰਬੰਧਾਂ ਕਾਰਨ ਅਗਰ ਕੋਈ ਵੱਡੀ ਤਰਾਸਦੀ ਵੀ ਵਾਪਰਦੀ ਹੈ ,ਉਸ ਲਈ ਜਿੰਮੇਵਾਰ ਮੋਦੀ ਸਰਕਾਰ ਹੋਵੇਗੀ। ਜਿਸ ਕਰਕੇ ਆਪੂ ਖੜੀਆਂ ਕੀਤੀਆਂ ਅਖੌਤੀ ਕਿਸਾਨ ਜਥੇਬੰਦੀਆਂ ਨਾਲ ਵਰਚੂਅਲ ਮੀਟਿੰਗਾਂ ਕਰਨ ਦਾ ਸਮਾਂ ਤਾਂ ਹੈ ਪਰ ਲੱਖਾਂ ਦੀ ਤਾਦਾਦ ’ਚ ਦਿੱਲੀ ਨੂੰ ਚਾਰੇ ਪਾਸਿਉਂ ਘੇਰਾ ਪਾਈ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਸਮਾਂ ਨਹੀਂ ਹੈ। ਆਗੂਆਂ ਕਿਹਾ ਕਿ ਅਸਲ ਵਿੱਚ ਮੋਦੀ ਹਕੂਮਤ ਹੁਣ ਛਲ ਦੀ ਨੀਤੀ ਉੱਤੇ ਉੱਤਰ ਆਈ ਹੈ। ਪਹਿਲਾਂ ਬਲ ਦੀ ਨੀਤੀ ਅਪਣਾ ਕੇ ਹਰਿਆਣਾ ਦੀਆਂ ਸਰਹੱਦਾਂ ਦੀ ਬੈਰੀਕੇੇਡਿੰਗ ਕੀਤੀ, ਪਾਣੀ ਦੀਆਂ ਬੇਛਾੜਾਂ, ਅੱਥਰੂ ਗੈਸ ਦੇ ਗੋਲੇ ਬਹਾਏ।
ਉਹਨਾਂ ਕਿਹਾ ਕਿ ਇਹ ਸਾਰੀਆਂ ਟਰੋਕਾਂ ਤੋੜਕੇ ਜਦ ਕਿਸਾਨ ਕਾਫਲੇ ਦਿੱਲੀ ਦੀਆਂ ਬਰੂਹਾਂ ਉੱਪਰ ਆ ਬੈਠੇ ਹਨ ਤਾਂ ਹੁਣ ਛਲਕਪਟ ਦੀ ਨੀਤੀ ਅਪਣਾ ਰਹੀ ਹੈ। ਇਸ ਨੂੰ ਵੀ ਸਾਂਝੇ ਲੋਕ ਤਾਕਤ ਦੇ ਆਸਰੇ ਪਛਾੜਿਆ ਜਾਵੇਗਾ। ਦਿੱਲੀ ਦੀਆਂ ਸਰਹੱਦਾਂ ਤੇ ਬੈਠਾ ਕਿਸਾਨ ਰੋਹ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਇਹ ਤਿੰਨੋਂ ਬਿਲ ਵਾਪਸ ਲੈਣ ਲਈ ਮਜਬੂਰ ਕਰੇਗਾ। ਬੁਲਾਰਿਆਂ ਨੇ ਕਿਹਾ ਕਿ ਹੁਣ ਤੱਕ 40 ਦੇ ਕਰੀਬ ਕਿਸਾਨ ਮਰਦ ਔਰਤਾਂ ਸ਼ਹਾਦਤ ਦਾ ਜਾਮ ਪੀ ਚੁੱਕੇ ਹਨ। 20 ਦਸੰਬਰ ਨੂੰ ਸਾਂਝੇ ਕਿਸਾਨੀ ਘੋਲ ਦੇ ਇਨਾਂ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਪੰਜ ਸ਼ਹੀਦੀ ਸਮਾਗਮਾਂ (ਰੇਲਵੇ ਸਟੇਸ਼ਨ, ਵੀਆਰਸੀ ਮਾਲ, ਅਧਾਰ ਮਾਰਕੀਟ, ਟੋਲ ਪਲਾਜਾ ਮਹਿਲਕਲਾਂ ਅਤੇ ਭਦੌੜ) ਵਿੱਚ ਵੱਡੇ ਇਕੱਠ ਕੀਤੇ ਜਾ ਰਹੇ ਹਨ। ਜਿੱਥੇ ਸ਼ਹੀਦਾਂ ਦੇ ਅਧੂਰੇ ਕਾਜ ਨੂੰ ਅੱਗੇ ਤੋਰਨ/ਪੂਰੇ ਕਰਨ ਦਾ ਅਹਿਦ ਕੀਤਾ ਜਾਵੇਗਾ।
ਇਹਨਾਂ ਸ਼ਰਧਾਂਜਲੀ ਸਮਾਗਮਾਂ ਵਿੱਚ ਸਮੂਹ ਇਨਕਲਾਬੀ, ਜਮਹੂਰੀ, ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਮੇਜਰ ਸਿੰਘ ਸੰਘੇੜਾ, ਗੁਰਮੇਲ ਸਿੰਘ ਠੁੱਲੀਵਾਲ, ਅਮਰਜੀਤ ਸਿੰਘ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਜਸਪਾਲ ਕੌਰ, ਪਰਮਜੀਤ ਕੌਰ ਠੀਕਰੀਵਾਲ, ਨਛੱਤਰ ਸਿੰਘ ਆਦਿ ਬੁਲਾਰਿਆਂ ਨੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਲਈ ਪੜਾਅਵਾਰ ਅੱਗੇ ਵਧ ਰਹੇ ਵਡੇਰੇ ਲੋਕ ਹਿੱਤਾਂ ਵਾਲੇ ਸਾਂਝੇ ਕਿਸਾਨ ਸੰਘਰਸ਼ ਵਿੱਚ ਹੋਰ ਵੱਧ ਮਜਬੂਤੀ ਨਾਲ ਅੱਗੇ ਆਉਣ ਲਈ ਵੀ ਆਖਿਆ।