ਅਸ਼ੋਕ ਵਰਮਾ
ਨਵੀਂ ਦਿੱਲੀ,21ਦਸੰਬਰ2020: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ 22 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਕਿਸਾਨ ਮੋਰਚੇ ’ਚ ਮਨਾਉਣ ਦਾ ਫੈਸਲਾ ਕੀਤਾ ਹੈ। ਸ਼ਹੀਦੀ ਦਿਹਾੜਾ 22 ਦਸੰਬਰ ਨੂੰ ਹੈ ਜਿਸ ਦਿਨ ਲੱਖਾਂ ਕਿਸਾਨ ਇਸ ਲਾਸਾਨੀ ਸ਼ਹਾਦਤ ਤੋਂ ਪ੍ਰੇਰਣਾ ਲੈਕੇ ਉਹਨਾਂ ਦੇ ਮਾਰਗ ਤੇ ਚੱਲਣ ਦਾ ਅਹਿਦ ਲੈਣਗੇ। ਜੱਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੁੰਡਲੀ-ਸਿੰਘੂ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ 22 ਦਸੰਬਰ ਨੂੰ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਹਨਾਂ ਨੇ ਦੇਸ਼ ਧਰਮ ਅਤੇ ਕੌਮ ਦੀ ਰਾਖੀ ਲਈ ਛੋਟੀ ਉਮਰ ’ਚ ਕੁਰਬਾਨੀ ਕਰਕੇ ਇਤਿਹਾਸ ਦਾ ਇੱਕ ਨਵਾਂ ਤੇ ਨਿਵੇਕਲਾ ਅਧਿਆਏ ਰਚਿਆ ਹੈ। ਉਹਨਾਂ ਆਖਿਆ ਇਸ ਮੌਕੇ ਲੱਖਾਂ ਕਿਸਾਨਾਂ ਵੱਲੋਂ ਵੱਡੇ ਸਾਹਿਬਜਾਦਿਆਂ ਨੂੰ ਸਿਜਦਾ ਕੀਤਾ ਜਾਏਗਾ। ਉਹਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀ ਨੀਅਤ ਅਤੇ ਨੀਤੀ ਦੋਵੇਂ ਕਿਸਾਨ ਮਜ਼ਦੂਰ ਵਿਰੋਧੀ ਹਨ।
ਮੋਦੀ ਸਰਕਾਰ ਨਾ ਤਾਂ ਖੇਤੀ ਕਾਨੂੰਨ ਵਾਪਸ ਲੈਣ ਲਈ ਤਿਆਰ ਹੈ ਤੇ ਨਾ ਹੀ ਗੱਲਬਾਤ ਕੋਈ ਸੰਜੀਦਗੀ ਹੈ। ਉਹਨਾਂ ਆਖਿਆ ਕਿਂ ਕਿਸਾਨਾਂ ਤੇ ਚੌਤਰਫਾ ਤੋਂ ਕਿਸਾਨਾਂ ਤੇ ਸ਼ਬਦੀ ਹਮਲੇ ਅਤੇ ਹਰ ਤਰਾਂ ਦੇ ਹੱਥਕੰਡੇ ਵਰਤ ਕੇ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਧਰਨੇ ਵਿੱਚ ਭਾਜਪਾ ਦੇ ਝੰਡੇ ਲੈ ਕੇ ਕੁਝ ਵਿਅਕਤੀ ਸਮੈਕ ਵੇਚਦੇ ਦੇਖੇ ਗਏ ਹਨ ਜਿਹਨਾਂ ਨੇ ਕਿਸਾਨਾਂ ਨੂੰ ਹਨੀ ਟਰੈਪ ’ਚ ਉਲਝਾਉਣ ਦੇ ਯਤਨ ਵੀ ਕੀਤੇ ਹਨ। ਉਹਨਾਂ ਦੱਸਿਆ ਕਿ ਸਰਕਾਰ ਸ਼ਰਾਰਤੀ ਲੋਕ ਭੇਜ ਕੇ ਮੋਰਚੇ ਨੂੰ ਬਦਨਾਮ ਕਰਨ ਦੇ ਯਤਨਾਂ ’ਚ ਹੈ ਪਰ ਪੂਰੀ ਚੌਕਸੀ ਨਾਲ ਹਕੂਮਤ ਦਾ ਹਰ ਹੱਲਾ ਪਛਾੜਿਆ ਜਾਏਗਾ। ਉਹਨਾਂ ਦੱਸਿਆ ਕਿ ਮੋਦੀ ਸਰਕਾਰ ਦੀ ਨੀਅਤ ਤੋਂ ਜਾਪਦਾ ਹੈ ਕਿ ਮੋਰਚਾ ਲੰਮਾ ਚੱਲੇਗਾ ਜਿਸ ਲਈ ਸਾਰੇ ਤਿਆਰ ਹਨ ਅਤੇ ਖੇਤੀ ਕਾਨੂੰਨ ਰੱਦ ਕਰਨ ਤੱਕ ਸੰਘਰਸ਼ ਜਾਰੀ ਰੱਖਿਆ ਜਾਏਗਾ। ਉਹਨਾਂ ਦੱਸਿਆ ਕਿਪੰਜਾਬ ਦੇ 11 ਜਿਲਿਆਂ ਦੇਹਜਾਰਾਂ ਪਿੰਡਾਂ ਵਿਚ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ।ਇਸ ਮੌਕੇ ਸਲਵਿੰਦਰ ਸਿੰਘ ਜਾਣੀਆ ,ਗੁਰਮੇਲ ਸਿੰਘ ਰੇੜਵਾਂ, ਜਰਨੈਲ ਸਿੰਘ, ਸਵਰਨ ਸਿੰਘ ,ਨਿਰਮਲ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ, ਮੇਜਰ ਸਿੰਘ, ਰਸ਼ਪਾਲ ਸਿੰਘ, ਸੁਖਵਿੰਦਰ ਸਿੰਘ ਅਤੇ ਬਲਿਹਾਰ ਸਿੰਘ ਨੇ ਵੀ ਸੰਬੋਧਨ ਕੀਤਾ।